ਪੰਜਾਬ ਸਰਕਾਰ ਅਤੇ ਸਵੈ ਸੇਵੀ ਸੰਸਥਾਵਾਂ ਦੇ ਉੱਦਮ ਸਦਕਾ ਆਉਣ ਵਾਲੇ ਸਮੇਂ ਵਿੱਚ ਫ਼ਰੀਦਕੋਟ ਜ਼ਿਲ੍ਹੇ ਅੰਦਰ ਹਰ ਤਰ੍ਹਾਂ ਦੇ ਮਰੀਜ਼ਾਂ ਲਈ ਵਰਤੀ ਜਾਂਦੀ ਆਕਸੀਜਨ ਹੁਣ ਫ਼ਰੀਦਕੋਟ ਵਿਖੇ ਹੀ ਤਿਆਰ ਹੋਵੇਗੀ ਅਤੇ ਜ਼ਿਲ੍ਹੇ ਅੰਦਰ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਟਾਕਰੇ ਲਈ ਲੋੜ ਤੋਂ ਵੱਧ ਮਿਕਦਾਰ ਵਿੱਚ ਆਕਸੀਜਨ ਉਪਲੱਬਧ ਹੋਵੇਗੀ। ਇਹ ਜਾਣਕਾਰੀ ਫ਼ਰੀਦਕੋਟ ਦੇ ਵਿਧਾਇਕ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ. ਕੁਸ਼ਲਦੀਪ ਸਿੰਘ ਢਿਲੋਂ ਨੇ ਦਿੱਤੀ।

ਵਿਧਾਇਕ ਸ. ਢਿਲੋਂ ਨੇ ਦੱਸਿਆ ਕਿ ਫ਼ਰੀਦਕੋਟ ਦੇ ਜ਼ਿਲ੍ਹਾ ਹਸਪਤਾਲ (ਸਿਵਲ ਹਸਪਤਾਲ) ਵਿਖੇ 1 ਕਰੋੜ 25 ਲੱਖ ਦੇ ਕਰੀਬ ਰਾਸ਼ੀ ਵਾਲੇ ਆਕਸੀਜਨ ਪਲਾਂਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਅਗਲੇ 15-20 ਦਿਨਾਂ ਵਿੱਚ ਇਥੇ ਆਕਸੀਜਨ ਪਲਾਂਟ ਕਾਰਜਸ਼ੀਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਆਕਸੀਜਨ ਪਲਾਂਟ ਦੀ ਰੋਜ਼ਾਨਾ ਸਮਰੱਥਾ 1000 ਲੀਟਰ ਪਰ ਮਿੰਟ ਹੋਵੇਗੀ ਅਤੇ ਰੋਜ਼ਾਨਾ ਇਸ ਨਾਲ 47 ਕਿਲੋ ਵਾਲੇ 200 ਸਿਲੰਡਰ ਭਰੇ ਜਾ ਸਕਣਗੇ।ਉਨ੍ਹਾਂ ਦੱਸਿਆ ਕਿ ਇਸ ਪਲਾਂਟ ਲਈ ਸਾਰੀ ਮਸ਼ੀਨਰੀ ਜੋ ਕਿ 1 ਕਰੋੜ ਰੁਪਏ ਦੇ ਕਰੀਬ ਹੈ ਉਹ ਖਾਲਸਾ ਏਡ ਵੱਲੋਂ ਦਿੱਤੀ ਗਈ ਹੈ ਜਦ ਕਿ ਬਾਕੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਖਰਚੀ ਜਾ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਪਹਿਲਾਂ ਹੀ 1000 ਲੀਟਰ ਪਰ ਮਿੰਟ ਕਪੈਸਟੀ ਵਾਲਾ ਆਕਸੀਜਨ ਪਲਾਂਟ ਕਾਰਜ਼ਸ਼ੀਲ ਹੈ ਜਦਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸੰਸਥਾ ਵੱਲੋਂ 1000-1000 ਲੀਟਰ ਕਪੈਸਟੀ ਵਾਲੇ ਦੋ ਹੋਰ ਪਲਾਂਟ ਬਣ ਕੇ ਤਿਆਰ ਹਨ।ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਰਹੇਗੀ ਜਦਕਿ ਸਾਡੇ ਕੋਲ ਰਿਜਰਵ ਵਿੱਚ ਆਕਸੀਜਨ ਮੌਜੂਦ ਰਹੇਗੀ ਜੋ ਲੋੜ ਵਾਲੇ ਜ਼ਿਲ੍ਹਿਆਂ ਵਿੱਚ ਸਪਲਾਈ ਕੀਤੀ ਜਾ ਸਕੇਗੀ।

ਡਾ. ਸਰਬਦੀਪ ਸਿੰਘ ਰੋਮਾਣਾ ਜ਼ਿਲ੍ਹਾ ਨੋਡਲ ਅਫਸਰ ਆਕਸੀਜਨ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ 515 ਆਕਸੀਜਨ ਸਿਲੰਡਰ ਜਦਕਿ ਜ਼ਿਲ੍ਹਾ ਹਸਪਤਾਲ ਵਿਖੇ 100 ਆਕਸੀਜਨ ਸਿਲੰਡਰ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਖੇ ਬਣ ਰਿਹਾ ਆਕਸੀਜਨ ਪਲਾਂਟ 15 ਤੋਂ 20 ਦਿਨਾਂ ਦੇ ਵਿੱਚ ਕਾਰਜਸ਼ੀਲ ਹੋ ਜਾਵੇਗਾ।ਇਸ ਸਮੇਂ ਜ਼ਿਲ੍ਹੇ ਵਿੱਚ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਉਪਲੱਬਧ ਹੈ।

Spread the love