-ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਲਈ ਹਾਈਕਮਾਂਡ ਨੂੰ ਮਿਲੇਗਾ ਵਫ਼ਦ
ਨਿਰਮਲ ਸਿੰਘ ਮਾਨਸ਼ਾਹੀਆ
ਚੰਡੀਗੜ੍ਹ, 24 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਧੜ੍ਹੇ ਦੇ 4 ਮੰਤਰੀਆਂ ਤੇ 25 ਦੇ ਕਰੀਬ ਵਿਧਾਇਕਾਂ ਨੇ ਬਗਾਵਤੀ ਝੰਡਾ ਚੁੱਕਦੇ ਹੋਏ ਮੋਰਚਾ ਖੋਲ੍ਹ ਦਿੱਤਾ ਹੈ। ਸਿੱਧੂ ਧੜ੍ਹੇ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬਗਾਵਤ ਤੇਜ਼ ਕਰਦਿਆਂ ਉਨ੍ਹਾਂ ਨੂੰ ਬਦਲਣ ਦੀ ਆਵਾਜ਼ ਉਠਾਈ ਹੈ। ਮੰਗਲਵਾਰ ਨੂੰ ਸਵੇਰੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ 4 ਕੈਬਨਿਟ ਮੰਤਰੀਆਂ ਸਮੇਤ 25 ਵਿਧਾਇਕ ਅਤੇ ਤਕਰੀਬਨ ਅੱਧਾ ਦਰਜਨ ਸਾਬਕਾ ਵਿਧਾਇਕ ਇਕੱਠੇ ਹੋਏ। ਮੀਟਿੰਗ ਵਿਚ ਕੈਪਟਨ ਦੀ ਕਾਰਗੁਜ਼ਾਰੀ ਉਤੇ ਸਵਾਲ ਖੜ੍ਹੇ ਕੀਤੇ ਗਏ।
ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚ ਸਾਡਾ ਭਰੋਸਾ ਨਹੀਂ ਰਿਹਾ ਹੈ। ਅਸੀਂ ਕੇਂਦਰੀ ਹਾਈਕਮਾਂਡ ਤੋਂ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕਰਾਂਗੇ।
ਮੀਟਿੰਗ ਲਗਭਗ 4 ਘੰਟੇ ਦੇ ਕਰੀਬ ਚੱਲੀ। ਮੀਟਿੰਗ ਦੇ ਬਾਅਦ ਚੰਨੀ ਨੇ ਕਿਹਾ ਕਿ ਮੌਜ਼ੂਦਾ ਮੁੱਖ ਮੰਤਰੀ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣ ਵਾਲੇ ਹਨ। ਇਸ ਲਈ ਸੂਬਾ ਕਾਂਗਰਸ ਦਾ 5 ਮੈਂਬਰੀ ਇੱਕ ਵਫ਼ਦ ਅੱਜ ਦਿੱਲੀ ਜਾ ਕੇ ਹਾਈਕਮਾਨ ਨੂੰ ਮਿਲੇਗਾ। ਇਸ ਵਫ਼ਦ ਵਿਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁੱਖ ਸਰਕਾਰੀਆ ਤੇ ਵਿਧਾਇਕ ਪ੍ਰਗਟ ਸਿੰਘ ਸਮੇਤ ਉਹ ਖੁਦ (ਚਰਨਜੀਤ ਚੰਨੀ) ਸ਼ਾਮਲ ਹੋਣਗੇ।
ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਮੰਤਰੀਆਂ ਦੇ ਰੂਪ ਵਿਚ ਚੰਗਾ ਕੰਮ ਕੀਤਾ ਹੈ ਅਤੇ ਮੰਤਰੀਸ਼ਿਪ ਜਾਣ ਦਾ ਸਾਨੂੰ ਕੋਈ ਡਰ ਨਹੀਂ ਹੈ ਤੇ ਨਾ ਹੀ ਕੁਰਸੀ ਜਾਣ ਦਾ।। ਰੰਧਾਵਾ ਦੇ ਇਸ ਬਿਆਨ ਨਾਲ ਇਹ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਕੈਪਟਨ ਦੇ ਵਿਰੋਧਾ ਵਿਚ ਆਉਣ ਵਾਲੇ ਮੰਤਰੀਆਂ ਨੂੰ ਆਪਣੇ ਮਹਿਕਮੇ ਬਦਲਣ ਜਾਂ ਮੰਤਰੀ ਮੰਡਲ ਵਿਚ ਰੱਦੋਬਦਲ ਹੋ ਜਾਣ ਦਾ ਵੀ ਡਰ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਰਲਿਆ ਹੋਇਆ ਹੈ ਅਤੇ ਮਿਲ ਕੇ ਗੇਮ ਖੇਡ ਰਿਹਾ ਹੈ। ਬਾਜਵਾ ਨੇ ਕਿਹਾ ਕਿ ਸਾਢੇ ਚਾਰ ਜਿਹੜਾ ਚੀਫ ਮਨਿਸਟਰ ਘਰੋਂ ਬਾਹਰ ਹੀ ਨਹੀਂ ਨਿਕਲਿਆ ਹੋਰ ਤੁਹਾਨੂੰ ਕੀ ਆਖੀਏ। 75 : 25 ਦੀ ਜਿਹੜੀ ਗੱਲ ਨਵਜੋਤ ਸਿੰਘ ਕਹਿ ਰਿਹਾ ਹੈ ਉਹ ਬਿਲਕੁਲ ਸੱਚ ਹੈ। ਮੈਂ ਕਹਿ ਰਿਹਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਰਲਿਆ ਹੋਇਆ ਹੈ ਬਦਕਿਸਮਤੀ ਸਾਡੀ ਵੀ ਤੇ ਕਾਂਗਰਸ ਦੀ ਵੀ। ਬੜੇ ਮੁੱਦੇ ਨੇ। ਪਹਿਲਾਂ ਇਨ੍ਹਾਂ ਨੇ ਅਕਾਲੀਆਂ ਨਾਲ ਮਿਲ ਕੇ ਕਈ ਮੀਟਿੰਗਾਂ ਕੀਤੀਆਂ, ਪਹਿਲਾਂ ਸੁੱਖ ਵਿਲਾਸ ਵਿਚ ਮੀਟਿੰਗ ਹੋਈ ਫਿਰ ਦੁਬਈ ਵਿਚ ਮੀਟਿੰਗ ਹੋਈ, ਬੜਾ ਕੁੱਝ ਹੋਇਆ ਇਨ੍ਹਾਂ ਵਿਚਕਾਰ। ਕੈਪਟਨ ਅਮਰਿੰਦਰ ਸਿੰਘ ਕੁੱਝ ਕਰਦੇ ਹੀ ਨਹੀਂ। ਸਾਢੇ ਚਾਰ ਸਾਲ ਜਿਹੜਾ ਚੀਫ ਮਨਿਸਟਰ ਘਰੋਂ ਬਾਹਰ ਹੀ ਨਿਕਲਿਆ ਉਹ ਹੁਣ ਕੀ ਕਰੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਹੀਂ ਹਨ। ਇਸ ਲਈ ਉਹ ਪਾਰਟੀ ਹਾਈ ਕਮਾਂਡ ਨੂੰ ਮਿਲ ਕੇ ਸਾਰੇ ਮੁੱਦੇ ਉਠਾਉਣਗੇ। ਮੀਟਿੰਗ ਵਿਚ ਸੁੱਖ ਸਰਕਾਰੀਆ ਕੈਬਨਿਟ ਮੰਤਰੀ ਵੀ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਸਮੇਤ ਕਈ ਹੋਰ ਆਗੂ ਵੀ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਮੀਟਿੰਗ ਦੀ ਤਿਆਰੀ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਇਸ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਵਲੋਂ ਮੁੱਖ ਮੰਤਰੀ ਨੂੰ ਬਦਲਣ ਦਾ ਪ੍ਰਸਤਾਵ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਮੀਟਿੰਗ ਵਿਚ 25 ਵਿਧਾਇਕ ਅਤੇ ਤਿੰਨ ਮੰਤਰੀ ਹੀ ਪੁੱਜੇ। ਇਸਦੀ ਵਜ੍ਹਾ ਨਾਲ ਇਸ ਪ੍ਰਸਤਾਵ ਨੂੰ ਲਿਆਉਣ ਦੀ ਸੰਭਾਵਨਾ ਮੱਧਮ ਪੈ ਗਈ ਦਿਖਾਈ ਦਿੱਤੀ। ਇਹ ਮੀਟਿੰਗ ਅਜਿਹੇ ਸਮੇਂ ਵਿਚ ਕੀਤੀ ਜਾ ਰਹੀ ਹੈ ਜਦੋਂ ਕਿ 2 ਦਿਨ ਬਾਅਦ 26 ਅਗਸਤ ਨੂੰ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਹੈ। ਜਿਸ ਵਿਚ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਨੂੰ ਲੈ ਕੇ ਫੈਸਲਾ ਹੋਣ ਦੀ ਸੰਭਾਵਨਾ ਹੈ।
ਕੈਪਟਨ ਦੇ ਵਿਰੋਧੀ ਖੇਮੇ ਵਲੋਂ ਕੀਤੀ ਗਈ ਅੱਜ ਦੀ ਮੀਟਿੰਗ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕਾਂ ਵਿਚ ਕੁਲਦੀਪ ਸਿੰਘ ਵੈਦ, ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਸਿੰਘ ਰਾਜਾ ਵਾੜਿੰਗ, ਜੂਨੀਅਰ ਅਵਤਾਰ ਹੈਨਰੀ, ਹਰਜੋਤ ਕਮਲ, ਅਮਰੀਕ ਸਿੰਘ ਢਿੱਲੋਂ, ਸੰਤੋਖ ਸਿੰਘ ਮਲਾਈਪੁਰ, ਪਰਮਿੰਦਰ ਸਿੰਘ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਲਖਬੀਰ ਸਿੰਘ ਲੱਖਾ, ਦਵਿੰਦਰ ਸਿੰਘ ਘੁਬਾਇਆ ਅਤੇ ਅੰਗਦ ਸਿੰਘ ਮੌਜ਼ੂਦ ਸਨ। ਇਨ੍ਹਾਂ ਤੋਂ ਇਲਾਵਾ ਅੱਧੀ ਦਰਜਨ ਸਾਬਕਾ ਵਿਧਾਇਕ ਵੀ ਸ਼ਾਮਲ ਹੋਏ।
ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪੰਜਾਬ ਕਾਂਗਰਸ ਤੇ ਸਰਕਾਰ ਅੰਦਰ ਧੜ੍ਹੇਬੰਦੀ ਤੇਜ਼ ਹੋ ਗਈ ਹੈ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸਤੰਬਰ ’ਚ ਤੈਅ ਹੈ ਅਤੇ ਹੁਣ 26 ਅਗਸਤ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਹੈ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਆਉਂਦੇ ਦਿਨੀਂ ਚੰਡੀਗੜ੍ਹ ਆਉਣਾ ਹੈ। ਠੀਕ ਇਸ ਤੋਂ ਪਹਿਲਾਂ ਸਿੱਧੂ ਖੇਮੇ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚੁਣੌਤੀ ਦੇਣ ਲਈ ਖੁੱਲ੍ਹਾ ਪੈਂਤੜਾ ਲੈ ਲਿਆ ਹੈ, ਜਿਸ ਮੁੱਖ ਮੰਤਰੀ ਅਮਰਿੰਦਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕੈਪਟਨ ਅਤੇ ਸਿੱਧੂ ਧੜ੍ਹਾ ਖੁੱਲ੍ਹ ਕੇ ਇੱਕ-ਦੂਜੇ ਖਿਲਾਫ਼ ਨਿਤਰਨ ਲੱਗਾ ਹੈ। i