ਚੰਡੀਗੜ, 24 ਅਗਸਤ
ਨਵਜੋਤ ਸਿੱਧੂ ਦੇ ਦੋ ਸਹਿਯੋਗੀਆਂ ਵਲੋਂ ਦੇਸ਼ ਵਿਰੋਧੀ ਅਤੇ ਪਾਕਿਸਤਾਨ ਪੱਖੀ ਟਿੱਪਣੀਆਂ ਦਾ ਸਖਤ ਨੋਟਿਸ ਲੈਂਦਿਆਂ, ਪੰਜਾਬ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇੱਕ ਸਮੂਹ ਨੇ ਮੰਗਲਵਾਰ ਨੂੰ ਮਾਲਵਿੰਦਰ ਮਾਲੀ ਅਤੇ ਪਿਆਰੇ ਲਾਲ ਗਰਗ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਇਨਾਂ ਦੋਵਾਂ ਨਵ-ਨਿਯੁਕਤ ਸਲਾਹਕਾਰਾਂ ਦੇ ਬਿਆਨ ਸਪੱਸ਼ਟ ਤੌਰ ‘ਤੇ ਭਾਰਤ ਦੇ ਹਿੱਤਾਂ ਦੇ ਵਿਰੁੱਧ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰਨਾਕ ਹਨ।
ਮਾਲੀ ਅਤੇ ਗਰਗ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਤੋਂ ਇਲਾਵਾ ਉਨਾਂ ਨੇ ਕਾਂਗਰਸ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਪਾਰਟੀ ਅਤੇ ਦੇਸ਼ ਦੇ ਹਿੱਤ ਲਈ ਸਿੱਧੂ ਨੂੰ ਤੁਰੰਤ ਆਪਣੇ ਸਹਿਯੋਗੀਆਂ ‘ਤੇ ਲਗਾਮ ਲਗਾਉਣ ਦੇ ਨਿਰਦੇਸ਼ ਦਿੱਤੇ ਜਾਣ । ਮੰਤਰੀਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਜਿਵੇਂ ਸਰਹੱਦਾਂ ’ਤੇ ਸਾਡੇ ਫੌਜੀ ਦੇਸ਼ ਲਈ ਕਰਦੇ ਹਨ। ਕਿਸੇ ਨੂੰ ਵੀ ਇਨਾਂ ਕੁਰਬਾਨੀਆਂ ਨੂੰ ਦਾਅ ’ਤੇ ਲਾਉਣ ਅਤੇ ਸਾਡੇ ਦੇਸ਼ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਅਜਿਹਾ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।। ਉਨਾਂ ਕਿਹਾ ਕਿ ਅਜਿਹੇ ਬਿਆਨ ਖਾਸ ਤੌਰ ’ਤੇ ਸਰਹੱਦੀ ਰਾਜ ਪੰਜਾਬ ਲਈ ਗੰਭੀਰ ਸਾਬਤ ਹੋ ਸਕਦੇ ਹਨ।
ਨੇੜਲੇ ਸਹਿਯੋਗੀਆਂ ਵਲੋਂ ਅਜਿਹੇ ਦੇਸ਼ ਵਿਰੋਧੀ ਅਤੇ ਪਾਕਿ ਪੱਖੀ ਬਿਆਨਾਂ ਉੱਤੇ ਸਿੱਧੂ ਵੱਲੋਂ ਕੋਈ ਕਾਰਵਾਈ ਕਰਨ ’ਚ ਅਸਫਲ ਰਹਿਣ ਕਾਰਨ ਸਿੱਧੂ ’ਤੇ ਸਵਾਲ ਚੁੱਕਦਿਆਂ ਇਨਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਾਲਾਂਕਿ ਇਸ ਖ਼ਿਲਾਫ਼ ਪਾਰਟੀ ਪੱਧਰ ’ਤੇ ਵੀ ਆਵਾਜ਼ ਉੱਠੀ ਹੈ, ਪਰ ਇਸ ਮਾਮਲੇ ’ਤੇ ਸਿੱਧੂ ਦੀ ਚੁੱਪ ਨੇ ਵਿਰੋਧੀ ਪਾਰਟੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਜੋ ਪਹਿਲਾਂ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸੈਨਾ ਮੁਖੀ ਨਾਲ ਨੇੜਤਾ ਨੂੰ ਉਛਾਲਣ ਲਈ ਕਾਹਲੇ ਸਨ। ਉਨਾਂ ਚਿਤਾਵਨੀ ਦਿੱਤੀ ਕਿ ਇਹ ਘਟਨਾਕ੍ਰਮ ਕਾਂਗਰਸ ਪਾਰਟੀ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ, ਜਿਨਾਂ ਵਿੱਚ ਛੇ ਮਹੀਨਿਆਂ ਤੋਂ ਵੀ ਘੱਟ ਸਮਾਂ ਹੈ , ਨੁਕਸਾਨ ਪਹੰੁਚਾ ਸਕਦਾ ਹੈ ।
