ਪ੍ਰਾਈਮ ਏਸ਼ੀਆ ਨਿਊਜ਼

ਬਠਿੰਡਾ, 21 ਅਗਸਤ:

ਅਫਗਾਨਿਸਤਾਨ ਵਿੱਚ ਮੌਜੂਦਾ ਸੰਕਟ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੁਮਾਰ ਗਰਗ ਅਤੇ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਸ੍ਰੀਮਤੀ ਕਰੁਣਾ ਤਿਵਾੜੀ ਦੀ ਮੌਜੂਦਗੀ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਵਿੱਚ ਪੜ੍ਹ ਰਹੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਅਤੇ ਦੇਖਭਾਲ ਦਾ ਭਰੋਸਾ ਦਿੱਤਾ।

ਮੁਲਾਕਾਤ ਦੌਰਾਨ ਅਫਗਾਨਿਸਤਾਨ ਦੇ ਵਿਦਿਆਰਥੀਆਂ ਨੇ ਆਪਣੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਪਰਿਵਾਰਾਂ ਨਾਲ ਸੰਪਰਕ ਨਾ ਹੋਣੇ ਕਾਰਣ ਚਿੰਤਤ ਹਨ। ਉੰਨ੍ਹਾਂਨੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਵੀਜ਼ਾ ਐਕਸਟੈਂਸ਼ਨ, ਆਈਸੀਸੀਆਰ ਸਕਾਲਰਸ਼ਿਪ, ਹੋਸਟਲ ਦੀ ਸਹੂਲਤ, ਵਿੱਤੀ ਸਮੱਸਿਆਵਾਂ ਆਦਿ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਹਿਪਾਠੀ ਜੋ ਸਮੈਸਟਰ ਦੀ ਛੁੱਟੀ ਦੌਰਾਨ ਅਫਗਾਨਿਸਤਾਨ ਆਪਣੇ ਘਰ ਗਏ ਸਨ ਉਹ ਵੀ ਵਾਪਸ ਆਉਣਾ ਚਾਹੁੰਦੇ ਹਨ।

ਇਸ ਸਮੇਂ ਯੂਨੀਵਰਸਿਟੀ ਵਿੱਚ ਲਗਭਗ 16 ਅਫਗਾਨੀ ਵਿਦਿਆਰਥੀ ਪੜ੍ਹ ਰਹੇ ਹਨ। ਇਸ ਤੋਂ ਇਲਾਵਾ, ਅਫਗਾਨਿਸਤਾਨ ਤੋਂ 11 ਵਿਦਿਆਰਥੀਆਂ ਨੇ ਅਕਾਦਮਿਕ ਸਾਲ 2021-22 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਹੈ।

ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਯੂਨੀਵਰਸਿਟੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਹੈ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਪਰਿਵਾਰ ਇਸ ਮੁਸ਼ਕਲ ਸਥਿਤੀ ਵਿੱਚ ਉਨ੍ਹਾਂ ਦੇ ਨਾਲ ਹੈ। ਅਫਗਾਨਿਸਤਾਨ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ, ਉਨ੍ਹਾਂ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਦੇ ਸ਼ਾਂਤਮਈ ਅਤੇ ਸੁਰੱਖਿਅਤ ਮਾਹੌਲ ਵਿੱਚ ਆਰਾਮਦਾਇਕ ਮਹਿਸੂਸ ਕਰਨ ਦੀ ਅਪੀਲ ਕੀਤੀ।

ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੁਮਾਰ ਗਰਗ ਨੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਯੂਨੀਵਰਸਿਟੀ ਅਧਿਕਾਰੀਆਂ ਦੁਆਰਾ ਸੂਚੀਬੱਧ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

Spread the love