ਸੀਨੀਅਰ ਕਾਂਗਰਸ ਆਗੂ, ਸਾਬਕਾ ਵਿਧਾਇਕ ਅਤੇ ਪੰਜਾਬ ਵਾਟਰ ਰਿਸੋਰਸਿਜ਼ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ(Jagbir Singh Brar)ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ।
ਜਲੰਧਰ ਦੇ ਮਾਡਲ ਟਾਊਨ ਸਥਿਤ ਆਪਣੀ ਰਿਹਾਇਸ਼ ਵਿਖ਼ੇ ਸ: ਬਰਾੜ ਨੇ ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ, ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ।
ਸ: ਸੁਖ਼ਬੀਰ ਸਿੰਘ ਬਾਦਲ ਅਤੇ ਸ: ਮਜੀਠੀਆ ਅੱਜ ਵਿਸ਼ੇਸ਼ ਤੌਰ ’ਤੇ ਸ: ਬਰਾੜ ਨੂੰ ਸ਼ਾਮਲ ਕਰਵਾਉਣ ਲਈ ਉਨ੍ਹਾਂ ਦੇ ਘਰ ਪੁੱਜੇ ਸਨ।
ਇਸ ਮੌਕੇ ਸ: ਸੁਖ਼ਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸ: ਜਗਬੀਰ ਸਿੰਘ ਬਰਾੜ 2022 ਚੋਣਾਂ ਲਈ ਹਲਕਾ ਜਲੰਧਰ ਛਾਉਣੀ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਸ: ਬਰਾੜ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਏ ਜਾਣ ਸੰਬੰਧੀ ਐਲਾਨ ਵੀ ਕਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਨਕੋਦਰ ਦੇ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ, ਹਲਕਾ ਆਦਮਪੁਰ ਦੇ ਵਿਧਾਇਕ ਸ੍ਰੀ ਪਵਨ ਟੀਨੂੰ, ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ: ਕੁਲਵੰਤ ਸਿੰਘ ਮੰਨਣ, ਸ:ਚਰਨਜੀਵ ਸਿੰਘ ਲਾਲੀ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ: ਬਰਾੜ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਹੀ ਇਸੇ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਪਰ 2017 ਚੋਣਾਂ ਵਿੱਚ ਇਹ ਟਿਕਟ ਸ: ਸਰਬਜੀਤ ਸਿੰਘ ਮੱਕੜ ਨੂੰ ਦਿੱਤੀ ਗਈ ਸੀ ਜੋ ਕਾਂਗਰਸ ਦੇ ਸ: ਪਰਗਟ ਸਿੰਘ ਤੋਂ ਹਾਰ ਗਏ ਸਨ।
