ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਆਪਣੀ ਹਾਰ ਦੇ ਡਰੋਂ ਬੁਖਲਾਏ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ 22 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਨੂੰ ਰੋਕਣ ਲਈ ਇਕ ਵਾਰ ਫਿਰ ਤੋਂ ਹਾਈਕੋਰਟ ਪਹੁੰਚ ਗਏ ਹਨ ਤੇ ਚੋਣਾਂ ਰੁਕਵਾਉਣਾ ਚਾਹੁੰਦੇ ਹਨ।

ਇਥੇ ਜਾਰੀ ਇਕ ਬਿਆਨ ਵਿਚ ਸ. ਸਿਰਸਾ ਨੇ ਦੱਸਿਆ ਕਿ ਸਰਨਾ ਧੜੇ ਦੇ ਮੈਂਬਰ ਕਰਤਾਰ ਸਿੰਘ ਵਿੱਕੀ ਚਾਵਲਾ ਨੇ ਦਿੱਲੀ ਹਾਈਕੋਰਟ ਵਿਚ ਇਹ ਪਟੀਸ਼ਨ ਦਾਇਰ ਕੀਤੀ ਹੈ ਕਿ ਦਿੱਲੀ ਕਮੇਟੀ ਦੇ ਖਾਤਿਆਂ ਦੀ ਤਿੰਨ ਸਾਲਾਂ ਦੀ ਆਡਿਟ ਰਿਪੋਰਟ ਅਖਬਾਰਾਂ ਵਿਚ ਨਹੀਂ ਛਪੀ, ਇਸ ਲਈ ਇਹ ਚੋਣਾਂ ਤੁਰੰਤ ਰੋਕੀਆਂ ਜਾਣ।

ਉਨ੍ਹਾਂ ਦੱਸਿਆ ਕਿ ਅੱਜ ਇਸ ਮਾਮਲੇ ਦੀ ਸੁਣਵਾਈ ਮਾਣਯੋਗ ਜਸਟਿਸ ਰੇਖਾ ਪੱਲੀ ਦੀ ਅਦਾਲਤ ਵਿਚ ਹੋਈ, ਜਿਸ ਵਿਚ ਪਟੀਸ਼ਨਰ ਸਰਨਾ ਧੜੇ ਦੇ ਵਕੀਲ ਨੇ ਅਦਾਲਤ ਵਿਚ ਆਪਣੀਆਂ ਦਲੀਲਾਂ ਦੇ ਕੇ ਚੋਣਾਂ ਰੋਕਣ ਦੀ ਮੰਗ ਕੀਤੀ।
ਸ. ਸਿਰਸਾ ਨੇ ਸ. ਪਰਮਜੀਤ ਸਿੰਘ ਸਰਨਾ ਨੂੰ ਕਿਹਾ ਕਿ ਉਹ 12 ਸਾਲ ਕਮੇਟੀ ਦੇ ਪ੍ਰਧਾਨ ਰਹੇ ਹਨ ਤੇ ਉਹ ਉਸ ਅਖਬਾਰ ਦਾ ਨਾਮ ਦੱਸ ਦੇਣ ਜਿਸ ਵਿਚ ਉਨ੍ਹਾਂ ਦੀ ਆਡਿਟ ਰਿਪੋਰਟ ਛਪਦੀ ਰਹੀ ਹੈ, ਉਸੇ ਵਿਚ ਅਸੀਂ ਵੀ ਆਡਿਟ ਰਿਪੋਰਟ ਛਪਵਾ ਦਵਾਂਗੇ ਤੇ ਫਿਰ ਤੁਸੀਂ ਕਾਪੀ ਲੈ ਲੈਣਾ।

ਦਿੱਲੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਚੋਣਾਂ ਵਿਚ ਹਾਰ ਤੋਂ ਬੁਖਲਾਏ ਸਰਨੇ ਟੋਲੇ ਵਲੋਂ ਚੋਣਾਂ ਰੋਕਣ ਦਾ ਇਹ ਤੀਜਾ ਯਤਨ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਵਾਰ ਚੋਣਾਂ ਰੋਕਣ ਦਾ ਯਤਨ ਕੀਤਾ ਹੈ ਤੇ ਸਾਡੇ ਵਲੋਂ ਹਾਈਕੋਰਟ ਵਿਚ ਪਾਏ ਕੇਸ ਕਾਰਨ ਮੌਜੂਦਾ ਚੋਣਾਂ ਕਰਵਾਏ ਜਾਣ ਦੇ ਹੁਕਮ ਹੋਏ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਚੋਣਾਂ 22 ਅਗਸਤ ਨੂੰ ਹਰ ਹਾਲਤ ਵਿਚ ਹੋਣਗੀਆਂ ਤੇ ਸਰਨਾ ਧੜੇ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸੰਗਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਤੇ ਸਰਨਾ ਧੜੇ ਦੀਆਂ ਕੋਝੀਆਂ ਹਰਕਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।

ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਚੋਣਾਂ ਵਿਚ ਪ੍ਰਚਾਰ ਕਰਨ ਦੀ ਥਾਂ ’ਤੇ ਸਰਨਾ ਟੋਲਾ ਤੇ ਉਨ੍ਹਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ. ਕੇ. ਹਰ ਥੋੜੇ ਦਿਨਾਂ ਮਗਰੋਂ ਕੋਰਟ ਵਿਚ ਭੱਜ ਜਾਂਦੇ ਹਨ ਤੇ ਚੋਣਾਂ ਰੋਕਣ ਦੀ ਦੁਹਾਈ ਦਿੰਦੇ ਹਨ।

ਸ਼੍ਰੀ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ’ਤੇ ਪੂਰਾ ਵਿਸ਼ਵਾਸ਼ ਹੈ ਤੇ ਉਹ ਮੰਨਦੇ ਹਨ ਕਿ ਗੁਰੂ ਸਾਹਿਬ ਦੀ ਰਹਿਮਤ ਨਾਲ ਇਸ ਵਾਰ 22 ਅਗਸਤ ਨੂੰ ਚੋਣਾਂ ਹਰ ਹਾਲਤ ਵਿਚ ਹੋਣਗੀਆਂ, ਜਿਸ ਵਿਚ ਅਕਾਲੀ ਦਲ ਲਾਮਿਸਾਲ ਜਿੱਤ ਹਾਸਲ ਕਰੇਗਾ।

Spread the love