ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਮਰ ਅਬਦੁੱਲਾ ਕਹਿਣਾ ਹੈ ਕਿ ਕਸ਼ਮੀਰ ਦਾ ਜੋ ਵੀ ਵਿਕਾਸ ਨਜ਼ਰ ਆ ਰਿਹਾ ਹੈ ਉਹ ਸਭ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਇਆ ਹੈ। ਮੋਦੀ ਸਰਕਾਰ ਨੇ ਕਸ਼ਮੀਰ ‘ਚ ਕੋਈ ਵਿਕਾਸ ਨਹੀਂ ਕੀਤਾ। ਦਰਅਸਲ 234 ਦਿਨਾਂ ਤੱਕ ਨਜ਼ਰਬੰਦ ਰਹਿਣ ਤੋਂ ਬਾਅਦ ਉਮਰ ਅਬਦੁੱਲਾ ਨੇ ਪਹਿਲੀ ਇੰਟਰਵਿਊ ਦਿੱਤੀ ਹੈ।
ਇਸ ਦਰਮਿਆਨ ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣਤੋਂ ਬਾਅਦ ਪਾਕਿਸਤਾਨ, ਕਸ਼ਮੀਰ, ਵਿਕਾਸ, ਪੱਥਰਬਾਜ਼ੀ, ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਵਗਰੇ ਮੁੱਦਿਆਂ ’ਤੇ ਸਵਾਲਾਂ ਦੇ ਜਵਾਬ ਦਿੱਤੇ ਹਨ ।ਧਾਰਾ 370 ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਹੋਏ ਵਿਕਾਸ ਸਬੰਧੀ ਸਵਾਲ ਦਾ ਜਵਾਬ ਦਿੰਦਿਆ ਉਮਰ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ‘ਚ ਜੋ ਵੀ ਵਿਕਾਸ ਨਜ਼ਰ ਆ ਰਿਹਾ ਹੈ, ਉਹ ਸਭ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਹੋਇਆ ਵਿਕਾਸ ਹੈ। ਮੋਦੀ ਸਰਕਾਰ ਨੇ ਕਸ਼ਮੀਰ ਦਾ ਕੋਈ ਵਿਕਾਸ ਨਹੀਂ ਕੀਤਾ।
ਉਹਨਾਂ ਕਿਹਾ ਕਿ ਸਾਡਾ ਜੰਮੂ-ਕਸ਼ਮੀਰ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਨਾਲੋਂ ਜ਼ਿਆਦਾ ਵਿਕਸਿਤ ਹੈ। ਮਨੁੱਖੀ ਵਿਕਾਸ ਸੂਚਕ ਅੰਕ ਵਿਚ ਵੀ ਜੰਮੂ-ਕਸ਼ਮੀਰ ਗੁਜਰਾਤ ਤੋਂ ਉੱਪਰ ਹੈ। ਇਹ ਸਭ ਕੁਝ ਪਿਛਲੇ ਦੋ ਸਾਲਾਂ ਵਿਚ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਜੋ ਵੀ ਪ੍ਰਾਜੈਕਟ ਦਿਖਾਈ ਦੇ ਰਹੇ ਹਨ, ਉਹਨਾਂ ਵਿਚੋਂ ਜ਼ਿਆਦਾਤਰ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਹਨ।
ਉਮਰ ਅਬਦੁੱਲਾ ਨੇ ਕਿਹਾ ਕਿ ਚਾਹੇ ਕਿਸੇ ਤਰ੍ਹਾਂ ਕਸ਼ਮੀਰ ਵਿਚੋਂ ਧਾਰਾ 370 ਹਟਾ ਦਿੱਤੀ ਗਈ ਹੈ ਪਰ ਮੇਰਾ ਨਜ਼ਰੀਆ ਅਪਣੇ ਦੇਸ਼ ਲਈ ਪਹਿਲਾਂ ਦੀ ਤਰ੍ਹਾਂ ਹੈ। ਦੇਸ਼ ਪ੍ਰਤੀ ਮੇਰਾ ਨਜ਼ਰੀਆ ਨਹੀਂ ਬਦਲਿਆ, ਹਾਂ ਮੋਦੀ ਸਰਕਾਰ ਲਈ ਮੇਰਾ ਨਜ਼ਰੀਆ ਬਦਲ ਗਿਆ ਹੈ। ਮੈਨੂੰ 234 ਦਿਨਾਂ ਤੱਕ ਨਜ਼ਰਬੰਦ ਰੱਖਿਆ ਗਿਆ। ਮੈਨੂੰ ਦੇਸ਼ ਨੇ ਨਹੀਂ ਬਲਕਿ ਮੋਦੀ ਸਰਕਾਰ ਨੇ ਨਜ਼ਰਬੰਦ ਕਰਕੇ ਰੱਖਿਆ ਸੀ।
ਉਮਰ ਅਬਦੁੱਲਾ ਨੇ ਕਿਹਾ ਕਿ ਮੈਨੂੰ ਦੇਸ਼ ਦੀ ਨਿਆਂਪਾਲਿਕਾ ਉੱਤੇ ਪੂਰਾ ਭਰੋਸਾ ਹੈ। 370 ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਵਿਚ ਸੁਣਵਾਈ ਤੇਜ਼ੀ ਨਾਲ ਹੋਣੀ ਚਾਹੀਦੀ ਹੈ। ਇਹ ਸਹੀ ਹੈ ਕਿ ਦੇਸ਼ ਦੀਆਂ ਸੰਸਥਾਵਾਂ ’ਤੇ ਲੋਕਾਂ ਦਾ ਭਰੋਸਾ ਘੱਟ ਹੋਇਆ ਹੈ। ਉਹਨਾਂ ਕਿਹਾ ਕਿ ਮੈਂ ਪਾਕਿਸਤਾਨ ਦੀ ਨੁਮਾਇੰਦਗੀ ਨਹੀਂ ਕਰਦਾ। ਸ਼ਰਤਾਂ ਦੇ ਨਾਲ ਜੰਮੂ-ਕਸ਼ਮੀਰ ਭਾਰਤ ਦੇ ਨਾਲ ਗਿਆ ਪਰ ਦੇਸ਼ ਨੇ ਕਸ਼ਮੀਰੀਆਂ ਨੂੰ ਕਦੀ ਵੀ ਨਹੀਂ ਅਪਣਾਇਆ। ਕਸ਼ਮੀਰੀ ਲੋਕਾਂ ਨਾਲ ਕੀਤੇ ਵਾਅਦੇ ਭਾਰਤ ਨੇ ਤੋੜੇ ਹਨ।