ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਡੀਜੀਪੀ ਪੰਜਾਬ ਸ੍ਰੀ ਸੁਮੇਧ ਸਿੰਘ ਸੈਣੀ ਨੂੰ ਥਾਣਾ ਵਿਜੀਲਂੈਸ ਬਿਊਰੋ, ਉਡਣ ਦਸਤਾ-1, ਪੰਜਾਬ ਵਿਖੇ ਦਰਜ ਮੁਕੱਦਮਾ ਨੰ: 11, ਮਿਤੀ 17-9-2020, ਅ/ਧ 409, 420, 465, 467, 468, 471, 120-ਬੀ ਆਈਪੀਸੀ ਅਤੇ 7 (ਏ) (ਬੀ) (ਸੀ) ਅਤੇ 7-ਏ, 13 (1) ਰ/ਵ 13(2) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਧੀਨ ਗਿ੍ਰਫਤਾਰ ਕਰ ਲਿਆ ਹੈ ਜਿਸਨੂੰ ਅੱਜ ਨੂੰ ਐਸ.ਏ.ਐਸ. ਨਗਰ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਰਾਲੀ, ਜਿਲਾ ਐਸ.ਏ.ਐਸ. ਨਗਰ ਵਿਖੇ ਸਾਲ 2013 ਵਿੱਚ ਵਰਲਡ ਵਾਈਡ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸਿਜ਼ ਇਸਟੇਟਸ ਪ੍ਰਾਈਵੇਟ ਲਿਮ. ਐਸ.ਏ.ਐਸ. ਨਗਰ ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਵੱਲੋਂ ਸਥਾਨਿਕ ਸਰਕਾਰਾਂ ਪੰਜਾਬ ਦੇ ਡਿਪਟੀ ਡਾਇਰੈਕਟਰ ਅਸ਼ੋਕ ਸਿੱਕਾ, ਪੀਸੀਐਸ (ਰਿਟਾ:), ਸਾਗਰ ਭਾਟੀਆ, ਸੀਨੀਅਰ ਟਾਊਨ ਪਲੈਨਰ (ਰਿਟਾ:) ਅਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਖੇਤੀਬਾੜੀ ਵਾਲੀ ਜਮੀਨ ਤੇ ਕੁਦਰਤੀ ਚੋਅ ਨੂੰ ਗੈਰਕਾਨੂੰਨੀ ਤਰੀਕੇ ਨਾਲ ਰਿਹਾਇਸ਼ੀ ਕਾਲੋਨੀ ਦਰਸਾ ਕੇ, ਗ੍ਰੀਨ ਮੀਡੋਜ਼-1 ਅਤੇ ਗ੍ਰੀਨ ਮੀਡੋਜ਼-2 ਨਾਮ ਦੀਆਂ ਰਿਹਾਇਸ਼ੀ ਕਾਲੋਨੀਆਂ ਅਸਲ ਤੱਥ ਲੁਕੋ ਕੇ, ਫਰਜੀ ਤੇ ਝੂਠੇ ਦਸਤਾਵੇਜਾਂ ਦੇ ਅਧਾਰ ’ਤੇ ਧੋਖਾਧੜੀ ਨਾਲ ਪਾਸ ਕਰਵਾ ਲਈਆਂ ਸਨ।

ਇਸ ਸਬੰਧੀ ਮੁਕੱਦਮਾ 11 ਮਿਤੀ 17-9-2020, ਅ/ਧ 409, 420, 465, 467, 468, 471, 120-ਬੀ ਆਈਪੀਸੀ ਅਤੇ 7 (ਏ) (ਬੀ) (ਸੀ) ਅਤੇ 7-ਏ, 13 (1) ਰ/ਵ 13 (2) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਧੀਨ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ ਮੋਹਾਲੀ ਵਿਰੁੱਧ ਉਕਤ ਦੋਸ਼ੀਆਂ ਦਰਜ ਕੀਤਾ ਗਿਆ ਸੀ।

ਉਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਦਵਿੰਦਰ ਸਿੰਘ ਸੰਧੂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਦਾ ਪੁਰਾਣਾ ਜਾਣਕਾਰ ਸੀ ਅਤੇ ਨਿਮਰਤਦੀਪ ਸਿੰਘ ਦੀ ਉੱਚ ਅਧਿਕਾਰੀਆਂ ਨਾਲ ਕਾਫੀ ਜਾਣ ਪਹਿਚਾਣ ਸੀ। ਉਸ ਵੱਲੋਂ ਉਕਤ ਕਾਲੋਨੀਆਂ ਸਰਟੀਫਾਈ ਕਰਵਾਉਣ ਬਦਲੇ ਦਵਿੰਦਰ ਸਿੰਘ ਸੰਧੂ ਪਾਸੋਂ ਤਕਰੀਬਨ 6 ਕਰੋੜ ਰੁਪਏ ਰਿਸ਼ਵਤ ਮੰਗ ਕੇ ਹਾਸਲ ਕੀਤੀ ਗਈ ਸੀ।

