ਪ੍ਰਾਈਮ ਏਸ਼ੀਆ ਨਿਊਜ਼

ਬਟਾਲਾ, 23 ਅਗਸਤ

ਜੂਨੀਅਰ ਰਾਸ਼ਟਰੀ ਖੇਡਾਂ, ਖੇਲੋ ਇੰਡੀਆ ਵਿੱਚ ਵੇਟ ਲਿਫ਼ਟਿੰਗ ਦੇ ਮੁਕਾਬਲੇ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਵਾਲੀ ਪਿੰਡ ਪ੍ਰਤਾਪਗੜ੍ਹ ਦੀ ਖਿਡਾਰਨ ਨਵਦੀਪ ਕੌਰ ਦੀ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਵਿਸ਼ੇਸ਼ ਤੌਰ ’ਤੇ ਹੌਂਸਲਾ ਅਫ਼ਜਾਈ ਕੀਤੀ ਹੈ। ਖਿਡਾਰਨ ਨਵਦੀਪ ਕੌਰ ਦੀਆਂ ਖੇਡ ਪ੍ਰਾਪਤੀ ਲਈ ਉਸਨੂੰ ਸ਼ਾਬਾਸ਼ੀ ਦਿੰਦਿਆਂ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਆਪਣੀ ਨਿੱਜੀ ਕਮਾਈ ਵਿੱਚੋਂ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਹੈ।

ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਖਿਡਾਰਨ ਨਵਦੀਪ ਕੌਰ ਵਰਗੀਆਂ ਧੀਆਂ ’ਤੇ ਸਾਨੂੰ ਮਾਣ ਹੈ ਜਿਨ੍ਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਸਾਡੇ ਇਲਾਕੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਸੀ ਕਿ ਨਵਦੀਪ ਕੌਰ ਦੀ ਘਰੇਲੂ ਹਾਲਤ ਕੁਝ ਕਮਜ਼ੋਰ ਹੈ ਅਤੇ ਉਹ ਇਸ ਸਬੰਧੀ ਜੋ ਵੀ ਮਦਦ ਕਰ ਸਕਦੇ ਹੋਏ ਜਰੂਰ ਕਰਨਗੇ।

ਉਨ੍ਹਾਂ ਕਿਹਾ ਕਿ ਨਵਦੀਪ ਕੌਰ ਨੂੰ ਵੇਟ ਲਿਫਟਿੰਗ ਵਿੱਚ ਆਪਣਾ ਭਵਿੱਖ ਬਣਾਉਣ ਲਈ ਜੋ ਵੀ ਸਹਾਇਤਾ ਲੋੜੀਂਦੀ ਹੋਵੇਗੀ ਉਸਦੀ ਵੀ ਪੂਰਤੀ ਕੀਤੀ ਜਾਵੇਗੀ। ਬਾਜਵਾ ਨੇ ਕਿਹਾ ਕਿ ਨਵਦੀਪ ਕੌਰ ਦੀ ਹੋਰ ਵਿੱਤੀ ਮਦਦ ਲਈ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ। ਉਨਾਂ ਨਾਲ ਹੀ ਕਿਹਾ ਕਿ ਉਹ ਨਵਦੀਪ ਕੌਰ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਨਵਦੀਪ ਕੌਰ ਖੇਡਾਂ ਵਿਚ ਹੋਰ ਮੈਡਲ ਜਿੱਤੇ।

ਇਥੇ ਇਹ ਵੀ ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਵੀ ਖਿਡਾਰਨ ਨਵਦੀਪ ਕੌਰ ਦੀ 50 ਹਜ਼ਾਰ ਰੁਪਏ ਨਾਲ ਮਦਦ ਕੀਤੀ ਗਈ ਹੈ ਅਤੇ ਇਸਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵਦੀਪ ਕੌਰ ਦੇ ਘਰ ਦੀ ਛੱਤ ਦੀ ਮੁਰੰਮਤ ਕਰਵਾਈ ਜਾ ਰਹੀ ਹੈ, ਉਸਦੇ ਪਿਤਾ ਜਿਨ੍ਹਾਂ ਦੀ ਉਮਰ 65 ਸਾਲ ਹੈ ਉਸਦੀ ਵੀ 1500 ਰੁਪਏ ਪੈਨਸ਼ਨ ਲਗਾਈ ਜਾ ਰਹੀ ਹੈ।

ਨਵਦੀਪ ਦੇ ਪਿਤਾ ਦਾ ਇਲਾਜ ਵੀ ਕਰਵਾ ਕੇ ਦਿੱਤਾ ਜਾਵੇਗਾ ਅਤੇ ਖੇਡ ਵਿਭਾਗ ਵਲੋਂ ਖਿਡਾਰੀ ਨੂੰ ਰੋਜਾਨਾ 100 ਰੁਪਏ ਡਾਈਟ ਲਈ ਦਿੱਤੇ ਜਾਂਦੇ ਹਨ, ਉਹ ਵੀ ਨਵਦੀਪ ਕੋਰ ਨੂੰ ਦਿੱਤੇ ਜਾਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਮਨੋਹਰ ਲਾਲ ਸ਼ਰਮਾਂ, ਕੰਵਰ ਪ੍ਰਤਾਪ ਸਿੰਘ ਬਾਜਵਾ, ਮੈਡਮ ਸ਼ਾਲਿਨੀ ਸ਼ਰਮਾਂ, ਜਸਬੀਰ ਸਿੰਘ ਢੀਂਡਸਾ, ਅਰੁਣ ਅਗਰਵਾਲ, ਜੋਗਿੰਦਰ ਕੁਮਾਰ, ਅਬਦੁਲ ਵਾਸੇ, ਰਤਨਦੀਪ ਮਾਝਾ, ਪ੍ਰਸ਼ੋਤਮ ਹੰਸ, ਮਾਸਟਰ ਗੁਰਬਚਨ ਸਿੰਘ, ਬਬੀਤਾ ਖੋਸਲਾ, ਦੀਪੂ ਭਾਮੜੀ, ਡਿੰਪੀ ਅਬਰੋਲ, ਸੁੱਚਾ ਸਿੰਘ ਜੌਹਲ, ਰਾਜਬੀਰ ਸਿੰਘ ਕਾਹਲੋਂ, ਦਲਜੀਤ ਸਿੰਘ ਬਮਰਾਹ ਤੇ ਇਲਾਕੇ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।

Spread the love