ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਅਮਰਾਲੀ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਿੰਡ ਪਹੁੰਚਣ ‘ਤੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਡਟਕੇ ਨਾਰੇਬਾਜੀ ਕੀਤੀ ਗਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਇਹ ਸਿਆਸੀ ਲੀਡਰ ਕਿਸਾਨਾਂ ਦੇ ਨਾਲ ਨਹੀਂ ਖੜ੍ਹੇ ਅਸੀਂ ਵੀ ਇਨ੍ਹਾਂ ਦੇ ਨਾਲ ਨਹੀਂ ਖੜ੍ਹਾਂਗੇ।

ਪਿੰਡ ਵਾਸੀਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕਿਸੇ ਦੇ ਘਰ ਅੱਜ ਅਫਸੋਸ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਮੌਤਾਂ ਤਾਂ ਪਿੰਡ ਵਿੱਚ ਪਹਿਲਾਂ ਵੀ ਹੋਈਆਂ ਸਨ। ਕੈਬਨਿਟ ਮੰਤਰੀ ਉਸ ਸਮੇਂ ਅਫ਼ਸੋਸ ਕਰਨ ਲਈ ਕਿਉ ਨਹੀਂ ਪਹੁੰਚੇ ?

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਰਾਜੇਵਾਲ ਮੋਰਿੰਡਾ ਬਲਾਕ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਗੁਮਰਾਹ ਕਰਕੇ ਪਿੰਡ-ਪਿੰਡ ਜਾ ਕੇ ਆਪਣੀਆਂ ਵੋਟਾਂ ਇਕੱਠੀਆਂ ਕਰ ਰਿਹਾ ਹੈ ਅਤੇ ਝੂਠੇ ਵਾਅਦੇ ਕਰ ਰਿਹਾ ਹੈ ਕਿ ਇਸ ਵਾਰ 2022 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਨ ‘ਤੇ ਉਹ ਹਰ ਚੀਜ਼ ਮੁਹੱਈਆ ਕਰਵਾਉਣਗੇ।

ਜਿਨ੍ਹਾਂ ਚੀਜ਼ਾਂ ਦੀਆਂ ਲੋਕਾਂ ਨੂੰ ਜ਼ਰੂਰਤਾਂ ਹਨ ਪਰ ਕੈਬਨਿਟ ਮੰਤਰੀ ਅਤੇ ਸਰਕਾਰ ਦੇ ਪਹਿਲਾ ਕੀਤੇ ਸਾਰੇ ਵਾਅਦੇ ਅਧੂਰੇ ਦੇ ਅਧੂਰੇ ਪਏ ਹਨ। ਕਿਸਾਨ ਪਿਛਲੇ 270 ਦਿਨ ਤੋਂ ਦਿੱਲੀ ਬਾਰਡਰ ਪਰ ਬੈਠੇ ਹਨ ਨਾ ਤਾਂ ਕਿਸਾਨਾਂ ਦੀ ਕੇਂਦਰ ਸਰਕਾਰ ਨੇ ਸੁਣੀ ਨਾ ਹੀ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸੁਣੀ ਇਹ ਤਾਂ ਸਿਰਫ ਆਪਣੀ ਕੁਰਸੀ ਦੇ ਪਿੱਛੇ ਭੱਜ ਰਹੇ ਹਨ ।

ਜਿਸ ਦੇ ਚਲਦਿਆਂ ਅੱਜ ਪਿੰਡ ਅਮਰਾਲੀ ਵਿੱਚ ਕੈਬਨਿਟ ਮੰਤਰੀ ਦੇ ਆਉਣ ਤੇ ਪਿੰਡ ਵਾਸੀਆਂ ਨੇ ਉਸ ਦਾ ਵਿਰੋਧ ਕਾਲੀਆਂ ਝੰਡੀਆਂ ਅਤੇ ਕਿਸਾਨੀ ਝੰਡੇ ਦਿਖਾ ਕੇ ਕੀਤਾ ਅਤੇ ਨਾਅਰੇਬਾਜ਼ੀ ਕਰਦੇੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਿੰਡ ਚੋਂ ਬਾਹਰ ਭੱਜਣ ਲਈ ਮਜਬੂਰ ਕਰ ਦਿੱਤਾ ।

