-“Sherryਨੇ ਕਪਤਾਨ ਨੂੰ ਪਾਈ ਜੱਫੀ”

ਨਿਰਮਲ ਸਿੰਘ ਮਾਨਸ਼ਾਹੀਆ

ਚੰਡੀਗੜ੍ਹ, 20 ਅਗਸਤ

ਸਿਆਸਤ ਇੱਕ ਅਜਿਹੀ ਖੇਡ ਹੈ ਜਿਸ ਵਿਚ ਨਾ ਕੋਈ ਪੱਕਾ ਦੁਸ਼ਮਣ ਹੁੰਦਾ ਹੈ ਅਤੇ ਨਾ ਹੀ ਕੋਈ ਪੱਕਾ ਦੋਸਤ। ਸਮਾਂ ਤੇ ਸਿਆਸੀ ਹਾਲਾਤ ਬਦਲਣ ਨਾਲ ਸਿਆਸੀ ਬੰਦੇ ਆਪਣੇ ਵਿਰੋਧੀਆਂ ਨੂੰ ਵੀ ਗਲਵੱਕੜੀਆਂ ਪਾ ਲੈਂਦੇ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਪਿਛਲੇ ਕਾਫ਼ੀ ਸਮੇਂ ਤੋਂ ਭਾਵੇਂ 36 ਦਾ ਅੰਕੜਾ ਬਣਿਆ ਹੋਇਆ ਹੈ ਪ੍ਰੰਤੂ ਫਿਰ ਵੀ ਦੋਵੇਂ ਕਾਂਗਰਸ ਹਾਈਕਮਾਂਡ ਦੀ ਘੂਰੀ ਕਾਰਨ ਇੱਕ-ਦੂਜੇ ਨਾਲ ਮਜ਼ਬੂਰੀਵੱਸ ਰਸਮੀ ਪੱਧਰ ਉਤੇ ਮਿਲਜੋਲ ਕਰਨ ਲੱਗੇ ਹਨ। ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਸਿੱਧੂ ਤੇ ਕੈਪਟਨ ਦੋਵਾਂ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਹੈ ਕਿ ਦੋਵੇਂ ਆਪਣੇ ਨਿੱਜ ਤੋਂ ਉਪਰ ਉਠ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਨਿੱਜੀ ਰਿਹਾਇਸ਼ ਸਿਸਵਾਂ ਫਾਰਮ ਹਾਊਸ ਵਿਖੇ ਸਿੱਧੂ ਨੇ ਸ਼ੁੱਕਰਵਾਰ ਸਵੇਰੇ ਦੂਜੀ ਮੁਲਾਕਾਤ ਨੇ ਸਿਆਸੀ ਹਲਕਿਆਂ ਵਿਚ ਖੁੰਢ ਚਰਚਾ ਛੇੜ ਦਿੱਤੀ ਹੈ। ਸਿੱਧੂ ਨੇ ਬੀਤੇ ਦਿਨ ਮੁੱਖ ਮੰਤਰੀ ਨਾਲ ਮਿਲਣ ਲਈ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕਰਕੇ ਮਿਲਣ ਲਈ ਸਮਾਂ ਮੰਗਿਆ ਸੀ ਤਾਂ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ਦੀ ਥਾਂ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਸਿਸਵਾਂ ਵਿਖੇ ਸ਼ੁੱਕਵਾਰ ਸਵੇਰੇ ਚਾਹ ਉਤੇ ਮਿਲਣ ਦਾ ਸਮਾਂ ਦਿੱਤਾ ਗਿਆ। ਸਿੱਧੂ ਤੇ ਕੈਪਟਨ ਵਿਚਕਾਰ ਇਹ ਦੂਜੀ ਰਸਮੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਪ੍ਰਧਾਨ ਬਣਨ ਉਤੇ ਪਹਿਲੀ ਵਾਰ ਉਹ ਪੰਜਾਬ ਭਵਨ ਵਿਖੇ ਤਾਜਪੋਸ਼ੀ ਤੋਂ ਪਹਿਲਾਂ ਚਾਹ ਉਤੇ ਮਿਲੇ ਸਨ। ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੇ ਜਦੋਂ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ ਸੀ ਤਾਂ ਕੈਪਟਨ ਸਿੱਧੂ ਨੂੰ ਉਨ੍ਹਾਂ ਦੀ ਟੀਮ ਨਾਲ ਮੁੱਖ ਮੰਤਰੀ ਦਫ਼ਤਰ ਸਿਵਲ ਸਕੱਤਰਰੇਤ ਵਿਖੇ ਮਿਲੇ ਸਨ। ਉਸ ਤੋਂ ਬਾਅਦ ਹੁਣ ਮੀਟਿੰਗ ਦਾ ਸਮਾਂ ਮੰਗੇ ਜਾਣ ਉਤੇ ਕੈਪਟਨ ਨੇ ਸਿੱਧੂ ਲਈ ਆਪਣੀ ਨਿੱਜੀ ਸਿਸਵਾਂ ਫਾਰਮ ਹਾਊਸ ਰਿਹਾਇਸ਼ ਦੇ ਦਰਵਾਜ਼ੇ ਖੋਲ੍ਹਦੇ ਹੋਏ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਸੀ।

