ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਾਦਲ ਪਰਿਵਾਰ ਉਤੇ ਨਰਿੰਦਰ ਮੋਦੀ ਸਰਕਾਰ ਨਾਲ ਰਲੇ ਹੋਣ ਦੇ ਦੋਸ਼ ਲਾਏ ਹਨ। ‘ਆਪ’ ਆਗੂ ਨੇ ਸੀਨੀਅਰ ਬਾਦਲ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਬਾਰੇ ਸਾਧੀ ਲੰਬੀ ਚੁੱਪੀ ‘ਤੇ ਸਵਾਲ ਉਠਾਏ ਕਿ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨ ਜ਼ਬਰਨ ਥੋਪੇ ਜਾ ਰਹੇ ਸਨ ਉਦੋਂ ਸੀਨੀਅਰ ਬਾਦਲ ਵੀਡੀਓ ਰਾਹੀਂ ਇਨਾਂ ਮਾਰੂ ਕਾਨੂੰਨਾਂ ਦੇ ਹੱਕ ‘ਚ ਬੋਲਦੇ ਹੋਏ ਇਨਾਂ ਨੂੰ ਕਿਸਾਨਾਂ ਪੱਖੀ ਦੱਸਦੇ ਰਹੇ, ਪ੍ਰੰਤੂ ਜਦੋਂ ਕਿਸਾਨਾਂ ਦੇ ਦਬਾਅ ਹੇਠ ਮੋਦੀ ਸਰਕਾਰ ‘ਚੋਂ ਨਿਕਲਣਾ ਪੈ ਗਿਆ, ਉਸ ਉਪਰੰਤ ਉਨਾਂ (ਬਾਦਲ) ਇੱਕ ਵਾਰ ਵੀ ਕਾਲੇ ਕਾਨੂੰਨਾਂ ਖ਼ਿਲਾਫ਼ ਆਪਣਾ ਮੂੰਹ ਨਹੀਂ ਖੋਲਿਆ।”
ਸ਼ਨੀਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਸੀਨੀਅਰ ਸਿਆਸੀ ਆਗੂ ਅਤੇ ਖ਼ੁਦ ਨੂੰ ਕਿਸਾਨਾਂ ਦਾ ਮਸੀਹਾ ਕਹਾਉਂਦੇ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਕਾਲੇ ਤਿੰਨ ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਅਜੇ ਤੱਕ ਇੱਕ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨਹੀਂ ਕੀਤੀ, ਜਦੋਂ ਕਿ ਪੰਜਾਬ ਸਮੇਤ ਸਮੁੱਚੇ ਦੇਸ਼ ਦਾ ਕਿਸਾਨ ਕੇਂਦਰ ਦੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਦਾ ਲੰਮੇ ਸਮੇਂ ਤੋਂ ਵਿਰੋਧ ਕਰ ਰਿਹਾ ਹੈ ਅਤੇ ਦਿੱਲੀ ਦੀਆਂ ਹੱਦਾਂ ‘ਤੇ ਪਿਛਲੇ ਨੌ ਮਹੀਨਿਆਂ ਤੋਂ ਮੰਗਾਂ ਲਈ ਡਟਿਆ ਬੈਠਾ ਹੈ।
ਸੰਧਵਾਂ ਨੇ ਤੰਜ ਕਸਿਆ ਜੇਕਰ ਮਸਲਾ ਕੇਂਦਰ ‘ਚ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਨੂੰ ਕੁਰਸੀ (ਵਜ਼ੀਰੀ) ਬਾਰੇ ਹੁੰਦਾ ਤਾਂ ਸੀਨੀਅਰ ਬਾਦਲ ਨੇ ਗੇੜੇ ਮਾਰ- ਮਾਰ ਹੁਣ ਤੱਕ ਮੋਦੀ ਅਤੇ ਅਮਿਤ ਸ਼ਾਹ ਦੀ ਦੇਹਲੀ ਘਸਾ ਦੇਣੀ ਸੀ।