ਸ: ਸਰਬਜੀਤ ਸਿੰਘ ਮੱਕੜ ਸ: ਜਗਬੀਰ ਸਿੰਘ ਬਰਾੜ ਦੀ ਵਾਪਸੀ ਦਾ ਵਿਰੋਧ ਤਾਂ ਨਹੀਂ ਕਰ ਰਹੇ ਸਨ ਪਰ ਉਨ੍ਹਾਂ ਨੂੰ ਹਲਕਾ ਸੌਂਪੇ ਜਾਣ ਦਾ ਵਿਰੋਧ ਜ਼ਰੂਰ ਕਰ ਰਹੇ ਸਨ। ਪਰ ਇਸ ਸਭ ਨੂੰ ਦਰਕਿਨਾਰ ਕਰਦਿਆਂ ਸ: ਸੁਖ਼ਬੀਰ ਸਿੰਘ ਬਾਦਲ ਨੇ ਸ: ਜਗਬੀਰ ਸਿੰਘ ਬਰਾੜ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਨੂੰ ਜਲੰਧਰ ਛਾਉਣੀ ਹਲਕੇ ਦਾ ਉਮੀਦਵਾਰ ਐਲਾਨਣ ਦੇ ਨਾਲ ਨਾਲ ਪਾਰਟੀ ਵਿੱਚ ਜਨਰਲ ਸਕੱਤਰ ਬਣਾਉਣ ਦਾ ਐਲਾਨ ਵੀ ਕਰ ਦਿੱਤਾ।
ਇਸ ਮੌਕੇ ਸ: ਸਰਬਜੀਤ ਸਿੰਘ ਮੱਕੜ ਦੇ ਵਿਰੋਧ ਬਾਰੇ ਪੁੱਛੇ ਜਾਣ ’ਤੇ ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਸ: ਮੱਕੜ ਪਾਰਟੀ ਦੇ ਮਿਹਨਤੀ ਆਗੂ ਹਨ ਅਤੇ ਸਮਾਂ ਆਉਣ ’ਤੇ ਉਨ੍ਹਾਂ ਨੂੰ ਕਿਸੇ ਚੰਗੇ ਅਹੁਦੇ ’ਤੇ ਅਡਜਸਟ ਕੀਤਾ ਜਾਵੇਗਾ।
ਇਹ ਵੀ ਜ਼ਿਕਰਯੋਗ ਹੈ ਕਿ ਸ: ਮੱਕੜ ਨੇ ਅੱਜ ਹੀ ਗੁਰਦੁਆਰਾ ਨੌਂਵੀਂ ਪਾਤਸ਼ਾਹੀ, ਗੁਰੂ ਤੇਗ ਬਹਾਦੁਰ ਨਗਰ ਵਿਖ਼ੇ ਆਪਣੇ ਸਮਰਥਕਾਂ ਦਾ ਇਕੱਠ ਰੱਖਦਿਆਂ ਇਹ ਦਾਅਵਾ ਕੀਤਾ ਸੀ ਕਿ ਸ: ਸੁਖ਼ਬੀਰ ਸਿੰਘ ਬਾਦਲ ਪਹਿਲਾਂ ਉਨ੍ਹਾਂ ਦੇ ਇਕੱਠ ਵਿੱਚ ਆਉਣਗੇ ਪਰ ਸ: ਸੁਖ਼ਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਉਨ੍ਹਾਂ ਨੂੰ ਕੋਈ ਐਸੀ ਸੂਚਨਾ ਜਾਂ ਸੱਦਾ ਨਹੀਂ ਹੈ।
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਅਤੇ ਸ: ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਦਲ ਵਿੱਚ ਹੁੰਦਿਆਂ ਜਲੰਧਰ ਛਾਉਣੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ 2007 ਵਿੱਚ ਸਾਬਕਾ ਮੰਤਰੀ ਸ੍ਰੀਮਤੀ ਗੁਰਕੰਵਲ ਕੌਰ ਨੂੰ ਹਰਾ ਕੇ ਵਿਧਾਇਕ ਬਣੇ ਸ: ਬਰਾੜ ਦੀ ਇਹ ਘਰ ਵਾਪਸੀ ਹੋਈ ਹੈ।
ਸ: ਬਰਾੜ ਜੋ ਪਹਿਲਾਂ ਸਰਕਾਰੀ ਸੇਵਾ ਵਿੱਚ ਸਨ ਨੇ ਸੇਵਾਮੁਕਤੀ ਲੈ ਕੇ ਅਕਾਲੀ ਦਲ ਦੇ ਮੰਚ ਤੋਂ ਹੀ ਸਿਆਸਤ ਸ਼ੁਰੂ ਕੀਤੀ ਸੀ ਪਰ ਬਾਅਦ ਵਿੱਚ ਸ: ਮਨਪ੍ਰੀਤ ਸਿੰਘ ਬਾਦਲ ਵੱਲੋਂ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਬਣਾਉਣ ’ਤੇ ਉਹ ਵਿਧਾਇਕੀ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਸ: ਮਨਪ੍ਰੀਤ ਸਿੰਘ ਬਾਦਲ ਨਾਲ ਚਲੇ ਗਏ ਸਨ।