ਜਾਣਕਾਰੀ ਮੁਤਾਬਕ ਸਿੱਧੂ ਆਪਣੇ ਸਾਥੀਆਂ ਪ੍ਰਗਟ ਸਿੰਘ ਅਤੇ ਕੁਲਜੀਤ ਸਿੰਘ ਨਾਗਰਾ ਨਾਲ ਸਵੇਰੇ ਜਿਉਂ ਹੀ ਕੈਪਟਨ ਦੀ ਰਿਹਾਇਸ਼ ਉਤੇ ਪੁੱਜੇ ਤਾਂ ਮਿਲਣੀ ਮੌਕੇ “ਸ਼ਾਇਰੀ (ਸਿੱਧੂ) ਕੈਪਟਨ ਨੂੰ ਗਲਵੱਕੜੀ ਪਾ ਕੇ ਮਿਲੇ”। ਚਾਹ ਪੀਣ ਤੋਂ ਬਾਅਦ ਸਿੱਧੂ ਨੇ ਮੁੱਖ ਮੰਤਰੀ ਨੂੰ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਰਕਾਰ ਦੇ ਸਾਰੇ ਮੰਤਰੀ ਵਾਰੋਂ-ਵਾਰੀ ਪੰਜਾਬ ਕਾਂਗਰਸ ਭਵਨ ਵਿਚ ਬੈਠ ਕੇ ਕਾਂਗਰਸੀ ਵਰਕਰਾਂ ਦੀਆਂ ਸਮੱਸਿਆਂ ਦਾ ਹੱਲ ਕਰਿਆ ਕਰਨ ਤਾਂ ਕਿ ਵਰਕਰਾਂ ਦਾ ਮਨੋਬਲ ਵਧੇ। ਪੰਜਾਬ ਕਾਂਗਰਸ ਦੇ ਵਰਕਰ ਸਾਡੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਦੀ ਨਿਰੰਤਰ ਸਖ਼ਤ ਮਿਹਨਤ ਅਤੇ ਲਗਨ ਨੇ ਸਾਨੂੰ 2017 ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਦਿਵਾਈ। ਜਦੋਂ ਤੋਂ ਮਾਣਯੋਗ ਕਾਂਗਰਸ ਹਾਈਕਮਾਨ ਨੇ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹਿਮ ਜ਼ਿੰਮੇਵਾਰੀ ਸੌਂਪੀ ਹੈ, ਮੈਂ ਰੋਜ਼ਾਨਾ ਸੈਂਕੜੇ-ਹਜ਼ਾਰਾਂ ਪਾਰਟੀ ਸਾਥੀਆਂ ਨਾਲ ਗੱਲਬਾਤ ਕਰ ਰਿਹਾ ਹਾਂ ਅਤੇ ਉਨ੍ਹਾਂ ਦੇ ਮਸਲੇ ਸੁਣ ਰਿਹਾ ਹਾਂ। ਪੰਜਾਬ ਦੇ ਲੋਕਾਂ ਨਾਲ ਸਬੰਧਿਤ ਅਨੇਕਾਂ ਮਹੱਤਵਪੂਰਨ ਮੁੱਦੇ ਹਨ, ਜਿਨ੍ਹਾਂ ਨੂੰ ਰੋਜ਼ਾਨਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਧਿਆਨ ਵਿਚ ਲਿਆਂਦਾ ਜਾ ਰਿਹਾ ਹੈ। ਮੇਰਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨਾਂ ਅਤੇ ਸੀਨੀਅਰ ਸੂਬਾਈ ਕਾਂਗਰਸ ਲੀਡਰਸ਼ਿਪ ਦਾ ਇਹ ਮੰਨਣਾ ਹੈ ਕਿ ਜੇਕਰ ਸਾਡੀ ਕੈਬਨਿਟ ਦੇ ਮੰਤਰੀ ਪ੍ਰਤੀ ਦਿਨ ਇੱਕ ਮੰਤਰੀ ਦੇ ਆਧਾਰ ਉਤੇ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਚ ਬੈਠਣ ਤਾਂ ਇਨ੍ਹਾਂ ਮਸਲਿਆਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਕਾਂਗਰਸੀ ਵਰਕਰਾਂ, ਯੂਨੀਅਨਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਸੁਣਨ ਲਈ ਮੰਤਰੀ ਜੇਕਰ ਹਫ਼ਤੇ ਦੇ ਪੰਜਾਬ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿਚ ਨਿਯਮਤ ਘੰਟੇ ਬਿਤਾਉਂਦਿਆਂ ਤੁਰੰਤ ਕਾਰਵਾਈ ਕਰਦੇ ਹਨ ਤਾਂ ਆਪਣੀ ਸੇਵਾ ਨਿਭਾਉਣ ਦਾ ਇਹ ਇੱਕ ਵਧੀਆ ਤਰੀਕਾ ਹੋਵੇਗਾ। ਕੁਸ਼ਲ ਪ੍ਰਬੰਧਨ ਲਈ ਇੱਕ ਰੋਸਟਰ ਬਣਾਉਣਾ, ਹਰੇਕ ਮੰਤਰੀ ਨੂੰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਅਤੇ ਖੇਤਰ ਨਾਲ ਸਬੰਧਿਤ ਮੁੱਦਿਆਂ ਨੂੰ ਸੁਣਨ ਲਈ ਸਿਲਸਲੇਵਾਰ ਬੈਠਣ ਦੇਣਾ, ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਸੁਣਨ ਅਤੇ ਹੱਲ ਕਰਨ ਵੱਲ ਅਹਿਮ ਕਦਮ ਹੋ ਸਕਦਾ ਹੈ।

