ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਤਿਹਾਸ ਰਚ ਦਿੱਤਾ ਹੈ।
41 ਸਾਲਾਂ ਬਾਅਦ ਭਾਰਤ ਨੇ ਹਾਕੀ ‘ਚ ਤਗਮਾ ਜਿੱਤਿਆ (Won Bronze Medal) ਹੈ।
ਇਸ ਮੈਚ ਵਿਚ ਭਾਰਤ ਨੇ ਜਰਮਨੀ ਤੋਂ ਪਛੜਨ ਦੇ ਬਾਵਜੂਦ 5- 4 ਨਾਲ ਹਰਾ ਦਿੱਤਾ। 1980 ਦੀ ਮਾਸਕੋ ਉਲੰਪਿਕ ਵਿਚ ਸੋਨ ਤਗਮੇ ਤੋਂ ਬਾਅਦ ਭਾਰਤ ਹਾਕੀ ਟੀਮ ਨੇ ਪਹਿਲੀ ਵਾਰ ਕੋਈ ਤਗਮਾ ਜਿੱਤਿਆ ਹੈ।
ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਮੈਡਲ ਜਿੱਤਿਆ। ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਤੇ 17ਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਦੇ ਸ਼ਾਨਦਾਰ ਫ਼ੀਲਡ ਗੋਲ ਸਦਕਾ ਮੈਚ 1-1 ਨਾਲ ਡਰਾਅ ਹੋ ਗਿਆ।
ਇਸ ਤੋਂ ਬਾਅਦ ਜਰਮਨੀ ਨੇ ਭਾਰਤੀ ਰੱਖਿਆ ‘ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਅਤੇ ਦੋ ਮਿੰਟ ਦੇ ਅੰਦਰ ਦੋ ਗੋਲ ਕਰਕੇ ਭਾਰਤ ‘ਤੇ 1-3 ਦੀ ਬੜ੍ਹਤ ਬਣਾ ਲਈ। ਨਿਕਲਸ ਵੇਲੇਨ ਨੇ ਪਹਿਲਾਂ ਜਰਮਨੀ ਲਈ ਸ਼ਾਨਦਾਰ ਫ਼ੀਲਡ ਗੋਲ ਕੀਤਾ ਤੇ ਫਿਰ ਬੇਨੇਡਿਕਟ ਫਰਕ ਨੇ ਇਹ ਗੋਲ ਕੀਤੇ।
ਹਾਰਦਿਕ ਸਿੰਘ ਨੇ ਇਸ ਮੈਚ ਵਿੱਚ ਭਾਰਤ ਨੂੰ ਵਾਪਸੀ ਦਿਵਾਈ ਤੇ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-3 ਕਰ ਦਿੱਤਾ। ਹਰਮਨਪ੍ਰੀਤ ਸਿੰਘ ਦੀ ਡ੍ਰੈਗ-ਫਲਿਕ ਨੂੰ ਜਰਮਨ ਗੋਲਕੀਪਰ ਨੇ ਰੋਕਿਆ ਪਰ ਹਾਰਦਿਕ ਸਿੰਘ ਨੇ ਮੁੜ ਰੀਬਾਊਂਡ ਕਰ ਕੇ ਗੋਲ ਕੀਤਾ।
ਇਸ ਤੋਂ ਬਾਅਦ ਭਾਰਤ ਨੇ ਇਕ ਵਾਰ ਫਿਰ ਸ਼ਾਨਦਾਰ ਵਾਪਸੀ ਕੀਤੀ ਤੇ ਜਰਮਨੀ ਦੇ ਬਚਾਅ ‘ਤੇ ਲਗਾਤਾਰ ਦਬਾਅ ਬਣਾਈ ਰੱਖਿਆ।
28ਵੇਂ ਮਿੰਟ ਵਿੱਚ ਉਸ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਇਸ ਵਾਰ ਹਰਮਨਪ੍ਰੀਤ ਸਿੰਘ ਦੀ ਡ੍ਰੈਗ ਫਲਿਕ ਨੇ ਭਾਰਤ ਨੂੰ 3-3 ਨਾਲ ਅੱਗੇ ਕਰ ਦਿੱਤਾ।
ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 1980 ਦੇ ਮਾਸਕੋ ਓਲੰਪਿਕ ਵਿੱਚ ਤਗਮਾ ਜਿੱਤਿਆ ਸੀ। ਵਿਸ਼ਵ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਨੂੰ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਸੈਮੀਫਾਈਨਲ ਵਿੱਚ 5-2 ਨਾਲ ਹਰਾਇਆ ਅਤੇ ਇਸ ਤਰ੍ਹਾਂ ਭਾਰਤ ਦਾ ਸੋਨ ਜਾਂ ਚਾਂਦੀ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ, ਪਰ 41 ਸਾਲਾਂ ਬਾਅਦ ਭਾਰਤ ਨੇ ਇੱਕ ਵਾਰ ਫਿਰ ਓਲੰਪਿਕ ਵਿੱਚ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।