ਮੰਡੀ ਗੋਬਿੰਦਗੜ੍ਹ ‘ਚ ਬੇਹੱਦ ਦਰਦਨਾਕ ਹਾਦਸਾ ਵਾਪਰ ਗਿਆ।

ਪਿੰਡ ਭਾਦਲਾ ਨੇੜੇ ‘ਪੰਜਾਬ ਸਟੀਲ ਮਿਲ’ ਦੀ ਭੱਠੀ ’ਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ; ਜਿੱਥੇ 10 ਤੋਂ ਵੱਧ ਮਜ਼ਦੂਰ ਜ਼ਖ਼ਮੀ ਹਨ; ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਉਂਕਿ ਉਹ 100 ਫ਼ੀਸਦੀ ਝੁਲਸ ਗਏ ਹਨ। ਬਾਕੀ ਮਜ਼ਦੂਰਾਂ ਦੀ ਹਾਲਤ ਵੀ ਕੋਈ ਬਹੁਤੀ ਠੀਕ ਨਹੀਂ ਦੱਸੀ ਜਾ ਰਹੀ ਕਿਉਂਕਿ ਉਹ ਵੀ 50 ਤੋਂ 70 ਫ਼ੀਸਦੀ ਝੁਲਸੇ ਹੋਏ ਹਨ।

ਉਨ੍ਹਾਂ ਸਾਰਿਆਂ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਵੀਰਵਾਰ ਦੇਰ ਰਾਤੀਂ ਉਸ ਵੇਲੇ ਹੋਇਆ, ਜਦੋਂ ਲੋਹਾ ਪਿਘਲਾਇਆ ਜਾ ਰਿਹਾ ਸੀ। ਸ਼ਾਇਦ ਉਸ ਵੇਲੇ ਸਕ੍ਰੈਪ ਲੋਹੇ ਨਾਲ ਭੱਠੀ ਵਿੱਚ ਕੋਈ ਧਮਾਕਾਖ਼ੇਜ਼ ਚੀਜ਼ ਚਲੀ ਗਈ ਤੇ ਉੱਥੇ ਧਮਾਕਾ ਹੋ ਗਿਆ।ਹਜ਼ਾਰਾਂ ਡਿਗਰੀ ਤਾਪਮਾਨ ’ਤੇ ਗਰਮ ਪਿਘਲਿਆ ਲੋਹਾ ਮਜ਼ਦੂਰਾਂ ਉੱਤੇ ਆਣ ਡਿੱਗਾ ਤੇ ਉਹ ਤੜਪਣ ਲੱਗ ਪਏ।

ਮਿੱਲ ’ਚ ਭਾਜੜਾਂ ਮਚ ਗਈਆਂ। ਜ਼ਖ਼ਮੀਆਂ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਕਾਰਣ ਡੀਐੱਮਸੀ ਰੈਫ਼ਰ ਕਰ ਦਿੱਤਾ ਗਿਆ।ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫ਼ੌਰੈਸਿਕ ਤੇ ਹੋਰ ਮਾਹਿਰ ਟੀਮਾਂ ਨੂੰ ਮਿੱਲ ’ਚ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਮੁਤਾਬਕ ਜ਼ਿੰਮੇਵਾਰ ਵਿਅਕਤੀਆਂ ‘ਤੇ ਛੇਤੀ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Spread the love