ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਦੀਆਂ 22 ਅਗਸਤ ਨੁੰ ਹੋਣ ਜਾ ਰਹੀਆਂ ਚੋਣਾਂ ਵਿਚ ਅਕਾਲੀ ਦਲ 46 ਵਿਚੋਂ 45 ਸੀਟਾਂ ਜਿੱਤ ਕੇ ਨਵਾਂ ਰਿਕਾਰਡ ਕਾਇਮ ਕਰੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਹਾਂ ਪੱਖੀ ਕੰਮ ਬਨਾਮ ਨਾਂਹ ਪੱਖੀ ਪ੍ਰਚਾਰ ’ਤੇ ਹੋਈਆਂ ਹਨ ਜਿਸ ਵਿਚ ਅਕਾਲੀ ਦਲ ਨੇ ਸਿਰਫ ਹਾਂ ਪੱਖੀ ਸਟੈਂਡ ਲਿਆ ਤੇ ਸਿਰਫ ਦੋ ਸਾਲਾਂ ਦੇ ਅੰਦਰ ਅੰਦਰ ਆਪਣੇ ਕੀਤੇ ਕੰਮ ਲੋਕਾਂ ਦੇ ਸਾਹਮਣੇ ਰੱਖੇ ਤੇ ਹਰ ਗੱਲ ਉਸਾਰੂ ਕੀਤੀ। ਪਾਰਟੀ ਨੇ ਕਿਤੇ ਵੀ ਨਾਂਹ ਪੱਖੀ ਨਾ ਕੋਈ ਗੱਲ ਤੇ ਨਾ ਹੀ ਕੋਈ ਨਾਂਹ ਪੱਖੀ ਬਿਆਨਬਾਜ਼ੀ ਕੀਤੀ।
ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਦੇ ਵਿਰੋਧੀ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਦਾ ਸਾਰਾ ਚੋਣ ਪ੍ਰਚਾਰ ਨਾਂਹ ਪੱਖੀ ਰਿਹਾ। ਉਹਨਾਂ ਕਿਹਾ ਕਿ ਸਾਡੇ ਵਿਰੋਧੀਆਂ ਕੋਲ ਸੰਗਤ ਸਾਹਮਣੇ ਪੇਸ਼ ਕਰਨ ਵਾਸਤੇ ਕੋਈ ਗੱਲ ਨਹੀਂ ਸੀ ਤੇ ਇਹਨਾਂ ਨੇ ਨਾ ਸਿਰਫ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕਰ ਕੇ ਸੰਗਤ ਨੁੰ ਗੁੰਮਰਾਹ ਕਰਨ ਦਾ ਅਫਸਲ ਯਤਨ ਕੀਤਾ।
ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੇ ਅੱਜ ਤੱਕ ਇਕ ਦੂਜੇ ਪ੍ਰਤੀ ਮੰਦੀ ਸ਼ਬਦਾਵਲੀ ਹੀ ਵਰਤੀ ਤੇ ਇਕ ਦੂਜੇ ਨੁੰ ਦੋਸ਼ੀ ਠਹਿਰਾਉਣ ਦਾ ਯਤਨ ਕੀਤਾ ਪਰ ਜਦੋਂ ਇਹਨਾਂ ਨੂੰ ਆਪਣੀ ਹਾਰ ਪ੍ਰਤੱਖ ਦਿਸ ਰਹੀ ਹੈ ਤਾਂ ਇਹਨਾਂ ਨੇ ਅਕਾਲੀ ਦਲ ਖਿਲਾਫ ਆਪਸ ਵਿਚ ਹੱਥ ਮਿਲਾ ਗਏ ਪਰ ਇਸ ਗੱਲ ਤੋਂ ਸੰਗਤ ਭਲੀ ਭਾਂਤ ਜਾਣੂ ਹੈ।
ਉਹਨਾਂ ਕਿਹਾ ਕਿ ਸੰਗਤ ਇਹਨਾਂ ਤੋਂ ਜਵਾਬ ਚਾਹੁੰਦੀ ਹੈ ਕਿ ਕੋਰੋਨਾ ਕਾਲ ਵੇਲੇ ਜਦੋਂ ਦਿੱਲੀ ਕਮੇਟੀ ਲੋਕਾਂ ਦੀ ਸਾਰ ਲੈ ਰਹੀ ਸੀ, ਉਦੋਂ ਇਹ ਕਿਥੇ ਸਨ। ਇਹਨਾਂ ਨੇ ਲੋਕਾਂ ਦੇ ਇਲਾਜ ਲਈ ਬਣਾਏ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦਾ ਵਿਰੋਧ ਕੀਤਾ।
ਉਹਨਾਂ ਕਿਹਾ ਕਿ ਸੰਗਤ ਨੇ ਵਿਰੋਧੀਆਂ ਦਾ ਕੂੜ ਪ੍ਰਚਾਰ ਵੇਖਿਆ ਹੈ ਤੇ ਸਾਡੇ ਕੰਮ ਵੇਖਦੇ ਹਨ ਜਿਸਦੇ ਬਲਬੂਤੇ ਸੰਗਤ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਫਿਰ ਤੋਂ ਸੇਵਾ ਮੌਜੂਦਾ ਨੌਜਵਾਨਾਂ ਦੀ ਟੀਮ ਨੂੰ ਹੀ ਦਿੱਤੀ ਜਾਵੇ ਤੇ 22 ਅਗਸਤ ਨੂੰ ਬਾਲਟੀ ਨੁੰ ਵੋਟਾਂ ਪਾ ਕੇ ਇਸ ਫੈਸਲੇ ’ਤੇ ਮੋਹਰ ਲਗਾਈ ਜਾਵੇਗੀ।
ਉਹਨਾਂ ਕਿਹਾ ਕਿ ਵਿਰੋਧੀ ਵੀ 25 ਅਗਸਤ ਨੁੰ ਆਪ ਵੇਖ ਲੈਣਗੇ ਕਿ 46 ਦੀਆਂ 45 ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰ ਭਾਰੀ ਫਰਕ ਨਾਲ ਹੰੂਝਾ ਫੇਰ ਜਿੱਤ ਦਰਜ ਕਰਨਗੇ।