2022 ਦੀਆਂ ਚੋਣਾਂ ਜਿਵੇਂ ਨੇੜੇ ਆ ਰਹੀਆਂ ਹਨ ਓਵੇਂ ਹੀ ਪੰਜਾਬ ਦਾ ਹਰ ਇੱਕ ਮੁੱਦਾ ਭੱਖਦਾ ਜਾ ਰਿਹਾ ਹੈ।

ਜਿਸ ਨਾਲ ਲੋਕ ਆਪਣੀ ਆਵਾਜ਼ ਚੁੱਕ ਰਹੇ ਹਨ। ਜੇਕਰ ਗੱਲ ਕਰੀਏ ਮੁਲਾਜ਼ਮ ਵਰਗ ਦੀ ਤਾਂ ਕੱਚੇ ਮੁਲਾਜ਼ਮ ਲਗਾਤਾਰ ਆਪਣੀ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਜਿਹਾ ਹੀ ਅੱਜ ਚੰਡੀਗੜ੍ਹ ਵਿੱਚ ਹੋਇਆ।

ਪੰਜਾਬ ਸਰਕਾਰ ਦੀ ਲਾਰਾ ਲੱਪਾ ਨੀਤੀ ਤੋਂ ਤੰਗ ਆਏ ਮੁਲਾਜ਼ਮਾਂ ਵੱਲੋਂ ਹਜ਼ਾਰਾਂ ਦੀ ਗਿਣਤੀ ‘ਚ ਸਰਕਟ ਹਾਊਸ ਸੈਕਟਰ 39 ਵਿਖੇ ਮੰਤਰੀਆਂ ਦੀਆਂ ਰਿਹਾਇਅਸ਼ਾਂ ਨੂੰ ਘੇਰਨ ਲਈ ਅਨਾਜ ਭਵਨ ਤੋਂ ਜਿਵੇਂ ਹੀ ਮਾਰਚ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਪਾਣੀ ਦੀਆਂ ਤੋਪਾਂ ਅਤੇ ਲਾਠੀਆਂ ਦੀ ਵਰਤੋਂ ਕਰਦੇ ਹੋਏ ਮੁਲਾਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਜਿਸ ਦੌਰਾਨ ਕਈ ਮੁਲਾਜ਼ਮਾਂ ਦੀਆਂ ਪੱਗਾਂ ਲੱਥੀਆਂ ਅਤੇ ਪੁਲਿਸ ਨਾਲ ਝੜਪ ਵੀ ਹੋਈ। ਇੰਨਾ ਹੀ ਨਹੀਂ ਕੁੱਝ ਕਰਮਚਾਰੀਆਂ ਦੇ ਸੱਟਾਂ ਵੀ ਲੱਗੀਆਂ ਪਰ ਜਿਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ‘ਚ ਮਹਿਲਾ ਕਰਮਚਾਰੀਆਂ ਵੀ ਸ਼ਾਮਿਲ ਸਨ। ਮਹਿਲਾਵਾਂ ਵਿੱਚ ਵੀ ਸਰਕਾਰ ਵਿਰੁੱਧ ਬਹੁਤ ਭਾਰੀ ਰੋਹ ਸੀ ਅਤੇ ਉਨ੍ਹਾਂ ਵੱਲੋਂ ਪਾਣੀ ਦੀਆਂ ਬੁਛਾੜਾਂ ਅਤੇ ਡਾਂਗਾਂ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਵਧੀਆਂ ਅਤੇ ਪ੍ਰਦਰਸ਼ਨ ਜਾਰੀ ਰੱਖਿਆ।

ਪ੍ਰਦਰਸ਼ਨ ਦੀ ਅਗਵਾਈ ਸ੍ਰ ਸੁਖਚੈਨ ਸਿੰਘ ਖਹਿਰਾ, ਮਨਦੀਪ ਸਿੱਧੂ, ਸੈਮੁਅਲ ਮਸੀਹ, ਜਸਮਿੰਦਰ ਸਿੰਘ, ਰਜੀਵ ਸ਼ਰਮਾ, ਜਗਜੀਵਨ ਸਿੰਘ, ਦਵਿੰਦਰ ਸਿੰਘ ਬੈਨੀਪਾਲ, ਅਮਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਮੁਲਾਜ਼ਮ ਲੀਡਰਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ । ਇਸ ਪੂਰੇ ਘਟਨਾ ਕ੍ਰਮ ਦੀ ਮੀਡੀਆ ਵੱਲੋਂ ਪੁਰੀ ਕਵਰੇਜ ਕੀਤੀ ਗਈ ਜਿਸ ਲਈ ਮੀਡੀਆ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ।

ਅਖੀਰ ਵਿੱਚ ਸਰਕਾਰ ਨੂੰ ਮੰਗ ਪੱਤਰ ਦੇ ਕੇ ਸਮੁੱਚੇ ਮੁਲਾਜ਼ਮ ਵਰਗ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕੇ ਜੇਕਰ ਸਰਕਾਰ ਵੱਲੋਂ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਅੰਦਰ ਸਮੁੱਚਾ ਮੁਲਾਜ਼ਮ ਵਰਗ ਸਰਕਾਰੀ ਤੰਤਰ ਠੱਪ ਕਰਕੇ ਸੜਕਾਂ ਤੇ ਆਉਣ ਲਈ ਮਜਬੂਰ ਹੋਵੇਗਾ ਜਿਸਦੀ ਮੁਕੰਮਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ ।

Spread the love