ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ‘ਤੇ ਵੱਡਾ ਬਿਆਨ ਦਿੱਤਾ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਸਾਡੀ ਪਹਿਲੀ ਤਰਜੀਹ ਹੈ ਅਤੇ ਇਸ ਦੇ ਮੱਦੇਨਜ਼ਰ ਕਾਲੇ ਕਾਨੂੰਨ ਜੋ ਕਿਸਾਨਾਂ ਦੇ ਖ਼ਿਲਾਫ਼ ਬਣੇ ਉਹ ਮੂਲੋਂ ਰੱਦ ਕੀਤੇ ਜਾਣਗੇ।

ਸਿੱਧੂ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ‘ਚ ਖੇਤੀ ਕਾਨੂੰਨਾਂ ਦੀ ਸੋਧ ਨਹੀਂ ਸਗੋਂ ਮੁੱਢੋਂ ਰੱਦ ਕੀਤਾ ਜਾਵੇਗਾ ਤੇ ਇਹ ਸਾਡਾ ਹੱਕ ਹੈ।

ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲਿਖਤੀ ਤੇ ਮਿਲਣੀ ਦੌਰਾਨ ਵੀ ਇਸ ਮੁੱਦੇ ‘ਤੇ ਚਰਚਾ ਕੀਤੀ ਗਈ ਹੈ, ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਪੰਜਾਬ ਆਪਣੇ ਕਾਨੂੰਨ ਬਣਾਏਗਾ। ਸਿੱਧੂ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਪਿੱਠ ਥਾਪੜਦਿਆਂ ਹੱਲਾਸ਼ੇਰੀ ਵੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਬਣਨ ਤੋਂ ਬਾਅਦ ਅੱਜ ਨਵਜੋਤ ਸਿੱਧੂ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ ਸਨ।

ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਕੁਲਬੀਰ ਜ਼ੀਰਾ ਸਣੇ ਹੋਰ ਆਗੂ ਵੀ ਮੌਜੂਦ ਸਨ। ਸਿੱਧੂ ਨੇ ਸੰਖੇਪ ਗੱਲਬਾਤ ਦੌਰਾਨ ਆਖਿਆ ਕਿ ਮਦਨ ਲਾਲ ਜਲਾਲਪੁਰ ਦੀ ਇਲੈਕਸ਼ਨ ਨੂੰ ਉਹ ਆਪਣੀ ਚੋਣ ਸਮਝ ਕੇ ਲੜਨਗੇ। ਉਨ੍ਹਾਂ ਨੇ ਮਦਨ ਲਾਲ ਜਲਾਲਪੁਰ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਮੌਜੂਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਕੀਤੇ ਗਏ ਪੀਪੀਏ ਗ਼ਲਤ ਹਨ ਤੇ ਇਨ੍ਹਾਂ ਪੀਪੀਏ ‘ਤੇ ਦਸਤਖ਼ਤ ਕਰਨ ਵਾਲੇ ਬਾਬੂਆਂ ਖ਼ਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸ ਨਾਲ ਹੀ ਇਨ੍ਹਾਂ ਪੀਪੀਏ ਨੂੰ ਲੂਣ ਵਾਲੀ ਪਿਛਲੀ ਸਰਕਾਰ ਦੀ ਪਾਰਟੀ ਤੋਂ ਵੀ ਹਿਸਾਬ ਲਿਆ ਜਾਵੇਗਾ। ਰੰਧਾਵਾ ਨੇ ਕਿਹਾ ਕਿ ਹਮੇਸ਼ਾ ਹੀ ਗਾਜ ਸਿਆਸੀ ਆਗੂਆਂ ‘ਤੇ ਡਿੱਗਦੀ ਆ ਰਹੀ ਹੈ ਪਰ ਮਲਾਈ ਖਾਣ ਵਾਲੇ ਬਾਬੂ ਬਚ ਜਾਂਦੇ ਹਨ। ਇਸ ਲਈ ਹੁਣ ਜਲਦ ਹੀ ਮਲਾਈ ਖਾਣ ਵਾਲੇ ਇਨ੍ਹਾਂ ਬਾਬੂਆਂ ‘ਤੇ ਹੁਣ ਜਲਦ ਹੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

Spread the love