ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ਼ ਕਰਵਾਉਣ ਲਈ ਜਲੰਧਰ ਦੇ ਐੱਸ ਐੱਸ ਪੀ ਦਫ਼ਤਰ ਦੇ ਬਾਹਰ ਅੱਜ ਪੰਥਕ ਜਥੇਬੰਦੀਆਂ ਵੱਲੋਂ ਤੀਜੇ ਦਿਨ ਵੀ ਧਰਨਾ ਪ੍ਰਦਰਸ਼ਨ ਜਾਰੀ ਹੈ।

ਗੁਰਦਾਸ ਮਾਨ ਵੱਲੋਂ ਮਾਫ਼ੀ ਮੰਗਣ ਦੇ ਬਾਵਜੂਦ ਵੀ ਖ਼ਾਲਸਾ ਪੰਥ ਦਾ ਰੋਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।

ਸੰਘਰਸ਼ ਦੀ ਅਗਵਾਈ ਕਰ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਸਿੱਖ ਤਾਲਮੇਲ ਕਮੇਟੀ ਦੇ ਆਗੂ ਭਾਈ ਤਜਿੰਦਰ ਸਿੰਘ ਪ੍ਰਦੇਸੀ, ਭਾਈ ਹਰਪ੍ਰੀਤ ਸਿੰਘ ਨੀਟੂ, ਆਵਾਜ ਏ ਕੌਮ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਨੀਲੀਆਂ ਫ਼ੌਜਾਂ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਨਿਹੰਗ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਪਰਮਿੰਦਰ ਸਿੰਘ ਮੁਕੇਰੀਆਂ, ਭਾਈ ਮਨਜੀਤ ਸਿੰਘ ਰੇਰੂ, ਭਾਈ ਸੁਰਜੀਤ ਸਿੰਘ ਖ਼ਾਲਿਸਤਾਨੀ, ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਦੇ ਮੁਖੀ ਬਾਬਾ ਗੁਰਦੇਵ ਸਿੰਘ ਨਿਹੰਗ ਤੇ ਬੀਬੀ ਮਨਿੰਦਰ ਕੌਰ ਨੇ ਕਿਹਾ ਕਿ ਗੁਰਦਾਸ ਮਾਨ ਦੀ ਗਲਤੀ ਹਰਗਿਜ਼ ਬਖ਼ਸ਼ਣਯੋਗ ਨਹੀਂ ਹੈ।

ਉਹ ਵਾਰ ਵਾਰ ਸਿੱਖਾਂ ਅਤੇ ਪੰਜਾਬੀਆਂ ਨੂੰ ਚਿੜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਗਤ ਦਾ ਰੋਹ ਤਾਂ ਹੀ ਮੱਠਾ ਪਵੇਗਾ ਜੇਕਰ ਗੁਰਦਾਸ ਮਾਨ ਉੱਤੇ ਪਰਚਾ ਦਰਜ਼ ਹੋਵੇਗਾ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਸਿੱਧੇ ਢੰਗ ਨਾਲ ਗੁਰਦਾਸ ਮਾਨ ਦਾ ਪੱਖ ਪੂਰ ਰਿਹਾ ਹੈ ਤੇ ਜਥੇਬੰਦੀਆਂ ਨਾਲ ਪਰਚਾ ਕਰਨ ਦੇ ਵਾਅਦੇ ਕਰਕੇ ਮੁੱਕਰ ਰਿਹਾ ਹੈ।

ਅੱਜ ਛੇ ਵਜੇ ਤੱਕ ਪਰਚਾ ਕਰਨ ਦੀ ਗੱਲ ਤੋਂ ਪੁਲਿਸ ਪ੍ਰਸ਼ਾਸਨ ਕੰਨੀਂ ਕਤਰਾ ਚੁੱਕਾ ਹੈ ਜਿਸ ਕਾਰਨ ਸਾਨੂੰ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ। ਧਰਨੇ ਦੌਰਾਨ ਗੁਰਦਾਸ ਮਾਨ ਉੱਤੇ ਪਰਚਾ ਦਰਜ਼ ਕਰੋ, ਗੁਰਦਾਸ ਮਾਨ ਮੁਰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਵੀ ਲੱਗੇ। ਇਸ ਮੌਕੇ ਰਣਵੀਰ ਸਿੰਘ, ਜਸ਼ਨਦੀਪ ਸਿੰਘ, ਗੁਰਵਿੰਦਰ ਸਿੰਘ ਸਿੱਧੂ, ਵਿੱਕੀ ਸਿੰਘ ਖ਼ਾਲਸਾ, ਮਨਦੀਪ ਸਿੰਘ ਮਜੀਠਾ, ਬਲਬੀਰ ਸਿੰਘ, ਬਲਜੀਤ ਸਿੰਘ, ਜੋਗਾ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।

Spread the love