ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਨੇ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੇ ਹੱਕ ਵਿਚ ਨਿੱਤਰਦਿਆਂ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਰਾਹੀਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਖੇਤੀ ਸੰਬੰਧੀ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ।

ਨਵੀਂ ਮੁੰਬਈ ਦੀਆਂ ਸਿੱਖ ਸੰਗਤਾਂ ਦੇ ਇਕ ਵਫ਼ਦ ਨੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਜ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਹਾਲ ਹੀ ’ਚ ਮੋਦੀ ਸਰਕਾਰ ’ਚ ਪੰਚਾਇਤੀ ਰਾਜ ਮੰਤਰੀ ਵਜੋਂ ਨਿਯੁਕਤ ਕੀਤੇ ਗਏ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਭਾਰਤ ਸਰਕਾਰ ਵਿਚ ਪੰਚਾਇਤ ਰਾਜ ਮੰਤਰੀ ਦੇ ਤੌਰ ’ਤੇ ਅਹਿਮ ਜ਼ਿੰਮੇਵਾਰੀ ਮਿਲਣ ‘ਤੇ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮਹਾਰਾਸ਼ਟਰ ਰਾਜ ਦੇ ਲੋਕ ਤੁਹਾਡੀ ਇਸ ਨਵੀਂ ਜ਼ਿੰਮੇਵਾਰੀ ਵਿੱਚ ਸਫਲਤਾ ਦੀ ਕਾਮਨਾ ਕਰਦੇ ਹਾਂ।

ਪ੍ਰੋ: ਸਰਚਾਂਦ ਸਿੰਘ ਅਨੁਸਾਰ ਵਫ਼ਦ ਨੇ ਇਸ ਮੌਕੇ ਇਕ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀਬਾੜੀ ਬਿੱਲਾਂ ਦਾ ਪਿਛਲੇ 9 ਮਹੀਨਿਆਂ ਤੋਂ ਦਿਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਗਾ ਕੇ ਜ਼ਬਰਦਸਤ ਵਿਰੋਧ ਕਰ ਰਹੇ ਹਨ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਸ੍ਰੀ ਕਪਿਲ ਪਾਟਿਲ ਨੂੰ ਤਿੰਨ ਖੇਤੀਬਾੜੀ ਸੰਬੰਧੀ ਪਾਸ ਕੀਤੇ ਗਏ ਬਿੱਲਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ’ਤੇ ਯੋਗ ਦਬਾਅ ਬਣਾਉਣ ਅਤੇ ਇਸ ਮਾਮਲੇ ਪ੍ਰਤੀ ਕਿਸਾਨਾਂ ਨੂੰ ਸਵੀਕਾਰਨ ਯੋਗ ਸਥਾਈ ਹੱਲ ਲਈ ਆਪਣੇ ਰੁਤਬੇ ਅਤੇ ਅਸਰ ਰਸੂਖ਼ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਕੇਂਦਰੀ ਮੰਤਰੀ ਕਪਿਲ ਪਾਟਿਲ ਨੇ ਸਿੱਖ ਭਾਈਚਾਰੇ ਵੱਲੋਂ ਮਹਾਰਾਸ਼ਟਰ ਦੇ ਵਿਕਾਸ ’ਚ ਪਾਏ ਜਾ ਰਹੇ ਯੋਗਦਾਨ ਅਤੇ ਕਰੋਨਾ ਦੀ ਮਹਾਂਮਾਰੀ ਦੇ ਸਮੇਂ ਮਹਾਰਾਸ਼ਟਰ ਦੇ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸਿੱਖ ਵਫ਼ਦ ਦੀਆਂ ਮੰਗਾਂ ਵਲ ਧਿਆਨ ਦੇਣ ਦਾ ਵਾਅਦਾ ਕਰਦਿਆਂ ਉਨ੍ਹਾਂ ਤੇ ਸਰਕਾਰ ਨੂੰ ਵਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ।

ਇਸ ਮੌਕੇ ਵਿਧਾਇਕ ਗਨੇਸ਼ ਨਾਇਕ, ਵਿਧਾਇਕ ਮੰਦਾਤਾਈ ਮਹਾਤਰੇ ਸਮੇਤ ਵਫ਼ਦ ਵਿਚ ਨਵੀਂ ਮੁੰਬਈ ਗੁਰਦੁਆਰਜ ਦੇ ਆਗੂ ਭਾਈ ਜਸਪਾਲ ਸਿੰਘ ਸਿੱਧੂ ਨਾਲ ਗੁ: ਪਨਵੇਲ ਦੇ ਪ੍ਰਧਾਨ ਸ: ਹਰਵਿੰਦਰ ਸਿੰਘ ਬੁਟਰ, ਗੁ: ਕਲਮਬੋਲੀ ਦੇ ਪ੍ਰਧਾਨ ਸ: ਜੋਗਿੰਦਰ ਸਿੰਘ, ਨਰੂਲ ਗੁ: ਦੇ ਪ੍ਰਧਾਨ ਸ: ਗਿਆਨ ਸਿੰਘ, ਗੁ: ਅਰੌਲੀ ਦੇ ਪ੍ਰਧਾਨ ਅਮਰਪਾਲ ਸਿੰਘ, ਗੁ: ਖਾਰਗੜ ਤੋਂ ਸਤਨਾਮ ਸਿੰਘ ਮਾਨ ਤ ਪ੍ਰਤਾਪ ਸਿੰਘ ਭੈਲ, ਕਾਮੋਥੇ ਗੁ: ਸਾਹਿਬ ਦੇ ਪ੍ਰਧਾਨ ਚਰਨਦੀਪ ਸਿੰਘ , ਗੁ: ਅਰੌਲੀ ਤੋਂ ਅਮਰਜੀਤ ਸਿੰਘ, ਕੋਪਰ ਖੈਰਨੇ ਦੇ ਪ੍ਰਧਾਨ ਇੰਦਰ ਪ੍ਰੀਤ ਸਿੰਘ, ਹੀਰਾ ਸਿੰਘ ਪੱਡਾ, ਬਲਦੇਵ ਸਿੰਘ ਸੰਧੂ, ਅਮਰਜੀਤ ਸਿੰਘ ਰੰਧਾਵਾ, ਬੁਟਾ ਸਿੰਘ ਘੁਮਾਣ, ਪਿਆਰਾ ਸਿੰਘ ਕੈਨੇਡਾ, ਸਰਵਨ ਸਿੰਘ ਸੰਧੂ ਇੰਗਲੈਂਡ, ਕੁਲਬੀਰ ਸਿੰਘ ਸੰਧੂ ਤੇ ਇਕਬਾਲ ਸਿੰਘ ਰੰਧਾਵਾ ਵੀ ਮੌਜੂਦ ਸਨ।

Spread the love