ਸਿੱਧੂ ਦੀ ਮੰਗ ਉਤੇ ਤੁਰੰਤ ਐਕਸ਼ਨ ਕਰਦਿਆਂ ਕੈਪਟਨ ਨੇ ਆਪਣੇ ਸਾਰੇ ਮੰਤਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਉਹ ਇੱਕ-ਇੱਕ ਕਰਕੇ ਪੰਜਾਬ ਕਾਂਗਰਸ ਭਵਨ ਦੇ ਦਫ਼ਤਰ ਬੈਠਿਆਂ ਕਰਨ ਤੇ ਵਰਕਰਾਂ ਦੀ ਗੱਲ ਸੁਣਿਆ ਕਰਨਗੇ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹਨ ਜਿੰਨਾ ਨੇ ਸਿੱਧੂ ਵਲੋਂ ਕੀਤੇ ਟਵੀਟਾਂ ਤੇ ਟਿੱਪਣੀਆਂ ਤੋਂ ਔਖੇ ਹੋ ਕਿ ਕਿਹਾ ਸੀ ਕਿ, “ਸਿੱਧੂ ਲਈ ਉਨ੍ਹਾਂ ਦੇ ਘਰ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ”। ਉਧਰ ਦੂਜੇ ਪਾਸੇ ਸਿੱਧੂ ਨੇ ਪ੍ਰਧਾਨ ਬਣਨ ਤੋਂ ਪਹਿਲਾਂ ਕਾਫ਼ੀ ਤਿੱਖੀ ਬਿਆਨਬਾਜ਼ੀ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਉਤੇ ਸਵਾਲ ਖੜ੍ਹੇ ਕੀਤੇ ਸਨ। ਦੋਵੇਂ ਆਗੂਆਂ ਵਿਚਕਾਰ ਦੂਰੀਆਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹੀ ਅੰਦਰਖ਼ਾਤੇ ਚੱਲਦੀਆਂ ਆ ਰਹੀਆਂ ਸਨ। 2019 ਦੀਆਂ ਲੋਕ ਸਭਾ ਚੋਣਾਂ ਤੋਂ ਕੈਪਟਨ ਵਲੋਂ ਸਿੱਧੂ ਦਾ ਲੋਕਲ ਬਾਡੀਜ਼ ਵਿਭਾਗ ਬਦਲ ਕੇ ਬਿਜਲੀ ਮਹਿਕਮਾ ਦੇਣ ਨਾਲ ਸਿੱਧੂ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਘਰ ਬੈਠ ਗਏ ਸਨ ਅਤੇ ਸੋਸ਼ਲ ਮੀਡੀਆ ਉਤੇ ਹੀ ਸਰਗਰਮ ਰਹਿੰਦੇ ਸਨ।

ਦੋਵੇਂ ਆਗੂਆਂ ਵਿਚਕਾਰ ਰਸਮੀ ਮੁਲਾਕਾਤਾਂ ਸ਼ੁਰੂ ਹੋਣ ਸਬੰਧੀ ਜਦੋਂ ਕੈਪਟਨ ਤੇ ਸਿੱਧੂ ਦੇ ਨਜ਼ਦੀਕੀ ਆਗੂਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਵਿਚੋਂ ਇੱਕ ਨੇ ਟਿੱਪਣੀ ਕਰਦਿਆਂ ਕਿਹਾ ਕਿ “ਹਮ ਮਿਲੇ ਵੀ ਤੋਂ ਕਆ ਮਿਲੇ, ਵਹੀਂ ਦੂਰੀਆਂ, ਵਹੀਂ ਫਾਸਲੇ।”

# Nirmal Singh Mansahia

Spread the love