ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਕੈਬਨਿਟ ਮੰਤਰੀਆਂ ਬਲਬੀਰ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰਾਂ ਦਾ 13 ਅਗਸਤ (ਸ਼ੁੱਕਰਵਾਰ) ਨੂੰ ਘਿਰਾਓ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਜਿਲਾ ਪ੍ਰਧਾਨ ਚੰਦ ਸਿੰਘ ਗਿੱਲ ਨੇ ਦੱਸਿਆ ਕਿ ਰਾਣਾ ਸੋਢੀ ਦੇ ਗੁਰੂ ਹਰਸਹਾਏ (ਫ਼ਿਰੋਜ਼ਪੁਰ) ਅਤੇ ਬਲਬੀਰ ਸਿੱਧੂ ਦੇ ਮੋਹਾਲੀ ਸਥਿਤ ਘਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਬੀਤੇ ਦਿਨੀਂ ‘ਆਪ’ ਵਿਧਾਇਕਾਂ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਮਾਨਯੋਗ ਵੀ.ਪੀ. ਸਿੰਘ ਬਦਨੌਰ ਨੂੰ ਮਿਲਿਆ ਸੀ ਅਤੇ ਮੰਗ ਕੀਤੀ ਸੀ ਇਨ੍ਹਾਂ ਭ੍ਰਿਸ਼ਟ ਮੰਤਰੀਆਂ ਨੂੰ ਤੁਰੰਤ ਪੰਜਾਬ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ।
ਪਾਰਟੀ ਮੁੱਖ ਦਫ਼ਤਰ ਤੋਂ ਵੀਰਵਾਰ ਨੂੰ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਪਾਰਟੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਮੋਹਾਲੀ ਸਥਿਤ ਘਰ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਫ਼ਿਰੋਜ਼ਪੁਰ ਸਥਿਤ ਘਰ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ।
ਬਲਜਿੰਦਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਿੱਥੇ ਕੋਰੋਨਾ ਤੋਂ ਇਲਾਜ ਲਈ ਜ਼ਰੂਰੀ ਫ਼ਤਿਹ ਕਿੱਟ ਖ਼ਰੀਦਣ ਵਿੱਚ ਘੋਟਾਲਾ ਕੀਤਾ, ਉੱਥੇ ਹੀ ਮੋਹਾਲੀ ਸ਼ਹਿਰ ‘ਚ ਪੈਂਦੇ ਪਿੰਡ ਬਲੌਂਗੀ ਦੀ 100 ਕਰੋੜ ਤੋਂ ਵੱਧ ਦੀ ਕੀਮਤ ਵਾਲੀ 10 ਏਕੜ ਜ਼ਮੀਨ ਉੱਤੇ ਗਊਸ਼ਾਲਾ ਦੇ ਨਾਮ ‘ਤੇ ਕਬਜ਼ਾ ਕੀਤਾ ਹੈ।
ਚੰਦ ਸਿੰਘ ਗਿੱਲ ਨੇ ਦੱਸਿਆ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੀ ਐਕੁਆਇਰ ਹੋਈ ਜ਼ਮੀਨ ਬਦਲੇ ਦੋ ਵਾਰ ਰਕਮ ਪ੍ਰਾਪਤ ਕੀਤੀ ਹੈ ਅਤੇ ਤੀਸਰੀ ਬਾਰ ਰਕਮ ਪ੍ਰਾਪਤ ਕਰਨ ਦੇ ਯਤਨ ਕਰਕੇ ਆਪਣੀ ਤਾਕਤ ਦਾ ਦੁਰ-ਇਸਤੇਮਾਲ ਅਤੇ ਸੂਬੇ ਦੇ ਖ਼ਜ਼ਾਨੇ ਨਾਲ ਧੋਖਾਧੜੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਰਾਣਾ ਸੋਢੀ ਦੀ ਪਿੰਡ ਮੋਹਨ ਕੇ ਹਿਠਾੜ ਸਥਿਤ 58 ਕਨਾਲ 6 ਮਰਲੇ ਜ਼ਮੀਨ ਅਤੇ ਉਨ੍ਹਾਂ ਦੇ ਭਤੀਜੇ ਜਸਦੀਪ ਸਿੰਘ ਸੋਢੀ ਦੀ 38 ਕਨਾਲ ਜ਼ਮੀਨ ਪਹਿਲੀ ਵਾਰ 1962 ਵਿੱਚ ਸਰਕਾਰ ਵੱਲੋਂ ਐਕੁਆਇਰ ਕੀਤੀ ਗਈ ਸੀ, ਜਿਸ ਦੀ ਬਣਦੀ ਰਕਮ 7384 ਰੁਪਏ ਸੋਢੀ ਪਰਿਵਾਰ ਨੇ ਪ੍ਰਾਪਤ ਕੀਤੀ ਸੀ। ਦੂਜੀ ਵਾਰ 2012 ਵਿੱਚ ਅਕਾਲੀ ਸਰਕਾਰ ਦੇ ਸਮੇਂ ਸੋਢੀ ਪਰਿਵਾਰ ਨੇ ਇਸ ਜ਼ਮੀਨ ਦਾ ਮੁਆਵਜ਼ਾ 1 ਕਰੋੜ 83 ਲੱਖ ਪ੍ਰਾਪਤ ਕੀਤਾ ਸੀ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਇੱਕ ਪਾਸੇ ਦਿੱਲੀ -ਕਟੜਾ ਮਾਰਗ ਲਈ ਐਕੁਆਇਰ ਹੋਈਆਂ ਜ਼ਮੀਨਾਂ ਦੇ ਮਾਲਕ ਸਹੀ ਕੀਮਤ ਦਾ ਮੁਆਵਜ਼ਾ ਲੈਣ ਲਈ ਸੰਘਰਸ਼ ਕਰ ਰਹੇ ਹਨ, ਪਰ ਦੂਜੇ ਪਾਸੇ ਸਰਕਾਰ ਦੇ ਮੰਤਰੀ ਹੀ ਇੱਕ ਹੀ ਜ਼ਮੀਨ ਦਾ ਵਾਰ ਵਾਰ ਮੁਆਵਜ਼ਾ ਲੈ ਕੇ ਤੀਜੀ ਵਾਰ ਫਿਰ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ਨੇ ਵੀ ਗ਼ਲਤ ਕਰਾਰ ਦਿੱਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਵਿਧਾਨਕ ਅਹੁਦੇ ‘ਤੇ ਬੈਠ ਕੇ ਸਰਕਾਰ ਅਤੇ ਲੋਕਾਂ ਨਾਲ ਧੋਖਾਧੜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਤਰੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੇ ਨਾਲ ਨਾਲ ਮੰਤਰੀ ਮੰਡਲ ਤੋਂ ਬਾਹਰ ਕੀਤਾ ਜਾਵੇ।