‘ਪੀਪਲਜ਼ ਪਾਰਟੀ ਆਫ਼ ਪੰਜਾਬ’ ਦੀ ‘ਹੋਣੀ’ ਮਗਰੋਂ ਪਹਿਲਾਂ ਸ: ਮਨਪ੍ਰੀਤ ਸਿੰਘ ਬਾਦਲ ਅਤੇ ਫ਼ਿਰ ਕੁਝ ਸਮਾਂ ਪਾਉਣ ਮਗਰੋਂ ਸ: ਜਗਬੀਰ ਸਿੰਘ ਬਰਾੜ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਾਲਾਂਕਿ ਇਸ ਵੇਰਾਂ ਉਹਨਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਬਰਾਸਤਾ ਸ: ਮਨਪ੍ਰੀਤ ਸਿੰਘ ਬਾਦਲ ਨਾਲ ਹੋ ਕੇ ਕੈਪਟਨ ਅਮਰਿੰਦਰ ਸਿੰਘ ਰਾਹੀਂ ਹੋਈ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਜਲੰਧਰ ਛਾਉਣੀ ਹਲਕੇ ਤੋਂ ਹੀ ਕਾਂਗਰਸ ਉਮੀਦਵਾਰ ਬਣਾਉਣ ਲਈ ਹਾਮੀ ਭਰੀ ਸੀ।
ਐਪਰ ਸਮੇਂ ਨੇ ਐਸੀ ਕਰਵਟ ਲਈ ਕਿ 2017 ਚੋਣਾਂ ਤੋਂ ਐਨ ਪਹਿਲਾਂ ਸ: ਨਵਜੋਤ ਸਿੰਘ ਸਿੱਧੂ ਅਤੇ ਉਲੰਪੀਅਨ ਸ: ਪਰਗਟ ਸਿੰਘ ਕਾਂਗਰਸ ਦੀ ਕੇਂਦਰੀ ਹਾਈਕਮਾਨ ਰਾਹੀਂ ਪੰਜਾਬ ਕਾਂਗਰਸ ਵਿੱਚ ਪ੍ਰਵੇਸ਼ ਕਰ ਗਏ ਜਿਸ ਨਾਲ ਜਲੰਧਰ ਛਾਉਣੀ ਹਲਕੇ ਦੀ ਸੀਟ ਬਾਰੇ ਰੋਲ ਘਚੋਲਾ ਸ਼ੁਰੂ ਹੋ ਗਿਆ ਕਿਉਂਕਿ ਸ: ਪਰਗਟ ਸਿੰਘ ਵੀ ਇਸੇ ਸੀਟ ਤੋਂ ਉਮੀਦਵਾਰ ਸਨ। ਇਸ ਚੱਕਰ ਵਿੱਚ ਕਾਂਗਰਸ ਦੀ ਕੇਂਦਰੀ ਹਾਈਕਮਾਨ ਵੱਲੋਂ ਸ: ਸਿੱਧੂ ਅਤੇ ਸ: ਪਰਗਟ ਸਿੰਘ ਨਾਲ ਕੀਤੇ ਵਾਅਦੇ ਮੁਤਾਬਕ ਜਲੰਧਰ ਛਾਉਣੀ ਸੀਟ ਸ: ਪਰਗਟ ਸਿੰਘ ਦੇ ਹਿੱਸੇ ਆ ਗਈ ਜਦਕਿ ਸ: ਜਗਬੀਰ ਸਿੰਘ ਬਰਾੜ ਨੂੰ ਧੱਕੋਜ਼ੋਰੀ ਕਰਤਾਰਪੁਰ ਸੀਟ ’ਤੇ ਸ਼ਿਫਟ ਕੀਤਾ ਗਿਆ ਜਿੱਥੇ ਉਹ ਟਕਸਾਲੀ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਬੇਟੇ ਸ: ਗੁਰਪ੍ਰਤਾਪ ਸਿੰਘ ਵਡਾਲਾ ਤੋਂ ਹਾਰ ਗਏ। ਇਧਰ ਜਲੰਧਰ ਛਾਉਣੀ ਹਲਕੇ ਤੋਂ ਸ: ਪਰਗਟ ਸਿੰਘ ਨੇ ‘ਆਪ’ ਦੇ ਉਮੀਦਵਾਰ ਤੋਂ ਇਲਾਵਾ ਅਕਾਲੀ ਦਲ ਦੇ ਸ: ਸਰਬਜੀਤ ਸਿੰਘ ਮੱਕੜ ਨੂੰ ਹਰਾਇਆ ਸੀ ਜੋ ਇਸ ਵੇਲੇ ਇਸ ਹਲਕੇ ਦੇ ਇੰਚਾਰਜ ਹਨ ਅਤੇ ਅਗਲੀ ਚੋਣ ਲੜਨ ਦੀ ਤਿਆਰੀ ਖਿੱਚੀ ਬੈਠੇ ਸਨ ਪਰ ਹੁਣ ਪਾਰਟੀ ਨੇ ਸ: ਬਰਾੜ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ।
