ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਧਰਨਾ ਲਾਇਆ ਗਿਆ ਹੈ। ਇਹ ਧਰਨਾ 315ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।

ਇਸ ਮੌਕੇ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਸਿਰਫ ਬੀਜੇਪੀ ਨੇਤਾਵਾਂ ਦੀਆਂ ਜਨਤਕ ਰਾਜਨੀਤਕ ਕਾਰਵਾਈਆਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਦਾ ਘਿਰਾਉ ਕਰਨ ਬਾਰੇ ਹੈ ਕਿਉਂਕਿ ਇਹ ਸਿਆਸੀ ਪਾਰਟੀ ਹੀ ਸਿੱਧੇ ਤੌਰ ‘ਤੇ ਕਾਲੇ ਖੇਤੀ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਹੈ।

ਘਿਰਾਉ ਦੇ ਸਪੱਸ਼ਟ ਐਲਾਨ ਦੇ ਬਾਵਜੂਦ ਬੀਜੇਪੀ ਨੇਤਾ ਆਪਣੀਆਂ ਜਨਤਕ ਸਰਗਰਮੀਆਂ ਰਾਹੀਂ ਜਾਣਬੁੱਝ ਕੇ ਕਿਸਾਨਾਂ ਨੂੰ ਹਿੰਸਕ ਹੋਣ ਲਈ ਉਕਸਾਉਂਦੇ ਹਨ। ਪਰ ਕਿਸਾਨ ਉਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ ਅਤੇ ਉਨ੍ਹਾਂ ਦਾ ਘਿਰਾਉ ਸਾਂਤਮਈ ਤਰੀਕੇ ਨਾਲ ਕੀਤਾ ਜਾਵੇਗਾ।

ਧਰਨੇ ਦਾ ਮਾਹੌਲ ਉਸ ਵਕਤ ਬਹੁਤ ਭਾਵੁਕ ਹੋ ਗਿਆ, ਜਦੋਂ ਸ਼ਹੀਦ ਕਿਰਨਜੀਤ ਕੌਰ ਦੇ ਨਜ਼ਦੀਕੀ ਪਰਿਵਾਰ ਅਤੇ ਇਸ ਘੋਲ ਨਾਲ ਪਹਿਲੇ ਦਿਨ ਤੋਂ ਜੁੜੀ ਹੋਈ ਭੈਣ ਪ੍ਰੇਮਪਾਲ ਕੌਰ ਨੇ ਇਸ ਵਹਿਸ਼ੀ ਕਾਰੇ ਦੀ ਵਹਿਸ਼ਤ ਬਹੁਤ ਬਾਰੀਕੀ ਨਾਲ ਸ੍ਰੋਤਿਆਂ ਸਾਹਮਣੇ ਸਾਕਾਰ ਕੀਤੀ। ਘੋਲ ਦਾ ਵੱਡਾ ਬੋਝ ਆਪਣੇ ਮੋਢਿਆਂ ‘ਤੇ ਚੁੱਕੀ ਫਿਰਦੇ ਮਾਸਟਰ ਭਗਵੰਤ ਸਿੰਘ, ਭੈਣ ਪ੍ਰੇਮਪਾਲ ਕੌਰ ਦੇ ਪਤੀ, ਇਸ ਘੋਲ ਦੌਰਾਨ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਦੋਂ ਤੋਂ ਇਹ ਵੀਰਾਗਣਾਂ ਲੋਕ-ਘੋਲਾਂ ਵਿੱਚ ਦੋਹਰੀ ਜਿੰਮੇਵਾਰੀ, ਆਪਣੀ ਤੇ ਮਾਸਟਰ ਭਗਵੰਤ ਦੀ, ਨਿਭਾਉਂਦੀ ਆ ਰਹੀ ਹੈ।

ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਕੱਲ੍ਹ 12 ਅਗੱਸਤ ਨੂੰ ਬਰਨਾਲਾ ਧਰਨੇ ਦੀ ਬਜਾਏ ਸਿੱਧਾ ਮਹਿਲ ਕਲਾਂ ਕਿਰਨਜੀਤ ਕੌਰ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਆਗੂਆਂ ਨੇ ਦੱਸਿਆ ਕਿ ਸੰਯਕੁਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੋਇਆ ਹੈ ਕਿ 15 ਅਗੱਸਤ ਨੂੰ ਅਧਿਕਾਰਤ ਸਰਕਾਰੀ ਤਿਰੰਗਾ ਪ੍ਰੋਗਰਾਮਾਂ ਅਤੇ ਤਿਰੰਗਾ ਯਾਤਰਾਵਾਂ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਉਸ ਦਿਨ ਧਰਨਾ ਸਥਾਨ ਤੋਂ ਡੀ.ਸੀ ਦਫਤਰ ਤੱਕ ਤਿਰੰਗਾ ਯਾਤਰਾ ਕੀਤੀ ਜਾਵੇਗੀ, ਜਿਸ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

Spread the love