ਪ੍ਰਾਈਮ ਏਸ਼ੀਆ ਨਿਊਜ਼

ਚੰਡੀਗੜ੍ਹ ,23 ਅਗਸਤ

ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ’ਤੇ ਇਤਰਾਜ਼ ਜਤਾਉਂਦਿਆਂ ਇਸ ਮਾਮਲੇ ਵਿੱਚ ਕਾਂਗਰਸ ਹਾਈਕਮਾਨ ਦੇ ਦਖ਼ਲ ਦੀ ਮੰਗ ਕੀਤੀ ਹੈ।

ਅੱਜ ਆਪਣੇ ਟਵਿੱਟਰ ਹੈਂਡਲ ਰਾਹੀਂ ਕੀਤੇ ਇਕ ਟਵੀਟ ਵਿੱਚ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ, ਕੁਲਹਿੰਦ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਦੇਸ਼ ਕਾਂਗਰਸ ਨੂੰ ‘ਟੈਗ’ ਕਰਦਿਆਂ ਕਿਹਾ ਹੈ ਕਿ ਕਾਂਗਰਸ ਇਸ ’ਤੇ ਮੰਥਨ ਕਰੇ ਕਿ ਜਿਹੜੇ ਲੋਕ ਜੰਮੂ ਕਸ਼ਮੀਰੀ ਨੂੰ ਭਾਰਤ ਦਾ ਹਿੱਸਾ ਨਹੀਂ ਮਨਦੇ ਅਤੇ ਜਿਹੜੇ ਪਾਕਿਸਤਾਨ ਵੱਲ ਝੁਕਾਅ ਰੱਖਦੇ ਹਨ ਕਿ ਉਹ ਪੰਜਾਬ ਕਾਂਗਰਸ ਦਾ ਹਿੱਸਾ ਹੋ ਸਕਦੇ ਹਨ।

ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਇਹ ਉਹਨਾਂ ਸਾਰਿਆਂ ਦਾ ਮਜ਼ਾਕ ਉਡਾਉਣ ਦੇ ਤੁਲ ਹੈ ਜਿਨ੍ਹਾਂ ਨੇ ਭਾਰਤ ਵਾਸਤੇ ਆਪਣਾ ਖ਼ੂਨ ਬਹਾਇਆ ਹੈ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਕ ਬਿਆਨ ਜਾਰੀ ਕਰਕੇ ਜਿੱਥੇ ਸਿੱਧੂ ਦੇ ਸਲਾਹਕਾਰਾਂ ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਨੂੰ ਸੰਵੇਦਨਸ਼ੀਲ ਅਤੇ ਦੇਸ਼ ਹਿਤ ਦੇ ਮੁੱਦਿਆਂ ’ਤੇ ਸੰਭਲ ਕੇ ਬੋਲਣ ਲਈ ਕਿਹਾ ਸੀ ਉੱਥੇ ਸਿੱਧੂ ਨੂੰ ਵੀ ਇਹ ਕਿਹਾ ਸੀ ਕਿ ਉਹ ਆਪਣੇ ਸਲਾਹਕਾਰਾਂ ਨੂੰ ਲਗਾਮ ਪਾਉਣ।

Spread the love