ਪ੍ਰਾਈਮ ਏਸ਼ੀਆ ਨਿਊਜ਼
ਪਟਿਆਲਾ, 21 ਅਗਸਤ:
ਪਟਿਆਲਾ ਦਾ ਵਕਾਰੀ ਖੇਡ ਮੈਦਾਨ, ਧਰੁਵ ਪਾਂਡਵ ਕ੍ਰਿਕੇਟ ਸਟੇਡੀਅਮ, ਜਿਹੜਾ ਕਿ 1891 ਵਿੱਚ ਮਹਾਰਾਜਾ ਰਾਜਿੰਦਰ ਸਿੰਘ ਪਟਿਆਲਾ ਵੱਲੋਂ ਬਣਵਾਇਆ ਗਿਆ ਸੀ, ਦੀ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਲੀਜ ਡੀਡ ਅਗਲੇ 30 ਸਾਲਾਂ ਲਈ ਪਟਿਆਲਾ ਕ੍ਰਿਕੇਟ ਐਸੋਸੀਏਸ਼ਨ ਦੇ ਨਾਮ ਕਰਨ ਲਈ ਪਟਿਆਲਾ ਕ੍ਰਿਕੇਟ ਐਸੋਸੀਏਸ਼ਨ ਦੀ ਕਾਰਜਕਾਰਨੀ ਅਤੇ ਸਮੁੱਚੇ ਕ੍ਰਿਕੇਟ ਪ੍ਰੇਮੀਆਂ ਨੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਕ੍ਰਿਕੇਟ ਸਟੇਡੀਅਮ ਵਿਖੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਧਰੁਵ ਪਾਂਡਵ ਕ੍ਰਿਕੇਟ ਸਟੇਡੀਅਮ, ਬਹੁਤ ਸਾਰੇ ਅਜਿਹੇ ਕੌਮੀ ਅਤੇ ਕੌਮਾਂਤਰੀ ਕ੍ਰਿਕੇਟ ਮੈਚਾਂ ਦਾ ਗਵਾਹ ਹੈ, ਜਿਹੜੇ ਕਿ ਕ੍ਰਿਕੇਟ ਦੇ ਇਤਿਹਾਸ ‘ਚ ਉੱਘਾ ਸਥਾਨ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਪਹਿਲਾ ਮੈਚ ਬੰਬੇ ਤੋਂ ਆਈ ਪਾਰਸੀਜ ਦੀ ਟੀਮ ਵੱਲੋਂ 1894 ‘ਚ ਖੇਡਿਆ ਗਿਆ ਸੀ।
ਸੰਸਦ ਮੈਂਬਰ ਨੇ ਕਿਹਾ ਕਿ ਇਸੇ ਧਰੁਵ ਪਾਂਡਵ ਕ੍ਰਿਕੇਟ ਸਟੇਡੀਅਮ ਕਰਕੇ ਪਟਿਆਲਾ ਨੂੰ ਕ੍ਰਿਕੇਟ ਦੀ ਨਰਸਰੀ ਵਜੋਂ ਜਾਣਿਆਂ ਜਾਂਦਾ ਹੈ, ਜਿਸ ਨੇ ਦੇਸ਼ ਨੂੰ ਨਾਮੀ ਖਿਡਾਰੀ ਦਿੱਤੇ ਹਨ। ਇਹ ਸਟੇਡੀਅਮ ਭਵਿੱਖ ‘ਚ ਵੀ ਸਾਡੇ ਬੱਚਿਆਂ ਤੇ ਕ੍ਰਿਕੇਟ ਖਿਡਾਰੀਆਂ ਲਈ ਅਹਿਮ ਸਾਬਤ ਹੋਵੇਗਾ। ਉਨ੍ਹਾਂ ਨੇ ਇਸ ਸਟੇਡੀਅਮ ਦੀ ਸੰਭਾਲ ਲਈ ਐਸੋਸੀਏਸ਼ਨ ਦਾ ਧੰਨਵਾਦ ਵੀ ਕੀਤਾ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਜਿਸ ਤਰ੍ਹਾਂ ਪਹਿਲਾਂ ਪਟਿਆਲਾ ਦੇ ਮਹਾਰਾਜਿਆਂ ਵੱਲੋਂ ਪੋਲੋ, ਕ੍ਰਿਕੇਟ ਅਤੇ ਹੋਰ ਜੁਝਾਰੂ ਖੇਡਾਂ ਦੀ ਸਰਪ੍ਰਸਤੀ ਕੀਤੀ ਜਾਂਦੀ ਰਹੀ ਹੈ, ਉਸੇ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੇਡਾਂ ਤੇ ਖਿਡਾਰੀਆਂ ਦੀ ਪ੍ਰਫੁੱਲਤਾ ਲਈ ਅਹਿਮ ਉਪਰਾਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਲ ਹੀ ਦੌਰਾਨ ਟੋਕੀਓ ਉਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੇ ਨਗ਼ਦ ਪੁਰਸਕਾਰ ਪ੍ਰਦਾਨ ਕੀਤੇ ਹਨ।
ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਪਟਿਆਲਾ ਕ੍ਰਿਕੇਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਆਰ.ਪੀ. ਪਾਂਡਵ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਧਰੁਵ ਪਾਂਡਵ ਕ੍ਰਿਕੇਟ ਸਟੇਡੀਅਮ ਦੀ ਸੰਭਾਲ ਲਈ ਡੀਡ ਐਸੋਸੀਏਸ਼ਨ ਦੇ ਨਾਮ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਸ੍ਰੀ ਪਾਂਡਵ ਨੇ ਕ੍ਰਿਕੇਟ ਐਸੋਸੀਏਸ਼ਨ ਦੀ, ਧਰੁਵ ਪਾਂਡਵ ਕ੍ਰਿਕੇਟ ਸਟੇਡੀਅਮ ਨੂੰ ਸੰਭਾਲਣ ਸਮੇਤ ਕ੍ਰਿਕੇਟ ਦੀ ਪ੍ਰਫੁੱਲਤਾ ਲਈ ਦੇਣ ਅਤੇ ਮੌਜੂਦ ਕੰਮ ਕਾਜ ਤੋਂ ਵੀ ਜਾਣੂ ਕਰਵਾਇਆ।
ਇਸ ਮੌਕੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਡਾ. ਜਨਕ ਰਾਜ ਸਚਦੇਵਾ ਤੇ ਮੀਤ ਪ੍ਰਧਾਨ ਪ੍ਰੋ. ਐਸ. ਐਮ. ਵਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕਰਦਿਆਂ ਦੱਸਿਆ ਕਿ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਹੀ ਰਣਜੀ ਟ੍ਰਾਫ਼ੀ ਦੇਸ਼ ਨੂੰ ਦਿੱਤੀ, ਜਿਹੜੀ ਕਿ ਅੱਜ ਕ੍ਰਿਕੇਟ ਦੀ ਕੌਮੀ ਟ੍ਰਾਫ਼ੀ ਬਣ ਗਈ ਹੈ।
ਇਸ ਦੌਰਾਨ ਇਸ ਮੌਕੇ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਪਟਿਆਲਾ ਕ੍ਰਿਕੇਟ ਐਸੋਸੀਏਸ਼ਨ ਦੇ ਆਨਰੇਰੀ ਖ਼ਜ਼ਾਨਚੀ ਰਵਿੰਦਰ ਸਿੰਘ, ਓ.ਪੀ. ਗਰਗ, ਸੰਯੁਕਤ ਸਕੱਤਰ ਰੇਨੂੰ ਕੌੜਾ, ਰਣਬੀਰ ਸਿੰਘ, ਡਾ. ਹਰੀਸ਼ ਮਲਹੋਤਰਾ, ਬੀ.ਐਸ ਗੁਰਮ, ਜਸਪਾਲ ਅਨੰਦ, ਸੰਤੋਸ਼ ਦੱਤਾ, ਡਾ. ਰਕੇਸ਼ ਪਾਠਕ, ਆਰ.ਕੇ. ਮੰਡੋਰਾ, ਗੁਰਜੀਤ ਸਿੰਘ, ਵਿਕਾਸ ਮਿੱਤਲ, ਵਿਕਾਸ ਗੁਪਤਾ, ਐਚ.ਐਸ. ਸੋਹੀ ਸਮੇਤ ਵੱਡੀ ਗਿਣਤੀ ਕ੍ਰਿਕੇਟ ਖਿਡਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।
***********
ਫੋਟੋ ਕੈਪਸ਼ਨ- ਧਰੁਵ ਪਾਂਡਵ ਕ੍ਰਿਕੇਟ ਸਟੇਡੀਅਮ ਵਿਖੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਨ ਸਮੇਂ ਡੀਡ ਦਸਤਾਵੇਜ ਹਾਸਲ ਕਰਦੇ ਹੋਏ ਪਟਿਆਲਾ ਕ੍ਰਿਕੇਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਆਰ.ਪੀ. ਪਾਂਡਵ ਅਤੇ ਹੋਰ ਮੈਂਬਰ।