ਸੰਧਵਾਂ ਨੇ ਸੂਬੇ ਦੇ ਲੋਕਾਂ ਨੂੰ ਬਾਦਲ ਪਰਿਵਾਰ ਦੀਆਂ ਸਿਆਸੀ ਚਾਲਾਂ ਤੋਂ ਸੁਚੇਤ ਰਹਿਣ ਲਈ ਆਖਿਆ। ਸੰਧਵਾਂ ਮੁਤਾਬਿਕ ਬਾਦਲ ਪਰਿਵਾਰ ਦਾ ਇਤਿਹਾਸ ਗਵਾਹ ਹੈ ਕਿ ਇਹ ਮੌਕਾਪ੍ਰਸਤੀ ਦਿਖਾਉਣ ਲੱਗੇ ਇੱਕ ਮਿੰਟ ਨਹੀਂ ਲਾਉਂਦੇ।
ਮਿਸਾਲ ਵਜੋਂ ਬਾਦਲ ਕਈ ਵਾਰ ਇਨਾਂ ਖੇਤੀ ਕਾਨੂੰਨਾਂ ਦੀ ਤਰੀਫ਼ ਕਰ ਚੁੱਕੇ ਹਨ ਅਤੇ ਕਿਸਾਨਾਂ ਲਈ ਲਾਭਕਾਰੀ ਦੱਸਦੇ ਰਹੇ। ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਨਾ ਬੋਲਣ ਦੀ ਸਲਾਹ ਦਿੰਦੇ ਹੋਏ ਮੋਦੀ ਸਰਕਾਰ ਅਤੇ ਕਾਨੂੰਨਾਂ ਦੀਆਂ ਸਿਫ਼ਤਾਂ ਦੇ ਪੁੱਲ ਬੰਨਦੇ ਨਹੀਂ ਸਨ ਥੱਕਦੇ।
ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਮਾਮਲੇ ‘ਤੇ ਸੱਦੀ ਸਰਬ ਪਾਰਟੀ ਬੈਠਕ ਵਿੱਚ ਵੀ ਕਾਲੇ ਖੇਤੀ ਕਾਨੂੰਨਾਂ ਦੇ ਸੋਹਲੇ ਗਾਉਂਦੇ ਰਹੇ।
ਪ੍ਰੰਤੂ ਜਦੋਂ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦਾ ਦਬਾਅ ਵਧਿਆ ਤਾਂ ਵੋਟ ਬੈਂਕ ਖ਼ਤਮ ਹੁੰਦਾ ਦੇਖ ਬਾਦਲਾਂ ਨੇ ਇੱਕ ਸਾਜਿਸ਼ ਦੇ ਤਹਿਤ ਮੋਦੀ ਸਰਕਾਰ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ, ਪ੍ਰੰਤੂ ਪਕਾਸ਼ ਸਿੰਘ ਬਾਦਲ ਨੇ ਇੱਕ ਵੀ ਬਿਆਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਜਾਰੀ ਨਹੀਂ ਕੀਤਾ, ਜਿਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਮੌਕਾ ਮਿਲਣ ‘ਤੇ ਬਾਦਲ ਭਾਜਪਾ ਨਾਲ ਹੱਥ ਮਿਲਾ ਲੈਣਗੇ।
ਸੰਧਵਾਂ ਨੇ ਕਿਹਾ, ” ਬਾਦਲ ਪਰਿਵਾਰ ਨੂੰ ਪੰਜਾਬ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਕਿਸਾਨਾਂ ਵੱਲੋਂ ਸੰਸਦ ਦੇ ਸੈਸ਼ਨ ਦੌਰਾਨ ਹਰ ਬੈਠਕ ‘ਚ ਹਾਜ਼ਰ ਰਹਿਣ ਲਈ ਜਾਰੀ ਕੀਤੀ ‘ਪਬਲਿਕ ਵਿੱਪ’ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਸੰਸਦ ਵਿੱਚੋਂ ਗੈਰਹਾਜ਼ਰ ਰਹੇ ਹਨ।”