ਬੁਲਾਰੇ ਅਨੁਸਾਰ ਵਿਜੀਲੈਂਸ ਵੱਲੋਂ ਮੁੱਢਲੀ ਜਾਂਚ ਉਪਰੰਤ ਨਿਮਰਤਦੀਪ ਸਿੰਘ, ਉਸਦਾ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਉਸਦੇ ਸਹਿਯੋਗੀ ਤਰਨਜੀਤ ਸਿੰਘ ਅਨੇਜਾ ਤੇ ਮੋਹਿਤ ਪੁਰੀ ਆਦਿ ਨੂੰ ਦੋਸ਼ੀ ਨਾਮਜਦ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਦੋਸ਼ੀ ਨਿਮਰਤਦੀਪ ਸਿੰਘ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਰਕਮ ਨਾਲ ਮਕਾਨ ਨੰਬਰ 3048, ਸੈਕਟਰ 20-ਡੀ, ਚੰਡੀਗੜ (ਰਕਬਾ 02 ਕਨਾਲ) ਦੀ ਖ੍ਰੀਦ ਸਤੰਬਰ 2017 ਵਿੱਚ ਕਰਨ ਉਪਰੰਤ ਪੁਰਾਣੇ ਮਕਾਨ ਨੂੰ ਢਾਹ ਕੇ ਆਲੀਸ਼ਾਨ ਨਵੇਂ ਮਕਾਨ ਦੀ ਉਸਾਰੀ ਕੀਤੀ ਗਈ ਜੋ ਕਿ ਇਸ ਅਧਾਰ ’ਤੇ ਕਰੀਮੀਨਲ ਲਾਅ ਅਮੈਂਡਮੈਂਟ ਆਰਡੀਨੈਂਸ 1944 ਅਧੀਨ ਉਕਤ ਮਕਾਨ ਨੂੰ ਪ੍ਰੋਵੀਜੀਨਲੀ ਅਟੈਚ ਕਰਵਾਉਣ ਲਈ ਵਿਜੀਲੈਂਸ ਬਿਊਰੋ ਵੱਲੋਂ ਜਿਲਾ ਸ਼ੈਸ਼ਨ ਅਦਾਲਤ, ਐਸ.ਏ.ਐਸ. ਨਗਰ ਵਿਖੇ ਜਨਵਰੀ 2021 ਵਿੱਚ ਵੱਖਰੀ ਦਰਖਾਸਤ ਦਿੱਤੀ ਗਈ ਸੀ।

ਉਨਾਂ ਦੱਸਿਆ ਕਿ ਇਸ ਸਬੰਧੀ ਦੋਸ਼ੀਆਨ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਨਿਮਰਤਦੀਪ ਸਿੰਘ ਵੱਲੋਂ ਤਫਤੀਸ਼ ਦੌਰਾਨ ਸ਼ੁਰੂਆਤ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਉਕਤ ਮਕਾਨ ਦੀ ਪਹਿਲੀ ਮੰਜਿਲ ਵਿੱਚ ਮਿਤੀ 15-10-2018 ਤੋਂ ਸ੍ਰੀ ਸੁਮੇਧ ਸਿੰਘ ਸੈਣੀ, ਸਾਬਕਾ ਡੀਜੀਪੀ ਪੰਜਾਬ ਬਤੌਰ ਕਿਰਾਏਦਾਰ ਰਹਿ ਰਹੇ ਹਨ ਅਤੇ ਇਸ ਬਦਲੇ ਉਹ 2.50 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰ ਰਹੇ ਹਨ।

ਲੇਕਿਨ ਤਫਤੀਸ਼ ਦੌਰਾਨ ਉਕਤ ਦੋਸ਼ੀਆਨ ਅਤੇ ਸ੍ਰੀ ਸੁਮੇਧ ਸਿੰਘ ਸੈਣੀ ਦਰਮਿਆਨ ਹੋਏ ਵਿੱਤੀ ਲੈਣ-ਦੇਣ ਸਬੰਧੀ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਕਿ ਸ੍ਰੀ ਸੁਮੇਧ ਸਿੰਘ ਸੈਣੀ ਵੱਲੋਂ ਆਪਣੇ ਬੈਂਕ ਖਾਤੇ ਵਿੱਚੋਂ ਅਗਸਤ 2018 ਤੋਂ ਅਗਸਤ 2020 ਤੱਕ ਕੁੱਲ 6 ਕਰੋੜ 40 ਲੱਖ ਰੁਪਏ ਸੁਰਿੰਦਰਜੀਤ ਸਿੰਘ ਜਸਪਾਲ ਤੇ ਨਿਮਰਤਦੀਪ ਸਿੰਘ ਦੇ ਬੈਂਕ ਖਾਤੇ ਵਿੱਚ ਤਬਦੀਲ ਕੀਤਾ ਸੀ ਅਤੇ ਇਹ ਰਕਮ ਉਕਤ ਕਥਿਤ ਕਿਰਾਏਨਾਮੇ ਮੁਤਾਬਿਕ ਤਬਦੀਲ ਨਹੀਂ ਕੀਤੀ ਗਈ ਸੀ।

