ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਨੂੰ ਆਖਿਆ ਕਿ ਉਹ ਦੱਸੇ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਲਾਗੂ ਕਰਨ ਵਿਚ ਫੇਲ੍ਹ ਹੋਣ ਲਈ ਕਿਸਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਮੰਗ ਕੀਤੀ ਕਿ ਇਹ ਹੋਰ ਐਲਾਨ ਕਰਨ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਨੁੰ ਇੰਨ ਬਿਨ ਲਾਗੂ ਕਰੇ।
ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਨੂੰ ਬੇਨਕਾਬ ਕਰਨ ਲਈ ਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਅਗਵਾਈ ਹੇਠ ਨਵੇਂ ਤੇ ਪ੍ਰਗਤੀਸ਼ੀਲ ਪੰਜਾਬ ਦੀਂ ਨੀਂਹ ਰੱਖਣ ਲਈ ਇਹ ਸੁਬੇ ਭਰ ਵਿਚ ਪ੍ਰੋਗਰਾਮ ਸ਼ੁਰੂ ਕਰੇਗੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਸਾਰੀ ਪਾਰਟੀ ਹੀ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੁੰ ਧੋਖਾ ਦੇਣ ਦੀ ਦੋਸ਼ੀ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਹ ਹੋਰ ਐਲਾਨਾਂ ਨਾਲ ਲੋਕਾਂ ਨੂੰ ਫਿਰ ਤੋਂ ਮੂਰਖ ਬਣਾਉਣ ਦਾ ਯਤਨ ਕਰਨ ਤੋਂ ਪਹਿਲਾਂ ਆਪਣੇ ਗੁਨਾਹ ਕਬੂਲ ਕਰਨ।
ਮੁੱਖ ਮੰਤਰੀ ਵੱਲੋਂ 93 ਫੀਸਦੀ ਵਾਅਦੇ ਪੂਰੇ ਕਰਨ ਦਾ ਕੋਰਾ ਝੂਠ ਬੋਲਣ ਦੀ ਨਿਖੇਧੀ ਕਰਦਿਆਂ ਡਾ. ਚੀਮਾ ਨੇ ਕਿਹਾ ਕਿ 93 ਫੀਸਦੀ ਵਾਅਦਿਆਂ ਦੀ ਤਾਂ ਗੱਲ ਹੀ ਛੱਡੋ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਦਿੱਤੇ ਵਾਅਦਿਆਂ ਵਿਚੋਂ 3 ਫੀਸਦੀ ਵੀ ਪੂਰੇ ਨਹੀਂ ਹੋਏ।
ਉਹਨਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ ਕੀ ਉਹਨਾਂ ਦੀ ਸਰਕਾਰ ਨੇ ਕਿਸਾਨਾਂ ਦਾ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ, ਕੀ ਨੌਜਵਾਨਾਂ ਨੁੰ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਮਿਲ ਰਿਹਾ ਹੈ, ਕੀ ਪੰਜਾਬ ਦੇ ਹਰ ਪਰਿਵਾਰ ਨੂੰ ਘਰ ਘਰ ਨੌਕਰੀ ਸਕੀਮ ਤਹਿਤ ਨੌਕਰੀ ਮਿਲ ਗਈ ਹੈ ?
ਉਹਨਾਂ ਕਿਹਾ ਕਿ ਬਹਾਲੇ ਘੜਨ ਦਾ ਸਮਾਂ ਲੰਘ ਗਿਆ ਹੈ। ਕਾਂਗਰਸ ਪਾਰਟੀ ਦਾ ਕਾਰਜਕਾਲ ਹੁਣ ਖਤਮ ਹੋ ਰਿਹਾ ਹੈ ਤੇ ਇਸ ਕੋਲ ਪ੍ਰਾਪਤੀਆਂ ਜਾਂ ਵਿਕਾਸ ਕੰਮਾਂ ਦੇ ਮਾਮਲੇ ਵਿਚ ਵਿਖਾਉਣ ਨੂੰ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਖੋਖਲੇ ਵਾਅਦਿਆਂ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾ।
ਡਾ. ਚੀਮਾ ਨੇਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨਾ ਸਿਰਫ ਮੁੱਖ ਮੰਤਰੀ ਤੇ ਇਹਨਾਂ ਦੀ ਪੰਜਾਬ ਵਿਰੋਧੀ ਪਾਰਟੀ ਨੂੰ ਲੋਕਾਂ ਸਾਹਮਣੇ ਬੇਨਕਾਰ ਕਰੇਗਾ ਬਲਕਿ ਅਕਾਲੀ ਦਲ ਦੇ ਪ੍ਰਧਾਨ ਇਸੇ ਮਹੀਨੇ ਤੋਂ ਸੂਬੇ ਦੇ ਸਾਰੇ ਹਲਕਿਆਂ ਦਾ ਦੌਰਾ ਕਰਨਗੇ।
ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਦੱਸਣਗੇ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਤੇ ਕਿਵੇਂ ਕਾਂਗਰਸ ਪਾਰਟੀ ਨੇ ਕਿਸਾਨਾਂ, ਨੌਜਵਾਨਾ, ਅਨੁਸੂਚਿਤ ਜਾਤੀ, ਗਰੀਬਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਤੋਂ ਇਲਾਵਾ ਵਪਾਰ ਤੇ ਉਦਯੋਗ ਨਾਲ ਧੋਖਾ ਕੀਤਾ।
ਡਾ. ਚੀਮਾ ਨੇ ਕਿਹਾ ਕਿ ਨਾਲ ਹੀ ਅਕਾਲੀਦਲ ਆਪਣੇ 13 ਨੁਕਾਤੀ ਏਜੰਡੇ ਤੋਂ ਲੋਕਾਂ ਨੁੰ ਜਾਣੂ ਕਰਵਾਏਗਾ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਹੈ ਕਿ ਉਹ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਉਂਦਾ ਆਇਆ ਹੈ ਭਾਵੇਂ ਉਹ ਕਿਸਾਨਾਂ ਲਈ ਮੁਫਤ ਬਿਜਲੀ ਦਾ ਵਾਅਦਾ ਹੋਵੇ, ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣਾ ਹੋਵੇ ਜਾਂ ਫਿਰ ਆਟਾ ਦਾਲ ਸਕੀਮ, ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਵਰਗੀਆਂ ਵਿਲੱਖਣ ਯੋਜਨਾਵਾਂ ਲਾਗੂ ਕਰਨ ਦਾ ਵਾਅਦਾ ਹੋਵੇ।
ਉਹਨਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਵੱਲੋਂ ਐਲਾਨੇ 13 ਨੁਕਾਤੀ ਏਜੰਡੇ ਵਿਚ ਪਰਿਵਾਰ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ, ਖੇਤੀਬਾੜੀ ਖੇਤਰ ਲਈਡੀਜ਼ਲ ’ਤੇ 10 ਰੁਪਏ ਲੀਟਰ ਕਟੌਤੀ, ਸਾਰੇ ਘਰੇਲੂ ਖਪਤਕਾਰਾਂ ਨੁੰ 400 ਯੁਨਿਟ ਮੁਫਤ ਬਿਜਲੀ ਤੇ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਸ਼ਾਮਲ ਹਨ।
ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ ਅਤੇ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਹੋਰ ਲੋਕ ਪੱਖੀ ਕਦਮ ਸ਼ਾਮਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਲਾਕੇ ਅਨੁਸਾਰ ਲੋੜਾਂ ਪੂਰੀਆਂ ਵਰਨ ਦਾ ਵਾਅਦਾ ਵੀ ਇਸ ਵਿਚ ਸ਼ਾਮਲ ਕੀਤਾਜਾਵੇਗਾ।