ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਯਤਨਾਂ ਦੀ ਬਦੌਲਤ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਹੋਲੇ ਮੁਹੱਲੇ ਗ੍ਰਿਫਤਾਰ ਹੋਏ ਨੌਜਵਾਨਾਂ ਵਿਚੋਂ 14 ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ।

ਇਹਨਾਂ ਨੌਜਵਾਨਾ ਦੀ ਰਿਹਾਈ ਨੂੰ ਲੈ ਕੇ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਵਫਦ ਵੱਲੋਂ ਸੂਬੇ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਤੇ ਡੀ ਜੀ ਪੀ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਉਹਨਾਂ ਨੂੰ ਦੱਸਿਆ ਸੀ ਕਿ ਨੌਜਵਾਨ ਬੇਕਸੂਰਗ੍ਰਿਫਤਾਰ ਕੀਤੇ ਗਏ ਹਨ।

ਅੱਜ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਮਹਾਰਾਸ਼ਟਰ ਵਿਚ ਆਈ ਜੀ ਨੇ ਮੰਨ ਲਿਆ ਹੈ ਕਿ 14 ਨੌਜਵਾਨ ਬਿਲਕੁਲ ਬੇਕਸੂਰ ਹਨ ਤੇ ਇਹਨਾਂ ਦਾ ਹੋਲੇ ਮਹੱਲੇ ‘ਤੇ ਹੋਈ ਹਿੰਸਾ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਦੱਸਿਆ ਕਿ ਇਹ 14 ਨੌਜਵਾਨ ਹੁਣ ਜਲਦੀ ਹੀ ਜੇਲ ਵਿਚੋਂ ਰਿਹਾਅ ਹੋ ਜਾਣਗੇ।

ਸਰਦਾਰ ਸਿਰਸਾ ਨੇ ਕਿਹਾ ਕਿ ਉਹ ਕੌਮ ਦੀ ਇਸ ਵੱਡੀ ਜਿੱਤ ਲਈ ਸਹਿਯੋਗ ਵਾਸਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ, ਲੰਗਰ ਵਲੇ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਅਤੇ ਅਮਨਪਾਲ ਸਿੰਘ ਐਡਵੋਕੇਟ ਦੇ ਧੰਨਵਾਦੀ ਹਨ ਜਿਹਨਾਂ ਦੇ ਸਹਿਯੋਗ ਸਦਕਾ ਇਹ ਫਤਿਹ ਨਸੀਬ ਹੋਈ ਹੈ।

ਉਹਨਾਂ ਦੱਸਿਆ ਕਿ ਸਰਦਾਰ ਲੱਡੂ ਸਿੰਘ ਮਹਾਜਨ ਨੇ ਸਾਰੇ ਦਸਤਾਵਜੇਜ਼ ਤਿਆਰ ਕੀਤੇ ਸਨ ਤੇ ਆਈ ਜੀ ਸਾਹਮਣੇ ਰੱਖੇ ਜਿਸ ਨਾਲ ਉਹ ਸਹਿਮਤ ਹੋਏ ਕਿ ਇਹ 14 ਨੌਜਵਾਨ ਬੇਕਸੂਰ ਹਨ।

ਉਹਨਾਂ ਕਿਹਾ ਕਿ ਇਹ ਕੌਮ ਦੀ ਵੱਡੀ ਜਿੱਤ ਹੈ ਤੇ ਤਾਂ ਹੀ ਸੰਭਵ ਹੋਈ ਕਿਉਂਕਿ ਅਸੀਂ ਰਲ ਕੇ ਇਹ ਲੜਾਈ ਲੜੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕੌਮ ਨੇ ਰਲ ਮਿਲ ਕੇ ਲੜਾਈ ਲੜੀ ਤਾਂ ਫਤਿਹ ਨਸੀਬ ਹੋਈ ਹੈ। ਉਹਨਾਂ ਕਿਹਾ ਕਿ ਹੁਣ ਜਦੋਂ 14 ਨੌਜਵਾਨਾਂ ਦੀ ਰਿਹਾਈ ਦਾ ਰਾਹ ਬਣ ਗਿਆ ਹੈ ਤਾਂ ਬਾਕੀ ਨੌਜਵਾਨਾਂ ਦੀ ਰਿਹਾਈ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਰਿਹਾਈ ਵੀ ਜਲਦ ਹੋਵੇਗੀ।

Spread the love