ਇੱਕ ਬਿਆਨ ਵਿੱਚ ਪੰਜਾਬ ਕਾਂਗਰਸ ਦੇ ਚਾਰ ਨੇਤਾਵਾਂ ਨੇ ਕਸ਼ਮੀਰ ਬਾਰੇ ਮਾਲੀ ਦੇ ਬਿਆਨ ਨੂੰ ਜੰਮੂ -ਕਸ਼ਮੀਰ ਬਾਰੇ ਭਾਰਤ ਦੀ ਮੌਜੂਦਾ ਪੋਜ਼ੀਸ਼ਨ ਦੇ ਲਿਹਾਜ਼ ਤੋਂ ਖਤਰਨਾਕ ਅਤੇ ਅਸਵੀਕਾਰਯੋਗ ਕਰਾਰ ਦਿੱਤਾ। ਜੰਮੂ -ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਘੋਸ਼ਿਤ ਕਰਨ ਵਾਲੀ ਭਾਰਤ ਦੀ ਸੰਸਦ ਦੇ 1994 ਦੇ ਸਰਬਸੰਮਤੀ ਨਾਲ ਪਾਸ ਕੀਤੇ ਪ੍ਰਸਤਾਵ ‘ਤੇ ਸਵਾਲ ਚੁੱਕਦਿਆਂ (ਜਿਸ ਨੂੰ 2012 ਵਿੱਚ ਦੁਹਰਾਇਆ ਗਿਆ ਸੀ), ਮਾਲੀ ਨੇ ਪਾਕਿਸਤਾਨ ਦੀ ਹਾਂ ਵਿੱਚ ਹਾਂ ਮਿਲਾਈ ਹੈ। ਜੋ ਇਸ ਖੇਤਰ ‘ਤੇ ਆਪਣਾ ਦਾਅਵਾ ਕਰਦਾ ਆ ਰਿਹਾ ਹੈ ਅਤੇ ਕੁਝ ਖਾਸ ਹਿੱਸਿਆਂ ਜਿਵੇਂ ਮਕਬੂਜ਼ਾ ਕਸ਼ਮੀਰ ’ਤੇ ਕਬਿਜ਼ ਵੀ ਹੈ।
ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨ ਪ੍ਰਤੀ ਆਲੋਚਨਾ ਦਾ ਵਿਰੋਧ ਕਰਨ ਵਾਲੇ ਗਰਗ ਦਾ ਬਿਆਨ ਵੀ ਪਾਕਿਸਤਾਨ ਪੱਖੀ ਝੁਕਾਅ ਨੂੰ ਦਰਸਾਉਂਦਾ ਹੈ। ਉਨਾਂ ਅੱਗੇ ਕਿਹਾ ਕਿ ਕੋਈ ਵੀ ਜੋ ਸਰਹੱਦ ਪਾਰੋਂ ਪੰਜਾਬ ਅਤੇ ਭਾਰਤ ਨੂੰ ਅਸਥਿਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੀ ਨਿੰਦਾ ਨਹੀਂ ਕਰਦਾ ਉਹ ਦੁਸ਼ਮਣ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਉਨਾਂ ਕਿਹਾ “ਪਾਕਿਸਤਾਨ ਤੋਂ ਆਏ ਦਿਨ ਡਰੋਨ ਪੰਜਾਬ ਵਿੱਚ ਹਥਿਆਰ ਅਤੇ ਨਸ਼ੇ ਸੁੱਟ ਰਹੇ ਹਨ। ਸਾਡੇ ਜਵਾਨ ਸਰਹੱਦ ‘ਤੇ ਸ਼ਹੀਦ ਹੋ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਕਿਹੜਾ ਦੇਸ਼ ਭਗਤ ਹੋਵੇਗਾ ਜੋ ਅਜਿਹੇ ਕਾਰਿਆਂ ਦੀ ਨਿਖੇਧੀ ਨਹੀਂ ਕਰੇਗਾ।
ਭਾਰਤ ਵਿੱਚ ਅਮਨ ਤੇ ਸ਼ਾਂਤੀ ਨੂੰ ਸਰਹੱਦ ਪਾਰੋਂ ਖ਼ਤਰੇ ਦਾ ਹਵਾਲਾ ਦਿੰਦਿਆਂ ਮੰਤਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਟਿੱਪਣੀਆਂ ਨੂੰ ਜੇ ਸਖ਼ਤੀ ਨਾਲ ਨਾ ਰੋਕਿਆ ਗਿਆ ਤਾਂ ਇਹ ਦੇਸ਼ ਵਿਰੋਧੀ ਬਿਆਨਾਂ, ਜਿਨਾਂ ਨੂੰ ਦੇਸ਼ ਦੇ ਹਿੱਤਾਂ ਵਿਰੋਧੀ ਤਾਕਤਾਂ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਦਾ ਮੁੱਢ ਬੰਨਣਗੀਆਂ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵਿਵਾਦਤ ਅਤੇ ਬੇਹੱਦ ਇਤਰਾਜ਼ਯੋਗ ਸਕੈਚ ਨੂੰ ਪੋਸਟ ਕਰਨ ਲਈ ਮਾਲੀ ਦੀ ਨਿੰਦਾ ਕਰਦਿਆਂ ਇਸ ਨੂੰ ਕਾਂਗਰਸ ਪਾਰਟੀ ਵਿਰੋਧੀ ਇਕ ਹੋਰ ਕਦਮ ਕਰਾਰ ਦਿੱਤਾ।
Spread the love