ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸੰਗਤਾਂ ਨਾਲ ਰਲ ਕੇ ਕੀਤੀ ਮੇਹਨਤ ਉਦੋਂ ਰੰਗ ਲਿਆਈ ਜਦੋਂ ਗਿਰਫ਼ਤਾਰ ਕੀਤੇ ਨੌਜਵਾਨਾਂ ਵਿਚੋਂ 2 ਨੌਜਵਾਨ ਅੱਜ ਜੇਲ੍ਹ ਤੋਂ ਰਿਹਾਅ ਹੋ ਗਏ।

ਇੱਥੇ ਜਾਣਕਾਰੀ ਦਿੰਦੇ ਹੋਏ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਹੋਲਾ ਮਹੱਲਾ ਮਾਮਲੇ ’ਚ ਗਿਰਫ਼ਤਾਰ ਨੌਜਵਾਨ ਅਭੈਜੀਤ ਸਿੰਘ ਤੇ ਇੱਕ ਹੋਰ ਨੌਜਵਾਨ ਦੀ ਜ਼ਮਾਨਤ ਮੰਜ਼ੂਰ ਹੋਣ ਤੋਂ ਬਾਅਦ ਅੱਜ ਜੇਲ੍ਹ ਚੋਂ ਰਿਹਾਅ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜੱਥੇਦਾਰ ਸ੍ਰੀ ਹਜੂਰ ਸਾਹਿਬ ਜੀ , ਬਾਬਾ ਬਲਵਿੰਦਰ ਸਿੰਘ ਜੀ ਤੇ ਹੋਰ ਮਹਾਂਪੁਰਖਾਂ ਦੇ ਹੁਕਮਾਂ ’ਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਇਨ੍ਹਾਂ ਗਿਰਫ਼ਤਾਰ ਨੌਜਵਾਨਾਂ ਦੀ ਰਿਹਾਈ ਵਾਸਤੇ ਯਤਨ ਆਰੰਭੇ ਸਨ ਤੇ ਇਸ ਕੜੀ ਵਿਚ ਮਹਾਰਾਸ਼ਟਰ ਦੇ ਗ੍ਰਹਿਮੰਤਰੀ ਦਿਲੀਪ ਵਾਲਸੇ ਪਾਟਿਲ ਤੇ ਡੀ.ਜੀ.ਪੀ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਵਿਚ ਉਥੋਂ ਦੇ ਵਕੀਲ ਅਮਨਪਾਲ ਸਿੰਘ ਦਾ ਵੱਡਾ ਰੋਲ ਹੈ ।

ਉਨ੍ਹਾਂ ਕਿਹਾ ਕਿ ਅਸੀਂ ਅਭੈਜੀਤ ਸਿੰਘ ਜੋ ਕਿ ਫ਼ੋਟੋਗ੍ਰਾਫ਼ਰ ਹੈ ਦੀ ਧਰਮ ਪਤਨੀ ਨੂੰ ਭਰੋਸਾ ਦਿੱਤਾ ਸੀ ਕਿ ਇਸ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਇਆ ਜਾਵੇਗਾ ਤੇ ਅੱਜ ਵਾਇਦਾ ਪੂਰਾ ਹੋਇਆ ਹੈ।

ਉਨ੍ਹਾਂ ਸਾਰੇ ਵਕੀਲਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 14 ਲੋਕਾਂ ਨੂੰ ਕਲੀਨ ਚਿਟ ਪੁਲਿਸ ਨੇ ਦੇ ਦਿੱਤੀ ਹੈ ਅਤੇ ਸੋਮਵਾਰ ਤੱਕ ਉਨ੍ਹਾਂ ਦੀਆਂ ਜ਼ਮਾਨਤਾਂ ਲਗਵਾਈਆਂ ਜਾਣਗੀਆਂ ’ਤੇ ਬਾਕੀ ਵੀਰ ਵੀ ਜਲਦ ਹੀ ਜੇਲ੍ਹਾਂ ਤੋਂ ਬਾਹਰ ਆਉਣਗੇ। ਉਨ੍ਹਾਂ ਨੇ ਇਸ ਸਾਰੇ ਕੰਮ ਵਿਚ ਸਹਿਯੋਗ ਦੇਣ ਲਈ ਸਮੂੱਚੀ ਸੰਗਤ ਦਾ ਵੀ ਧੰਨਵਾਦ ਕੀਤਾ।

Spread the love