ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਕਰਾਰਾ ਝਟਕਾ ਲੱਗਾ ਹੈ। ਭਾਜਪਾ ਵਿੱਚੋਂ ਕੱਢੇ ਗਏ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ, ਭਾਜਪਾ ਦੀ ਸਾਬਕਾ ਵਿਧਾਇਕ ਸ੍ਰੀਮਤੀ ਸੁਖ਼ਜੀਤ ਕੌਰ ਸ਼ਾਹੀ ਅਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਰਹੇ ਸ੍ਰੀ ਮੋਹਿਤ ਗੁਪਤਾ ਸਣੇ ਕਈ ਅਹਿਮ ਆਗੂਆਂ ਨੇ ਅੱਜ ਚੰਡੀਗੜ੍ਹ ਵਿਖ਼ੇ ਅਕਾਲੀ ਦਲ ਦੇ ਦਫ਼ਤਰ ਵਿੱਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮਲ ਹੋਣ ਦਾ ਐਲਾਨ ਕਰ ਦਿੱਤਾ।

ਇਸ ਸਮੇਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ, ਸ: ਬਿਕਰਮ ਸਿੰਘ ਮਜੀਠੀਆ, ਡਾ: ਦਲਜੀਤ ਸਿੰਘ ਚੀਮਾ, ਸ: ਸੁਰਜੀਤ ਸਿੰਘ ਰੱਖੜਾ, ਸ: ਮਹੇਇਸ਼ਇੰਦਰ ਸਿੰਘ ਗਰੇਵਾਲ, ਸ: ਸ਼ਰਨਜੀਤ ਸਿੰਘ ਢਿੱਲੋਂ ਅਤੇ ਹੋਰ ਕਈ ਆਗੂ ਹਾਜ਼ਰ ਸਨ।

ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਸ੍ਰੀ ਜੋਸ਼ੀ, ਸ੍ਰੀਮਤੀ ਸ਼ਾਹੀ, ਸ੍ਰੀ ਗੁਪਤਾ ਤੋਂ ਇਲਾਵਾ ਸ੍ਰੀ ਰਾਜ ਕਮਲ ਚੇਤਲੀ, ਸ੍ਰੀ ਆਰ.ਡੀ.ਸ਼ਰਮਾ, ਸ੍ਰੀ ਰਾਜ ਕੁਮਾਰ ਗੁਪਤਾ, ਸ੍ਰੀ ਸੁਰਿੰਦਰ ਸ਼ਿੰਦੀ, ਸ੍ਰੀ ਮਿੰਟੂ ਸ਼ਰਮਾ, ਸ੍ਰੀ ਅਮਨ ਏਅਰੀ, ਸ੍ਰੀ ਵਿਕਰਮ ਲੱਕੀ, ਸ੍ਰੀ ਵਿਕਰਮ ਐਰੀ ਆਪਣੇ ਸਮਰਥਕਾਂ ਸਣੇ ਹਾਜ਼ਰ ਸਨ।

ਇਸ ਮੌਕੇ ਸ: ਸੁਖ਼ਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕਰਦਿਆਂ ਸ੍ਰੀ ਅਨਿਲ ਜੋਸ਼ੀ ਨੂੰ ਅੰਮ੍ਰਿਤਰ ਉੱਤਰੀ ਅਤੇ ਸ੍ਰੀ ਰਾਜ ਕੁਮਾਰ ਗੁਪਤਾ ਨੂੂੰ ਸੁਜਾਨਪੁਰ ਸੀਟ ਤੋਂ ਪਾਰਟੀ ਦੇ ਉਮੀਦਵਾਰ ਐਲਾਨਿਆ ਗਿਆ ਹਾਲਾਂਕਿ ਦਸੂਹਾ ਤੋਂ ਚੋਣ ਲੜਦੇ ਸ੍ਰੀਮਤੀ ਸੁਖ਼ਜੀਤ ਕੌਰ ਸ਼ਾਹੀ ਦੀ ਉਮੀਦਵਾਰੀ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ।

ਇਸ ਤੋਂ ਇਲਾਵਾ ਸ: ਸੁਖ਼ਬੀਰ ਸਿੰਘ ਬਾਦਲ ਨੇ ਸ੍ਰੀ ਅਨਿਲ ਜੋਸ਼ੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀਮਤੀ ਸੁਖ਼ਜੀਤ ਕੌਰ ਸ਼ਾਹੀ ਨੂੰ ਪਾਰਟੀ ਦੇ ਮੀਤ ਪ੍ਰਧਾਨ ਐਲਾਨਿਆ। ਇਸ ਤੋਂ ਇਲਾਵਾ ਸ੍ਰੀ ਚੇਤਲੀ, ਸ੍ਰੀ ਆਰ.ਡੀ. ਸ਼ਰਮਾ ਅਤੇ ਸ੍ਰੀ ਰਾਜ ਕੁਮਾਰ ਗੁਪਤਾ ਨੂੰ ਵੀ ਪਾਰਟੀ ਦੇ ਮੀਤ ਪ੍ਰਧਾਨ ਅਤੇ ਸ੍ਰੀ ਮੋਹਿਤ ਗੁਪਤਾ ਨੂੰ ਪਾਰਟੀ ਦੇ ਜਨਰਲ ਸਕੱਤਰ ਬਣਾਉਣਦਾ ਐਲਾਨ ਕੀਤਾ। ਹੋਰਨਾਂ ਆਗੂਆਂ ਨੂੰ ਵੀ ਜੁਆਇੰਟ ਸਕੱਤਰ ਅਤੇ ਜਥੇਬੰਦਕ ਸਕੱਤਰ ਬਨਾਉਣ ਦਾ ਐਲਾਨ ਕੀਤਾ ਗਿਆ ਅਤੇ ਕੁਝ ਨੂੰ ਯੂਥ ਅਕਾਲੀ ਦਲ ਦੇ ਮਹੱਤਵਪੂਰਨ ਅਹੁਦੇ ਦਿੱਤੇ ਗਏ।

Spread the love