ਸੂਬੇ ਵੱਲੋਂ ਕਰੋਨਾਵਾਇਰਸ ਦੇ ਖਿਲਾਫ਼ ਵੈਕਸੀਨ ਦੇ ਅਸਰਦਾਰ ਸਿੱਧ ਹੋਣ ਬਾਰੇ ਕਰਵਾਏ ਅਧਿਐਨ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਆਉਣ ਵਾਲੀ ਵਾਧੂ ਸਪਲਾਈ ਨੂੰ ਮੁਕੰਮਲ ਵਰਤੋਂ ਵਿਚ ਲਿਆਉਣ ਲਈ ਪੁਖਤਾ ਤਿਆਰੀਆਂ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਸ ਸਪਲਾਈ ਲਈ ਕੇਂਦਰੀ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਨਿੱਜੀ ਤੌਰ ਉਤੇ ਭਰੋਸਾ ਦਿੱਤਾ ਸੀ।

ਸੂਬੇ ਵਿਚ ਟੀਕਾਕਰਨ ਲਈ ਯੋਗ ਆਬਾਦੀ ਵਿੱਚੋਂ ਅੱਧੀ ਤੋਂ ਵੱਧ ਵਸੋਂ ਦੇ ਇਕ ਖੁਰਾਕ ਲੱਗ ਜਾਣ ਅਤੇ ਮੌਜੂਦਾ ਸਟਾਕ ਨੂੰ ਬਿਨਾਂ ਕਿਸੇ ਬਰਬਾਦੀ ਤੋਂ ਵਰਤੋਂ ਵਿਚ ਲਿਆਂਦੇ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੇਂਦਰੀ ਸਿਹਤ ਮੰਤਰੀ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਯੋਗ ਵਸੋਂ ਦੇ ਟੀਕਾਕਰਨ ਲਈ ਤੁਰੰਤ 55 ਲੱਖ ਖੁਰਾਕਾਂ ਦੀ ਸਪਲਾਈ ਮੰਗੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਵੱਧ ਸਪਲਾਈ ਕਰਨ ਦਾ ਭਰੋਸਾ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲਗਪਗ 82 ਲੱਖ ਲੋਕਾਂ (ਸੂਬੇ ਦੀ 40 ਫੀਸਦੀ ਯੋਗ ਵਸੋਂ) ਨੂੰ ਦੋਵੇਂ ਖੁਰਾਕਾਂ ਤਕਰੀਬਨ 24 ਲੱਖ ਲੋਕਾਂ ਨੂੰ (ਯੋਗ ਆਬਾਦੀ ਦੀ 11 ਫੀਸਦੀ) ਨੂੰ ਲੱਗ ਚੁੱਕੀਆਂ ਹਨ ਜਿਸ ਮੁਤਾਬਕ ਪ੍ਰਤੀ ਦਿਨ 8 ਲੱਖ ਲੋਕਾਂ ਦੇ ਟੀਕਾਕਰਨ ਦੀ ਸਮਰਥਾ ਬਣਦੀ ਹੈ।

ਵੈਕਸੀਨ ਦੀ ਪ੍ਰਭਾਵੀ ਹੋਣ ਬਾਰੇ ਕੋਈ ਸ਼ੰਕਾ ਨਾ ਹੋਣ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸਾਰੇ ਯੋਗ ਵਿਅਕਤੀਆਂ ਨੂੰ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪੀ.ਜੀ.ਆਈ. ਦੇ ਸਕੂਲ ਆਫ ਪਬਲਿਕ ਹੈਲਥ ਦੇ ਸਾਬਕਾ ਮੁਖੀ ਡਾ. ਰਾਜੇਸ਼ ਕੁਮਾਰ ਵੱਲੋਂ ਕੋਵਿਡ ਵੈਕਸੀਨ ਦੇ ਅਸਰਦਾਰ ਹੋਣ ਦੀ ਨਿਗਰਾਨੀ ਲਈ ਕੀਤੇ ਅਧਿਐਨ ਦੇ ਮੁਤਾਬਕ ਇਹ ਪਾਇਆ ਗਿਆ ਹੈ ਕਿ ਕੋਵਿਡ ਵੈਕਸੀਨ ਨਾਲ ਪਾਜ਼ੇਟਿਵਿਟੀ ਵਿਚ 95 ਫੀਸਦੀ ਤੱਕ, ਹਸਪਤਾਲ ’ਚ ਦਾਖਲ ਹੋਣ ਵਿਚ 96 ਫੀਸਦੀ ਤੱਕ ਅਤੇ ਮੌਤਾਂ ਵਿਚ 98 ਫੀਸਦੀ ਤੱਕ ਕਮੀ ਆਈ ਹੈ।

ਸੂਬੇ ਵਿਚ ਵੈਕਸੀਨ ਲਈ ਕੁੱਲ ਯੋਗ ਵਸੋਂ 21603083 ਹੈ। ਅਪ੍ਰੈਲ-ਜੂਨ, 2021 ਦੌਰਾਨ ਕੋਵਿਨ ਐਪ ਦੇ ਮੁਕਾਬਕ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 316541 ਸੀ ਜਿਸ ਵਿੱਚੋਂ 1.8 ਫੀਸਦੀ ਲੋਕਾਂ ਦੇ ਇਕ ਖੁਰਾਕ ਲੱਗੀ ਸੀ, 0.4 ਫੀਸਦੀ ਦੇ ਪੂਰੀਆਂ ਖੁਰਾਕਾਂ ਸਨ ਅਤੇ 80.1 ਫੀਸਦੀ ਟੀਕਾਕਰਨ ਰਹਿਤ ਸਨ। 17.7 ਫੀਸਦੀ ਦੇ ਟੀਕਾਕਰਨ ਬਾਰੇ ਸਥਿਤੀ ਗਾਇਬ ਹੈ।

Spread the love