ਸਹਿਕਾਰੀ ਅਦਾਰੇ ਮਿਲਕਫੈਡ ਵੱਲੋਂ ਆਪਣੇ ਉਤਪਾਦਾਂ ਵਿੱਚ ਨਿਰੰਤਰ ਵਾਧੇ ਨਾਲ ਦਾਇਰੇ ਵਿੱਚ ਕੀਤੇ ਜਾ ਰਹੇ ਵਿਸਥਾਰ ਦੀ ਲੜੀ ਵਿੱਚ ਤਿਉਹਾਰਾਂ ਦੇ ਸੀਜ਼ਨ ਦੀ ਆਮਦ ਮੌਕੇ ਅੱਜ ਵੇਰਕਾ ਬਰਾਂਡ ਵੱਲੋਂ ਸਾਰਾ ਸਾਲ ਵਿਕਰੀ ਲਈ ਨਵੀਆਂ ਮਠਿਆਈਆਂ ਲਾਂਚ ਕੀਤੀਆਂ ਗਈਆਂ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਤੇ ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਵੱਲੋਂ ਇਥੇ ਸੈਕਟਰ-34 ਸਥਿਤ ਮਿਲਕਫੈਡ ਦੇ ਮੁੱਖ ਦਫਤਰ ਵਿਖੇ ਵੇਰਕਾ ਬਰਾਂਡ ਦੀ ਕਾਜੂ ਬਰਫੀ, ਬਰਾਊਨ ਪੇਡਾ, ਸੋਨ ਪਾਪੜੀ, ਮਿਲਕ ਕੇਕ, ਨਵਰਤਨ ਲੱਡੂ ਅਤੇ ਮੋਤੀਚੂਰ ਲੱਡੂ ਜਾਰੀ ਕੀਤੇ ਗਏ।

ਰੰਧਾਵਾ ਨੇ ਦੱਸਿਆ ਕਿ ਦਸੰਬਰ 2019 ਤੋਂ ਸਾਰਾ ਸੰਸਾਰ ਕੋਵਿਡ ਮਹਾਂਮਾਰੀ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਇਕ ਗੱਲ ਉਭਰ ਕੇ ਸਾਹਮਣੇ ਆਈ ਕਿ ਗਾਹਕਾਂ ਦਾ ਝੁਕਾਅ ਡੱਬਾਬੰਦ ਵਸਤਾਂ ਵੱਲ ਜ਼ਿਆਦਾ ਵੱਧ ਗਿਆ। ਮਿਲਕਫੈਡ ਨੇ ਇਸੇ ਲੋੜ ਨੂੰ ਦੇਖਦਿਆਂ ਮਠਿਆਈ, ਬੇਕਰੀ ਅਤੇ ਨਮਕੀਨ ਆਦਿ ਉਤਪਾਦਾਂ ਦਾ ਉਤਪਾਦਨ ਤੇ ਵਿਕਰੀ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਦੇ ਅਧਾਰ ‘ਤੇ ਕਰਨ ਲਈ ਲੋੜੀਂਦੇ ਕਦਮ ਚੁੱਕਦੇ ਹੋਏ ਚੰਡੀਗੜ੍ਹ ਸਵੀਟਸ ਨਾਲ ਸਮਝੌਤਾ ਕੀਤਾ। ਇਸ ਸਮਝੌਤੇ ਅਧੀਨ ਮਿਲਕਫੈਡ ਚੰਡੀਗੜ੍ਹ ਸਵੀਟਸ ਪਾਸੋਂ ਆਪਣੇ ਬਰਾਂਡ ਵੇਰਕਾ ਦੇ ਅਧੀਨ ਮਠਿਆਈ, ਨਮਕੀਨ ਅਤੇ ਬੇਕਰੀ ਆਦਿ ਉਤਪਾਦਾਂ ਦਾ ਉਤਪਾਦਨ ਕਰਕੇ ਸਾਰਾ ਸਾਲ ਵਿਕਰੀ ਰੋਇਲਟੀ ਦੇ ਆਧਾਰ ‘ਤੇ ਕਰੇਗੀ।

ਪੀ.ਪੀ.ਪੀ. ਅਧੀਨ ਪਾਰਟੀ ਵੱਲੋਂ ਮਿਲਕਫੈਡ ਨੂੰ ਇਕ ਸਾਲ ਵਿੱਚ 30 ਕਰੋੜ ਰੁਪਏ ਦੀ ਮਠਿਆਈ, ਨਮਕੀਨ ਅਤੇ ਬੇਕਰੀ ਦੀ ਵਿਕਰੀ ਕਰਨ ਦਾ ਟੀਚਾ ਹੈ ਅਤੇ ਇਹ ਵਿਕਰੀ ਨਾ ਸਿਰਫ ਕੌਮੀ ਪੱਧਰ ਉਤੇ ਸਗੋਂ ਕੌਮਾਂਤਰੀ ਪੱਧਰ ਉਤੇ ਵੀ ਕੀਤੀ ਜਾਵੇਗੀ । ਮਠਿਆਈਆਂ ਤੋਂ ਬਾਅਦ ਨਮਕੀਨ ਅਤੇ ਬੇਕਰੀ ਉਤਪਾਦ ਜਾਰੀ ਕੀਤੇ ਜਾਣਗੇ। ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਵੇਰਕਾ ਵੱਲੋਂ ਪਹਿਲਾਂ ਦੀਵਾਲੀ ਦੇ ਤਿਉਹਾਰ ਮੌਕੇ ਹੀ ਮਠਿਆਈ ਬਣਾਈ ਅਤੇ ਵੇਚੀ ਜਾਂਦੀ ਸੀ ਜਦੋਂ ਕਿ ਵੇਰਕਾ ਨੂੰ ਪਸੰਦ ਕਰਨ ਵਾਲੇ ਗਾਹਕ ਸਾਰਾ ਸਾਲ ਇਨ੍ਹਾਂ ਉਤਪਾਦਾਂ ਦੀ ਮੰਗ ਕਰਦੇ ਸਨ।

ਗਾਹਕਾਂ ਦੀ ਇਹ ਮੰਗ ਵੀ ਹੁਣ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੀ.ਪੀ.ਪੀ. ਮਾਡਲ ਰਾਹੀਂ ਲਾਂਚ ਕੀਤੇ ਇਨ੍ਹਾਂ ਉਤਪਾਦਾਂ ਉਤੇ ਮਿਲਕਫੈਡ ਦੀ ਬਿਨਾਂ ਕਿਸੇ ਨਿਵੇਸ਼ ਕੀਤੇ ਆਪਣੇ ਬਰਾਂਡ ਨਾਮ ਨਾਲ ਹੀ 30 ਕਰੋੜ ਰੁਪਏ ਦੀ ਟਰਨ ਓਵਰ ਵਧੇਗੀ ਅਤੇ ਇਹ ਲਾਭ ਸਿੱਧਾ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਉਤਪਾਦਾਂ ਲਈ ਕੱਚਾ ਮਾਲ ਅਤੇ ਇਸ ਦੀ ਸ਼ੁੱਧਤਾ ਉਤੇ ਕੰਟਰੋਲ ਮਿਲਕਫੈਡ ਵੱਲੋਂ ਹੀ ਕੀਤਾ ਜਾਵੇਗਾ।

Spread the love