ਪ੍ਰਾਈਮ ਏਸ਼ੀਆ ਨਿਊਜ਼
ਚੰਡੀਗੜ੍ਹ,23 ਅਗਸਤ
ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਪਸ਼ੂਆਂ ਵਿੱਚ ਮੂੰਹ-ਖੁਰ ਦੀ ਬਿਮਾਰੀ ਦੇ ਫੈਲਣ ਦੀਆਂ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਮਾਹਰਾਂ ਅਤੇ ਡਾਕਟਰਾਂ ਦੀਆਂ ਟੀਮਾਂ ਨੂੰ ਫੌਰੀ ਤੌਰ ‘ਤੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਪ੍ਰਭਾਵਿਤ ਪਿੰਡਾਂ ਦੇ 5 ਤੋਂ 10 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ 100 ਫ਼ੀਸਦੀ ਪਸ਼ੂਧਨ ਦੀ ਰਿੰਗ ਵੈਕਸੀਨੇਸ਼ਨ ਮੁਕੰਮਲ ਕਰਵਾ ਲਈ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਰਿਪੋਰਟਾਂ ਅਨੁਸਾਰ ਪੰਜਾਬ ਦੇ ਲੁਧਿਆਣਾ, ਮੋਗਾ ਅਤੇ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਮੂੰਹ-ਖੁਰ ਦੀ ਬਿਮਾਰੀ ਕੁਝ ਕੁ ਪਸ਼ੂਆਂ ਨੂੰ ਹੋਈ ਹੈ। ਉਹਨਾਂ ਦੱਸਿਆ ਕਿ ਸਰਕਾਰ ਨੇ ਫੌਰੀ ਕਾਰਵਾਈ ਕਰਦੇ ਹੋਏ ਸਾਰੇ ਪ੍ਰਭਾਵਿਤ ਜਿਲ੍ਹਿਆਂ ਵਿਚ ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਰਿੰਗ ਵੈਕਸੀਨ ਦੀਆਂ 81 ਹਜ਼ਾਰ ਖੁਰਾਕਾਂ ਵੰਡੀਆਂ ਗਈਆਂ ਸਨ। ਸ੍ਰੀ ਬਾਜਵਾ ਨੇ ਦੱਸਿਆ ਕਿ ਉਹ ਨਿੱਜੀ ਤੌਰ ‘ਤੇ ਰੋਜ਼ਾਨਾ ਪ੍ਰਭਾਵਿਤ ਜ਼ਿਲ੍ਹਿਆਂ ਤੋਂ ਰਿਪੋਰਟ ਲੈ ਰਹੇ ਹਨ।
ਬਾਜਵਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਵਿੱਚ ਮੂੰਹ-ਖੁਰ ਟੀਕਾਕਰਨ ਪ੍ਰੋਗਰਾਮ ਕੇਂਦਰ ਸਰਕਾਰ ਦੀ ਐਨ.ਏ.ਡੀ.ਸੀ.ਪੀ. ਸਕੀਮ ਅਧੀਨ ਚਲਾਇਆ ਜਾਂਦਾ ਹੈ ਜਿਸ ਤਹਿਤ ਰਾਜ ਵਿੱਚ ਮੂੰਹ-ਖੁਰ ਦੀ ਵੈਕਸੀਨ ਕੇਂਦਰ ਸਰਕਾਰ ਵੱਲੋਂ ਹੀ ਦਿੱਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਵਿੱਚ ਪਿਛਲੇ ਸਾਲ 17 ਅਕਤੂਬਰ 2020 ਨੂੰ ਮੂੰਹ-ਖੁਰ ਟੀਕਾਕਰਨ ਸ਼ੁਰੂ ਹੋਇਆ ਸੀ ਜਿਸ ਅਧੀਨ ਸੂਬੇ ਦੇ ਸਾਰੇ ਪਸ਼ੂਧਨ ਦੀ ਵੈਕਸੀਨੇਸ਼ਨ ਕੀਤੀ ਜਾਣੀ ਸੀ। ਉਹਨਾਂ ਦੱਸਿਆ ਕਿ ਕੁਝ ਕਾਰਨਾਂ ਕਰਕੇ ਮੂੰਹ-ਖੁਰ ਦੀ ਵੈਕਸੀਨ ਦੇ ਸੈਂਪਲ ਫੇਲ ਹੋਣ ਕਰਕੇ ਵੈਕਸੀਨ ਮਿੱਥੇ ਮਾਪਦੰਡਾਂ ‘ਤੇ ਖਰੀ ਨਹੀਂ ਉਤਰ ਸਕੀ ਅਤੇ ਕੇਂਦਰ ਸਰਕਾਰ ਨੇ ਪਸ਼ੂ ਪਾਲਣ ਵਿਭਾਗ ਤੋਂ ਇਹ ਵੈਕਸੀਨ ਵਾਪਸ ਲੈ ਲਈ ਗਈ ਸੀ ਅਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਨਵੀਂ ਵੈਕਸੀਨ ਦੀ ਉਪਲੱਬਧਤਾ ਹੋਣ ਦੇ ਬਾਅਦ ਹੀ ਇਹ ਵੈਕਸੀਨ ਦੁਬਾਰਾ ਸਪਲਾਈ ਕੀਤੀ ਜਾਵੇਗੀ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਰੱਖਿਆ ਹੋਇਆ ਹੈ ਅਤੇ ਉਹਨਾਂ ਵੱਲੋਂ ਇਹ ਉਮੀਦ ਪ੍ਰਗਟਾਈ ਗਈ ਹੈ ਕਿ ਮੂੰਹ-ਖੁਰ ਵੈਕਸੀਨ ਸਤੰਬਰ ਤੱਕ ਉਪਲੱਬਧ ਹੋ ਜਾਵੇਗੀ। ਸ੍ਰੀ ਬਾਜਵਾ ਨੇ ਦੱਸਿਆ ਕਿ ਜਿਵੇਂ ਹੀ ਵਿਭਾਗ ਨੂੰ ਕੇਂਦਰ ਸਰਕਾਰ ਤੋਂ ਵੈਕਸੀਨ ਪ੍ਰਾਪਤ ਹੁੰਦੀ ਹੈ ਤਾਂ ਇਹ ਵੈਕਸੀਨ ਸੂਬੇ ਦੇ ਸਾਰੇ ਪਸ਼ੂਧਨ ਨੂੰ ਲਗਾ ਦਿੱਤੀ ਜਾਵੇਗੀ।
ਪਸ਼ੂ ਪਾਲਣ ਮੰਤਰੀ ਵੱਲੋਂ ਦੱਸਿਆ ਗਿਆ ਕਿ ਜਿਥੋਂ ਤੱਕ ਕੁਝ ਜ਼ਿਲ੍ਹਿਆਂ ਜਿਵੇਂ ਲੁਧਿਆਣਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਮੂੰਹ-ਖੁਰ ਦੀ ਬਿਮਾਰੀ ਨਾਲ ਪਸ਼ੂਧਨ ਪ੍ਰਭਾਵਿਤ ਹੋਣ ਦੀ ਗੱਲ ਹੈ ਤਾਂ ਉਸ ਸਬੰਧੀ ਵਿਭਾਗ ਵੱਲੋਂ ਐਨ.ਆਰ.ਡੀ.ਡੀ.ਐਲ. ਲੈਬ ਜਲੰਧਰ ਦੀਆਂ ਟੀਮਾਂ ਭੇਜੀਆਂ ਜਾ ਚੁੱਕੀਆਂ ਹਨ l