ਭਾਰਤੀ ਜਨਤਾ ਪਾਰਟੀ ਦੇ ਫ਼ਿਰੋਜ਼ਪੁਰ ਤੋਂ ਸੀਨੀਅਰ ਆਗੂ ਅਤੇ ਦੋ ਵਾਰ ਪਾਰਟੀ ਟਿਕਟ ’ਤੇ ਵਿਧਾਇਕ ਚੁਣੇ ਗਏ ਸ: ਸੁਖ਼ਪਾਲ ਸਿੰਘ ਨੰਨੂੰ ਨੇ ਖ਼ੇਤੀ ਕਾਨੂੂੰਨਾਂ ਨੂੰ ਲੈ ਕੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਸਮਝਿਆ ਜਾਂਦਾ ਹੈ ਕਿ ਉਹ 20 ਅਗਸਤ ਨੂੰ ਹੀ ਭਾਜਪਾ ਛੱਡਣ ਵਾਲੇ ਹੋਰਨਾਂ ਆਗੂਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਸ: ਸੁਖ਼ਪਾਲ ਸਿੰਘ ਨੰਨੂੰ ਨੇ ਬੀਤੇ ਦਿਨੀਂ ਹੀ ਭਾਜਪਾ ਤੋਂ ਕਿਨਾਰਾ ਕਰਨ ਦੇ ਸੰਕੇਤ ਦੇ ਦਿੱਤੇ ਸਨ। ਉਨ੍ਹਾਂ ਵੱਲੋਂ ਬੀਤੇ ਦਿਨੀਂ ਜਾਰੀ ਇਕ ਬਿਆਨ ਤੋ ਲਗਪਗ ਸਪਸ਼ਟ ਹੋ ਗਿਆ ਸੀ ਕਿ ਉਹ ਵੀ ਅਸਤੀਫ਼ੇ ਦੀ ਰਾਹ ’ਤੇ ਪੈ ਚੁੱਕੇ ਹਨ। ਭਾਵੇਂ ਉਸ ਵੇਲੇ ਉਹਨਾਂ ਨੇ ਅਜੇ ਰਸਮੀ ਤੌਰ ’ਤੇ ਅਸਤੀਫ਼ਾ ਦੇਣ ਦੀ ਗੱਲ ਨਹੀਂ ਆਖ਼ੀ ਸੀ ਪਰ ਇਹ ਸਪਸ਼ਟ ਕਰ ਦਿੱਤਾ ਸੀ ਕਿ ਖ਼ੇਤੀਬਾੜੀ ਕਾਨੂੂੰਨਾਂ ਦੇ ਹੋ ਰਹੇ ਵਿਰੋਧ ਵੱਲ ਜੇ ਕੇਂਦਰ ਸਰਕਾਰ ਅਤੇ ਭਾਜਪਾ ਦੀ ਪੰਜਾਬ ਇਕਾਈ ਨੇ ਤਵੱਜੋ ਨਾ ਦਿੱਤੀ ਤਾਂ ਸਾਰੇ ਪੰਜਾਬ ਵਿੱਚ ਪਾਰਟੀ ਦੇ ਬੂਥ ਵੀ ਨਹੀਂ ਲੱਗਣਗੇ।

ਉਹਨਾਂ ਕਿਹਾ ਸੀ ਕਿ ਕਿਸਾਨ ਸੰਘਰਸ਼ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਜਿਸ ਕਰਕੇ ਹਰ ਵਰਗ ਵਿੱਚ ਗੁੱਸੇ ਅਤੇ ਨਿਰਾਸ਼ਾ ਦੀ ਲਹਿਰ ਚੱਲ ਰਹੀ ਹੈ।

ਸ: ਨੰਨੂੰ ਨੇ ਆਖ਼ਿਆ ਸੀ ਕਿ ਉਨ੍ਹਾਂ ਦੇ ਹਲਕੇ ਦੀਆਂ ਸੰਗਤਾਂ ਉਨ੍ਹਾਂ ’ਤੇ ਅਸਤੀਫ਼ੇ ਦਾ ਦਬਾਅ ਬਣਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਇਹ ਹੁਕਮ ਮੰਨਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਕਿਉਂਕਿ ਹਲਕੇ ਦੇ ਲੋਕਾਂਨੇ ਹੀ ਉਨ੍ਹਾਂ ਦੇ ਪਿਤਾ ਦੀ 46 ਸਾਲ ਦੀ ਸਿਆਸਤ ਦੌਰਾਨ ਅਤੇ ਫ਼ਿਰ ਦੋ ਵਾਰ ਉਨ੍ਹਾਂ ਨੂੰ ਵਿਧਾਇਕ ਬਣਾ ਕੇ ਮਾਨ ਸਤਿਕਾਰ ਦਿੱਤਾ ਹੈ।

2012 ਅਤੇ 2017 ਵਿੱਚ ਆਪਣੀ ਹਾਰ ਲਈ ਪਾਰਟੀ ਦੇ ਅੰਦਰਲੇ ਗੱਦਾਰਾਂ ਨੂੰ ਜ਼ਿਮੇਵਾਰ ਦੱਸਦਿਆਂ ਸ: ਨੰਨੂੰ ਨੇ ਕਿਹਾ ਕਿ ਹਲਕੇ ਦੇ ਲੋਕ ਜੋ ਵੀ ਮਾਰਗਦਰਸ਼ਨ ਕਰਨਗੇ, ਉਨ੍ਹਾਂ ਦੇ ਇਸ਼ਾਰੇ ’ਤੇ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ।

Spread the love