ਸ:ਜਗਬੀਰ ਸਿੰਘ ਬਰਾੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਕਦਰ ਨਜ਼ਦੀਕ ਸਨ ਕਿ ਉਨ੍ਹਾਂ ਨੇ ਪਾਰਟੀ ਵੱਲੋਂ ਟਿਕਟ ਪ੍ਰਾਪਤ ਕਰਕੇ ਚੋਣ ਲੜਨ ਵਾਲੇ ਆਗੂਆਂ ਨੂੰ ਚੇਅਰਮੈਨੀਆਂ ਨਾ ਦੇਣ ਦੇ ਆਪਣੇ ਐਲਾਨ ਤੋਂ ਬਾਹਰ ਜਾਂਦਿਆਂ ਸ: ਜਗਬੀਰ ਸਿੰਘ ਬਰਾੜ ਨੂੰ ਸੂਬਾ ਪੱਧਰੀ ਚੇਅਰਮੈਨੀ ਨਾਲ ਨਿਵਾਜਿਆ।
ਸ: ਨਵਜੋਤ ਸਿੰਘ ਸਿੱਧੂ ਅਤੇ ਸ: ਪਰਗਟ ਸਿੰਘ ਦੇ ਮੁੱਖ ਮੰਤਰੀ ਖਿਲਾਫ਼ ਖੁਲ੍ਹ ਕੇ ਬੋਲਣ ਅਤੇ ਉਨ੍ਹਾਂ ਦੇ ਪਾਰਟੀ ਤੋਂ ਬਾਹਰ ਹੋ ਜਾਣ ਅਤੇ ਕਿਸੇ ਦੂਜੀ ਪਾਰਟੀ ਦਾ ਪੱਲਾ ਫ਼ੜਣ ਦੀਆਂ ਚੱਲਦੀਆਂ ਆਈਆਂ ਕਿਆਸ ਅਰਾਈਆਂ ਦੇ ਮੱਧੇਨਜ਼ਰ ਸਿਆਸੀ ਹਲਕਿਆਂ ਵਿੱਚ ਇਹ ਗੱਲ ਆ ਰਹੀ ਸੀ ਕਿ ਸ:ਪਰਗਟ ਸਿੰਘ 2022 ਚੋਣਾਂ ਵਿੱਚ ਸ਼ਾਇਦ ਕਾਂਗਰਸ ਉਮੀਦਵਾਰ ਨਹੀਂ ਹੋਣਗੇ ਅਤੇ ਸ: ਜਗਬੀਰ ਸਿੰਘ ਬਰਾੜ ਆਪਣੇ ਹਲਕੇ ਜਲੰਧਰ ਛਾਉਣੀ ਤੋਂ ਮੁੜ ਉਮੀਦਵਾਰ ਬਣਾਏ ਜਾ ਸਕਣਗੇ।
ਪਰ ਸਮੇਂ ਨੇ ਇਕ ਵਾਰ ਫ਼ਿਰ ਕਰਵਟ ਲਈ ਅਤੇ ਹਾਈਕਮਾਨ ਨੇ ਸ: ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ ਜਿਸ ਮਗਰੋਂ ਇਹ ਲਗਪਗ ਸਪਸ਼ਟ ਹੋ ਗਿਆ ਕਿ ਸ: ਪਰਗਟ ਸਿੰਘ ਹੀ ਕਾਂਗਰਸ ਪਾਰਟੀ ਦੇ ਜਲੰਧਰ ਛਾਉਣੀ ਤੋਂ ਮੁੜ ਉਮੀਦਵਾਰ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਸ: ਬਰਾੜ ਦੇ ਅਕਾਲੀ ਦਲ ਵੱਲ ਮੋੜੇ ਦਾ ਇਹੀ ਵੱਡਾ ਕਾਰਨ ਹੈ।
ਇਸ ਵਾਰ ਦੁਆਬੇ ਦੇ ਵਿਧਾਨ ਸਭਾ ਹਲਕਿਆਂ ਦੇ ਅਕਾਲੀ ਇਸ ਗੱਲ ਲਈ ਵੀ ਪੱਬਾਂ ਭਾਰ ਹਨ ਕਿ ਉਨ੍ਹਾਂ ਨੂੰ ਬਸਪਾ ਦਾ ਸਾਥ ਮਿਲਿਆ ਹੋਇਆ ਹੈ ਜਿਸ ਨਾਲ ਉਨ੍ਹਾਂ ਦੀਆਂ ਵੋਟਾਂ ਵਿੱਚ ਵਾਧਾ ਹੋਵੇਗਾ ਹਾਲਾਂਕਿ ਇਹ ਗੱਲ ਨਹੀਂ ਕੀਤੀ ਜਾ ਰਹੀ ਕਿ ਭਾਜਪਾ ਦਾ ਸਾਥ ਛੁੱਟ ਜਾਣ ਦਾ ਕੁਝ ਨੁਕਸਾਨ ਵੀ