ਪ੍ਰਾਈਮ ਏਸ਼ੀਆ ਨਿਊਜ਼

ਐੱਸ.ਏ.ਐੱਸ. ਨਗਰ 21 ਅਗਸਤ

ਸਿੱਖਿਆ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਧੀਨ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਨਿਰੰਤਰ ਯਤਨਸ਼ੀਲ ਹੈ। ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਦੀਆਂ 2392 ਅਸਾਮੀਆਂ ਅਧੀਨ ਨਿਯੁਕਤ ਹੋਏ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਅਧਿਆਪਕਾਂ ਦੀ ਤਿੰਨ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਮਿਤੀ 23, 24 ਅਤੇ 25 ਅਗਸਤ ਨੂੰ ਕਰਵਾਈ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਕਿਹਾ ਕਿ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਦੇ ਨਵ-ਨਿਯੁਕਤ ਅਧਿਆਪਕਾਂ ਨੂੰ ਵਿਸ਼ੇ ਨਾਲ ਸਬੰਧਤ ਟ੍ਰੇਨਿੰਗ ਦੇਣ ਦੇ ਨਾਲ-ਨਾਲ ਕੌਮੀ ਪ੍ਰਾਪਤੀ ਸਰਵੇਖਣ-2021 ਦੀ ਤਿਆਰੀ ਸਬੰਧੀ, ਈ-ਕੰਟੈਂਟ ਡਿਵੈੱਲਪਮੈਂਟ, ਦੀਕਸ਼ਾ ਪੋਰਟਲ ਤੇ ਕੰਟੈਂਟ ਨੂੰ ਅਪਲੋਡ ਕਰਨ, ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਵੈੱਬਸਾਈਟਾਂ ਤੇ ਪੋਰਟਲ ਦੀ ਵਰਤੋਂ, ਆਈ. ਸੀ. ਟੀ. ਰੂਲਜ਼ ਬਾਰੇ ਨਵ-ਨਿਯੁਕਤ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤਿੰਨ ਰੋਜ਼ਾ ਟ੍ਰੇਨਿੰਗ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ। ਨਵ-ਨਿਯੁਕਤ ਅਧਿਆਪਕ ਉਹਨਾਂ ਦੇ ਨਿਯੁਕਤੀ ਪੱਤਰ ਵਿੱਚ ਦਰਜ ਜ਼ਿਲ੍ਹੇ ਵਿੱਚ ਉਪਲਬਧ ਟ੍ਰੇਨਿੰਗ ਸਥਾਨਾਂ ਤੇ ਸਿਖਲਾਈ ਪ੍ਰਾਪਤ ਕਰਨਗੇ, ਜਿਸ ਦੀ ਸੂਚੀ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ।

ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਮੂਹ ਅਧਿਆਪਕ ਆਪਣੇ ਨਾਲ ਆਪਣੇ ਨਿਯੁਕਤੀ ਪੱਤਰ ਦੀ ਕਾਪੀ ਅਤੇ ਪਹਿਚਾਣ ਪੱਤਰ ਲੈ ਕੇ ਆਉਣਗੇ। ਇਸ ਟ੍ਰੇਨਿੰਗ ਨੂੰ ਸਫ਼ਲ ਬਣਾਉਣ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ) ਦੀ ਯੋਗ ਅਗਵਾਈ ਅਧੀਨ ਸਮੂਹ ਡਾਇਟ ਪ੍ਰਿੰਸੀਪਲ, ਪੜ੍ਹੋ ਪੰਜਾਬ ਪੜ੍ਹਾਓ ਟੀਮਾਂ, ਬਲਾਕ ਨੋਡਲ ਅਫ਼ਸਰ ਆਪਣਾ ਬਣਦਾ ਯੋਗਦਾਨ ਪਾਉਣਗੇ।

Spread the love