ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਗੈਂਗਸਟਰਾਂ ਨੂੰ ਤਾਕਤਵਰ ਬਣਾਇਆ ਹੈ ਜਿਸ ਕਾਰਨ ਵਿੱਕੀ ਮਿੱਡੂਖੇੜਾ ਵਰਗੇ ਅਗਾਂਹਵਧੂ ਸੋਚ ਦੇ ਮਾਲਕ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਅੱਜ ਇਥੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਮੁਲਾਕਾਤ ਕਰ ਦੁੱਖ ਸਾਂਝਾ ਕਰਨ ਪਹੁੰਚੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਚਹੇਤੇ ਹਨ ਜਿਹਨਾਂ ਨੁੰ ਸਰਕਾਰ ਨੇ ਤਾਕਤ ਦਿੱਤੀ ਹੈ ਤੇ ਸਹੂਲਤਾਂ ਦਿੱਤੀਆਂ ਹਨ ।
ਉਹਨਾਂ ਕਿਹਾ ਕਿ ਸਰਕਾਰ ਦੀ ਸ਼ਹਿਰ ‘ ਤੇ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿਚ ਗੈਂਗਸਟਰਾਂ ਨੂੰ ਇੰਨੀ ਸ਼ਕਤੀ ਮਿਲ ਗਈ ਹੈ ਕਿ ਜਿਸਨੁੰ ਜੀਅ ਕਰਦਾ ਹੈ ਕਤਲ ਕਰ ਦਿੰਦੇ ਹਨ ਤੇ ਜਿਸਨੂੰ ਜੀਅ ਕਰਦਾ ਹੈ, ਉਸ ਤੋਂ ਪੈਸੇ ਉਗਰਾਹ ਲੈਂਦੇ ਹਨ।
ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਕਾਰਨ ਹੀ ਵਿੱਕੀ ਮਿੱਡੂਖੇੜਾ ਵਰਗੇ ਅਗਾਂਹਵਧੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਵਿੱਕੀ ਬਹੁਤ ਨਿੱਘੇ ਸੁਭਾਅ ਦਾ ਪਿਆਰ ਵਾਲਾ ਹਿੰਮਤੀ ਨੌਜਵਾਨ ਸੀ। ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਨਿੱਜੀ ਸੰਬੰਧ ਹਨ। ਉਹਨਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਨੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਨੂੰ ਪੰਜਾਬ ਯੂਨੀਵਰਸਿਟੀ ਤੇ ਸਮੁੱਚੇ ਪੰਜਾਬ ਵਿਚ ਮਜ਼ਬੂਤ ਕਰਨ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਸਦੇ ਲਾਮਿਸਾਲ ਨਤੀਜੇ ਆਏ।
ਉਹਨਾਂ ਕਿਹਾ ਕਿ ਵਿੱਕੀ ਲਈ ਅਕਾਲੀ ਦਲ ਹਮੇਸ਼ਾ ਜਿੰਦ ਜਾਨ ਸੀ ਤੇ ਉਹ ਹਰ ਪਲ ਪਾਰਟੀ ਲਈ ਕੰਮ ਕਰਨ ਵਾਸਤੇ ਪੱਬਾਂ ਭਾਰ ਰਹਿੰਦਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਲਈ ਵਿੱਕੀ ਦੇ ਯੋਗਦਾਨ ਨੁੰ ਕਦੇ ਭੁਲਾਇਆ ਨਹੀਂ ਜਾ ਸਕਦਾ।ਉਹਨਾਂ ਦੱਸਿਆ ਕਿ ਵਿੱਕੀ ਦੇ ਪਿਤਾ ਵੀ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਾਰਾ ਜੀਵਨ ਨਿੱਭੇ ਹਨ। ਉਹ 20 ਸਾਲ ਤੱਕ ਪਿੰਡ ਦੇ ਸਰਪੰਚ ਰਹੇ ਤੇ ਸਰਦਾਰ ਬਾਦਲ ਨਾਲ ਮਿਲ ਕੇ ਜੇਲ੍ਹਾਂ ਕੱਟੀਆਂ।
ਉਹਨਾਂ ਕਿਹਾ ਕਿ ਵਿੱਕੀ ਦੇ ਪਰਿਵਾਰ ਦਾ ਸਿਰਫ ਆਪਣੇ ਪਿੰਡ ਜਾਂ ਇਲਾਕੇ ਵਿਚ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਵਿਚ ਵੱਡਾ ਰਸੂਖ ਹੈ ਤੇ ਇਸਦਾ ਇਕੋ ਇਕ ਕਾਰਨ ਇਸ ਪਰਿਵਾਰ ਦਾ ਮਿਲਾਪੜਾ ਤੇ ਅਪਣਤ ਵਾਲਾ ਸੁਭਾਅ ਤੇ ਹਮੇਸ਼ਾ ਲੋਕਾਂ ਲਈ ਕੰਮ ਆਉਣ ਦੀ ਭਾਵਨਾ ਹੈ।
ਉਹਨਾਂ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਵਿੱਕੀ ਮਿੱਡੂਖੇੜਾ ਦਾ ਇਨਸਾਫ ਯਕੀਨੀ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਉਹ ਰੋਜ਼ਾਨਾ ਹੀ ਐਸ ਐਸ ਪੀ ਨਾਲ ਗੱਲ ਕਰ ਰਹੇ ਹਨ ਤੇ ਲੋੜ ਅਨੁਸਾਰ ਡੀ ਆਈ ਜੀ ਤੇ ਡੀ ਜੀ ਪੀ ਨਾਲ ਵੀ ਗੱਲਬਾਤ ਕਰਨਗੇ । ਉਹਨਾਂ ਕਿਹਾ ਕਿ ਜਿਹਨਾਂ ਨੇ ਵਿੱਕੀ ਦਾ ਕਤਲ ਕੀਤਾ ਹੈ, ਉਹਨਾਂ ਨੂੰ ਬੱਚ ਕੇ ਭੱਜਣ ਨਹੀਂ ਦਿਆਂਗੇ।
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕਾਨੂੰਨ ਵਿਵਸਥਾ ਮਾੜੀ ਹੋਣ ਦੇ ਦਿੱਤੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਰੰਧਾਵਾ ਆਪ ਜੇਲ੍ਹ ਮੰਤਰੀ ਹਨ ਤੇ ਸਰਕਾਰ ਉਹਨਾਂ ਦੀ ਆਪਣੀ ਹੈ ਤੇ ਜੇਕਰ ਅਜਿਹੇ ਵਿਚ ਕਾਨੂੰਨ ਵਿਵਸਥਾ ਮਾੜੀ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਕੌਣ ਹੈ ?