ਦੂਜੇ ਪਾਸੇ ਪਿੰਡ ਦੀ ਕਮੇਟੀ ਨੇ ਫ਼ੈਸਲਾ ਲਿਆ ਕਿ ਜਦੋਂ ਤੱਕ ਤਿੰਨੋ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਸਾਰੀਆਂ ਪਾਰਟੀਆਂ ਦੇ ਸਿਆਸੀ ਨੇਤਾਵਾਂ ਨੂੰ ਪਿੰਡ ਵਿੱਚ ਨਹੀ ਵੜਨ ਦਿੱਤਾ ਜਾਵੇਗਾ ਜੇਕਰ ਫਿਰ ਵੀ ਕੋਈ ਸਿਆਸੀ ਨੇਤਾ ਆਪਣੀ ਪਾਰਟੀ ਨੂੰ ਲੈ ਕੇ ਪਿੰਡ ਵਿੱਚ ਆਵੇਗਾ ਤਾਂ ਉਸ ਦਾ ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇਗਾ ਅਤੇ ਉਸ ਨੂੰ ਪਿੰਡ ਵਿੱਚੋਂ ਜਾਣ ਲਈ ਮਜਬੂਰ ਕਰਾਗੇ।

ਦੂਜੇ ਪਾਸੇ ਪਿੰਡ ਦੇ ਕਿਸਾਨ ਕਮਲਜੀਤ ਸਿੰਘ ਨੇ ਕਿਹਾ ਕਿ ਪਿੰਡ ਅਮਰਾਲੀ ਦੇ ਚਾਰੇ ਪਾਸੇ ਪਿੰਡ ਦੇ ਸਹਿਯੋਗ ਨਾਲ ਫਲੈਕਸ ਬੋਰਡ ਲਗਾਏ ਗਏ ਸਨ ਜਿਨ੍ਹਾਂ ਉਪਰ ਲਿਖਿਆ ਹੋਇਆ ਸੀ ਕਿ ਕੋਈ ਵੀ ਸਿਆਸੀ ਨੇਤਾ ਪਿੰਡ ਵਿੱਚ ਨਹੀਂ ਆਉਣਾ ਚਾਹੀਦਾ, ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਏ ਹੋਏ ਫਲੈਕਸ ਬੋਰਡਾ ਨੂੰ ਉਤਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਕੱਲ੍ਹ ਨੂੰ ਇੱਕ ਵਿਸ਼ਾਲ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਫ਼ੈਸਲਾ ਲਿਆ ਜਾਵੇਗਾ ਕਿ ਜੇ ਕੋਈ ਸ਼ਰਾਰਤੀ ਅਨਸਰ ਫਿਰ ਦੁਬਾਰਾ ਤੋਂ ਉਨ੍ਹਾਂ ਉਨ੍ਹਾਂ ਵੱਲੋਂ ਲਗਾਏ ਗਏ ਫਲੈਕਸ ਬੋਰਡਾਂ ਨੂੰ ਉਤਾਰੇਗਾ ਤਾਂ ਉਸ ਦਾ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਵੀਰ ਸਿੰਘ ਨੇ ਕੈਬਨਿਟ ਮੰਤਰੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕੈਬਨਿਟ ਮੰਤਰੀ ਕਿਆ ਕੋਈ ਵੀ ਨੇਤਾ ਪਿੰਡ ਵਿਚ ਨਹੀਂ ਆਵੇਗਾ ਜੇਕਰ ਫਿਰ ਵੀ ਕੋਈ ਨੇਤਾ ਪਿੰਡ ਵਿਚ ਆਵੇਗਾ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਉਹ ਇਸ ਦਾ ਖ਼ੁਦ ਜਿੰਮੇਵਾਰ ਹੋਵੇਗਾ।

Spread the love