ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਗੰਨਾ ਕਾਸਤਕਾਰਾਂ ਬਾਰੇ ਕੈਪਟਨ ਸਰਕਾਰ ਦੀ ਮਨਸਾ ਸਾਫ਼ ਨਾ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਗੰਨੇ ਦੇ ਮੁੱਲ ਬਾਰੇ ਕਿਸਾਨਾਂ ਅਤੇ ਸਰਕਾਰ ਵਿਚਕਾਰ ਮੀਟਿੰਗਾਂ ‘ਚ ਰਾਣਾ ਗੁਰਜੀਤ ਸਿੰਘ ਦੀ ਮੌਜ਼ੂਦਗੀ ‘ਦੁੱਧ ਦੀ ਰਾਖੀ ਬਿੱਲੇ’ ਨੂੰ ਬੈਠਾਉਣ ਦੇ ਬਾਰਬਾਰ ਹੈ।

ਚੀਮਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੰਤਰੀ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਇਸ ਬਾਰੇ ਸਪੱਸ਼ਟ ਕਰਨ ਕਿ ਗੰਨਾ ਵਿਕਾਸ ਬੋਰਡ ਅਤੇ ਗੰਨੇ ਦਾ ਮੁੱਲ ਤੈਅ ਕਰਨ ਵਾਲੀਆਂ ਮੀਟਿੰਗਾਂ ‘ਚ ਰਾਣਾ ਗੁਰਜੀਤ ਸਿੰਘ ਨੂੰ ਸ਼ਾਮਲ ਕਰਨਾ ਕਿਹੜੀ ਮਜ਼ਬੂਰੀ ਹੈ? ਕੀ ਕਾਂਗਰਸੀ ਦੱਸਣਗੇ ਕਿ ਰਾਣਾ ਗੁਰਜੀਤ ਸਿੰਘ ਦੀਆਂ ਗੰਨਾਂ ਮਿੱਲਾਂ ਵੱਲ ਕਿਸਾਨਾਂ ਦਾ ਕਿੰਨੇ ਕਰੋੜ ਰੁਪਇਆਂ ਦਾ ਬਕਾਇਆ ਖੜਾ ਹੈ? ਉਨਾਂ ਦੋਸ਼ ਲਾਇਆ ਕਿ ਰਾਣਾ ਸ਼ੂਗਰਜ਼ ਦੀ ਦੇਣਦਾਰੀ ਸਭ ਤੋਂ ਮਾੜੀ ਹੈ। ਫਿਰ ਡਿਫ਼ਾਲਟਰ ਮਿਲ ਮਾਲਕ ਕੋਲੋਂ ਗੰਨਾ ਕਾਸਤਕਾਰਾਂ ਦੇ ਹਿੱਤਾਂ ਦੀ ਰੱਖਿਆ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।

ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਰਾਣਾ ਗੁਰਜੀਤ ਸਿੰਘ ਨੂੰ ਗੰਨੇ ਦਾ ਮੁੱਲ ਤੈਅ ਕਰਨ ਵਾਲੀਆਂ ਮੀਟਿੰਗਾਂ ਤੋਂ ਦੂਰ ਕੀਤਾ ਜਾਵੇ ਅਤੇ ਗੰਨਾ ਵਿਕਾਸ ਬੋਰਡ ‘ਚੋਂ ਤੁਰੰਤ ਹਟਾਇਆ ਜਾਵੇ। ਚੀਮਾ ਮੁਤਾਬਕ ਜਦੋਂ ਤੱਕ ਗੰਨੇ ਦੇ ਮੁੱਲ ‘ਚ ਵਾਧੇ ਅਤੇ ਬਕਾਇਆ ਰਾਸ਼ੀ ਦੇ ਭੁਗਤਾਨ ਬਾਰੇ ਬੈਠਕਾਂ ‘ਚ ਰਾਣਾ ਗੁਰਜੀਤ ਸਿੰਘ ਵਰਗੇ ਖੰਡ ਮਿੱਲ ਮਾਫੀਆ ਦੀ ਮੌਜ਼ੂਦਗੀ ਅਤੇ ਦਖ਼ਲਅੰਦਾਜ਼ੀ ਰਹੇਗੀ ਉਦੋਂ ਤੱਕ ਗੰਨਾ ਕਾਸਤਕਾਰਾਂ ਨੂੰ ਸਹੀ ਮੁੱਲ ਅਤੇ ਉਨਾਂ ਦੇ ਹਿੱਤਾਂ ਦੀ ਰੱਖਿਆ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਚੀਮਾ ਨੇ ਸਭ ਤੋਂ ਘੱਟ ਮੁੱਲ ਹੋਣ ਦੇ ਹਵਾਲੇ ਨਾਲ ਗੰਨੇ ਦਾ ਪ੍ਰਤੀ ਕੁਇੰਟਲ ਮੁੱਲ (ਐਸ.ਏ.ਪੀ) 400 ਰੁਪਏ ਕਰਨ ਦੀ ਮੰਗ ਕੀਤੀ।

Spread the love