ਬੁਲਾਰੇ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ ਤਾਂ ਦੋਸ਼ੀਆਨ ਸੁਰਿੰਦਰਜੀਤ ਸਿੰਘ ਜਸਪਾਲ ਤੇ ਨਿਮਰਤਦੀਪ ਸਿੰਘ ਵੱਲੋਂ ਸ੍ਰੀ ਸੁਮੇਧ ਸਿੰਘ ਸੈਣੀ ਨਾਲ ਸੋਚੀ ਸਮਝੀ ਸਾਜਿਸ਼ ਤਹਿਤ ਇਹ ਨਵਾਂ ਤੱਥ ਪੇਸ਼ ਕੀਤਾ ਕਿ ਉਕਤ ਮਕਾਨ ਨੂੰ ਖ੍ਰੀਦ ਕਰਨ ਸਬੰਧੀ ਕਿਰਾਏਦਾਰ ਸ੍ਰੀ ਸੁਮੇਧ ਸਿੰਘ ਸੈਣੀ ਵੱਲੋਂ ਜੁਬਾਨੀ ਇਕਰਾਰਨਾਮਾ ਕੀਤਾ ਗਿਆ ਹੈ, ਲੇਕਿਨ ਜਿਉਂ ਜਿਉਂ ਤਫਤੀਸ਼ ਵਿੱਚ ਉਕਤ ਲੈਣ ਦੇਣ ਬਾਰੇ ਹੋਰ ਨਵੇਂ ਤੱਥ ਉਜਾਗਰ ਹੁੰਦੇ ਰਹੇ ਅਤੇ ਉਕਤ ਮਕਾਨ ਨੂੰ ਮਾਨਯੋਗ ਅਦਾਲਤ ਵਿੱਚ ਅਟੈਚ ਹੋਣ ਤੋਂ ਬਚਾਉਣ ਦੀ ਬਦਨੀਅਤੀ ਨਾਲ ਉਕਤ ਦੋਸ਼ੀਆਨ ਵੱਲੋਂ ਬਾਅਦ ਵਿੱਚ ਇੱਕ ਇਕਰਾਰਨਾਮਾ ਬੈਅ ਮਿਤੀ 02-10-2019 ਦੀ ਫੋਟੋਕਾਪੀ ਪੇਸ਼ ਕੀਤੀ ਗਈ ਜੋ ਕਿ ਸਾਦੇ ਕਾਗਜ ਉਪਰ ਬਿਨਾ ਕਿਸੇ ਗਵਾਹੀ ਤੋਂ ਕੇਵਲ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਸੁਮੇਧ ਸਿੰਘ ਸੈਣੀ ਦੇ ਦਸਤਖਤਾਂ ਹੇਠ ਤਿਆਰ ਕੀਤਾ ਗਿਆ ਸੀ।

ਉਨਾਂ ਦੱਸਿਆ ਕਿ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਸ੍ਰੀ ਸੁਮੇਧ ਸਿੰਘ ਸੈਣੀ ਵੱਲੋਂ ਹਮਸਲਾਹ ਹੋ ਕੇ ਮਕਾਨ ਨੰਬਰ 3048, ਸੈਕਟਰ 20-ਡੀ, ਚੰਡੀਗੜ ਦੀ ਅਟੈਚਮਂੈਟ ਨੂੰ ਰੋਕਣ ਲਈ ਬੈਂਕ ਰਾਹੀਂ ਪਹਿਲਾਂ ਹੋਏ ਆਪਸੀ ਪੈਸੇ ਦੇ ਲੈਣ-ਦੇਣ ਦੀ ਆੜ ਵਿੱਚ ਇੱਕ ਝੂਠਾ ਇਕਰਾਰਨਾਮਾ ਤਿਆਰ ਕੀਤਾ ਗਿਆ ਅਤੇ ਇਸਨੂੰ ਕੀਮਤੀ ਦਸਤਾਵੇਜ਼ ਦੇ ਤੌਰ ਤੇ ਵਰਤਿਆ ਹੈ।

ਇਸ ਉਪਰੰਤ ਵਿਜੀਲੈਂਸ ਬਿਊਰੋ ਨੇ ਉਕਤ ਮੁਕੱਦਮੇ ਵਿੱਚ ਵਾਧਾ ਜੁਰਮ ਕਰਕੇ ਸ੍ਰੀ ਸੁਮੇਧ ਸਿੰਘ ਸੈਣੀ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ ਸੀ, ਜਿਸ ਤੇ ਉਹਨਾਂ ਨੂੰ ਬੀਤੀ ਰਾਤ ਮਿਤੀ 18-08-2021 ਨੂੰ ਗਿ੍ਰਫਤਾਰ ਕੀਤਾ ਗਿਆ ਹੈ।

Spread the love