‘ਬੇਰੁਜ਼ਗਾਰ ਸਾਂਝਾ ਮੋਰਚਾ’ ਦੀ ਅਗਵਾਈ ਹੇਠ ਪੰਜਾਬ ਜੱਥੇਬੰਦੀਆਂ ਦੇ ਬੇਰੁਜ਼ਗਾਰ ਸਥਾਨਕ ਬਾਰਾਂਦਰੀ ਗਾਰਡਨ ਵਿਖੇ ਸੂਬਾ ਸਰਕਾਰ ਖ਼ਿਲਾਫ਼ ਰੋਸ਼ ਰੈਲੀ ਕਰਨ ਉਪਰੰਤ ਰੋਸ਼ ਮਾਰਚ ਕਰਦੇ ਹੋਏ ਵਾਈ. ਪੀ. ਐਸ ਚੌਂਕ ਵਿੱਚ ਪਹੁੰਚੇ ਤਾਂ ਪਟਿਆਲਾ ਪੁਲਿਸ ਪ੍ਰਸ਼ਾਸਨ ਨੇ ਚੌਂਕ ਵਿਚ ਬੈਰੀਕੇਡਿੰਗ ਲਗਾ ਕੇ ਬੇਰੁਜ਼ਗਾਰਾਂ ਨੂੰ ਚੌਂਕ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ।
ਪਰ ਬੇਰੁਜ਼ਗਾਰ ਮੁੱਖ ਮੰਤਰੀ ਨੂੰ ਮਿਲਣ ਲਈ ਮੋਤੀ ਮਹਿਲ ਵੱਲ ਜਾਣ ਲਈ ਬਜ਼ਿੱਦ ਸਨ। ਇਸ ਦੌਰਾਨ ਬੇਰੁਜ਼ਗਾਰਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਜਬਰਦਸਤ ਧੱਕਾ-ਮੁੱਕੀ ਹੋਈ ਅਤੇ ਇਸ ਪ੍ਰਦਰਸ਼ਨ ਦੌਰਾਨ ਹਰਦੀਪ ਕੌਰ ਭਦੌੜ ਦੇ ਕੱਪੜੇ ਤੱਕ ਫਟ ਗਏ। ਕੁੱਝ ਬੇਰੁਜ਼ਗਾਰਾਂ ਦੇ ਧੱਕਾਮੁੱਕੀ ਦੌਰਾਨ ਹਲਕੀਆਂ ਸੱਟਾਂ ਵੀ ਲੱਗੀਆਂ।
ਬੇਰੁਜ਼ਗਾਰਾਂ ਨੇ ਚੌਂਕ ਵਿਚ ਹੀ ਬੈਠ ਕੇ ਧਰਨਾ ਸੁਰੂ ਕਰ ਦਿੱਤਾ। ਲੰਬੀ ਕਸ਼ਮਕਸ਼ ਮਗਰੋਂ ਪਟਿਆਲਾ ਪ੍ਰਸ਼ਾਸਨ ਵੱਲੋਂ ‘ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ’ ਦੇ ਆਗੂਆਂ ਦੀ 30 ਅਗਸਤ ਨੂੰ ਸ੍ਰੀ ਐੱਮ. ਪੀ. ਸਿੰਘ ਓਐੱਸਡੀ ਮੁੱਖ ਮੰਤਰੀ ਪੰਜਾਬ ਨਾਲ ਮੁੱਖ ਮੰਤਰੀ ਹਾਊਸ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾਉਣ ਦਾ ਪੱਤਰ ਦੇ ਕੇ ਬੇਰੁਜ਼ਗਾਰਾਂ ਨੂੰ ਸ਼ਾਂਤ ਕੀਤਾ ਗਿਆ।
ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਹਰਬੰਸ ਸਿੰਘ ਤੇ ਸੁਖਦੇਵ ਸਿੰਘ ਜਲਾਲਾਬਾਦਾ ਨੇ ਕਿਹਾ ਕੇ ਪਿਛਲੀਆਂ ਵਿਧਾਨ ਸਭਾ ਦੀਆਂ ਵੋਟਾਂ ਸਮੇਂ ਕਾਂਗਰਸ ਸਰਕਾਰ ਜਿਹੜੇ ਵਾਅਦੇ ਕਰਕੇ ਸੱਤਾ ਤੇ ਕਾਬਜ਼ ਹੋਈ ਸੀ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨਾ ਭੁੱਲ ਚੁੱਕੀ ਹੈ ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਬੇਰੁਜ਼ਗਾਰ ਸਰਕਾਰ ਵੱਲੋਂ ਰੁਜ਼ਗਾਰ ਸਬੰਧੀ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਲਈ ਸੈਂਕੜਿਆਂ ਬਾਰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਰਿਹਾਇਸ਼ ਵੱਲ ਗਏ ਹਨ ਜਿੱਥੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਸਵਾਗਤ ਪਾਣੀ ਦੀਆਂ ਬੁਛਾੜਾਂ, ਡੰਡੇ-ਸੋਟੀਆਂ ਨਾਲ ਕੀਤਾ ਗਿਆ ਭਾਵ ਬੇਰੁਜ਼ਗਾਰਾਂ ਤੇ ਲਾਠੀਚਾਰਜ ਕਰ ਕੇ ਉਨ੍ਹਾਂ ਦੇ ਚੱਲ ਰਹੇ ਰੁਜ਼ਗਾਰ ਸੰਬੰਧੀ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ 31 ਦਸੰਬਰ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਮੁੱਖ ਗੇਟ ਤੇ ਪੱਕਾ ਮੋਰਚਾ ਲੱਗਿਆ ਹੋਇਆ ਹੈ ਜਿਸ ਕਾਰਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਪਿਛਲੇ ਲਗਭਗ 8 ਮਹੀਨਿਆਂ ਤੋਂ ਆਪਣੀ ਸੰਗਰੂਰ ਰਿਹਾਇਸ਼ ਵਿਖੇ ਨਹੀਂ ਆ ਸਕੇ ਅਤੇ ਦੂਜਾ ਧਰਨਾ ਜਿੱਥੇ ਮੁਨੀਸ਼ ਫਾਜ਼ਲਿਕਾ ਪਿਛਲੇ 5 ਦਿਨਾਂ ਤੋਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ 9000 ਅਸਾਮੀਆਂ ਸਮੇਤ ਕੁੱਲ 15000 ਅਧਿਆਪਕਾਂ ਦੀਆਂ ਅਸਾਮੀਆਂ ਦੀ ਮੰਗ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਦੀ ਮੰਗ ਨੂੰ ਲੈ ਕੇ ਸੰਗਰੂਰ ਸਿਵਲ ਹਸਪਤਾਲ ਦੀ ਟੈਂਕੀ ਤੇ ਚੜ੍ਹਿਆ ਹੋਇਆ ਹੈ ਚੱਲ ਰਿਹਾ ਹੈ।
ਇਸ ਮੌਕੇ ਬੇਰੁਜ਼ਗਾਰ ਜੱਥੇਬੰਦੀਆਂ ਦੇ ਆਗੂਆਂ ਅਮਨ ਸੇਖਾ, ਸਵਰਨ ਸਿੰਘ, ਜਸਪਾਲ ਸਿੰਘ, ਪਵਨ ਜਲਾਲਾਬਾਦ, ਲਫ਼ਜ਼, ਬਲਕਾਰ ਸਿੰਘ, ਬਲਰਾਜ ਸਿੰਘ, ਜੱਗੀ ਜੋਧਪੁਰ, ਕੁਲਵੰਤ ਸਿੰਘ, ਕਿਰਨ ਈਸੜਾ, ਗਗਨਦੀਪ ਗਰੇਵਾਲ, ਕੁਲਦੀਪ ਭੁਟਾਲ, ਨਰਿੰਦਰ ਕੰਬੌਜ, ਪ੍ਰਤਿੰਦਰ ਕੌਰ, ਅਲਕਾ ਰਾਣੀ, ਗੁਰਪ੍ਰੀਤ ਸਰਾਂ, ਗੁਰਪ੍ਰੀਤ ਰਾਮਪੁਰਾ ਫੂਲ, ਹਰਦੀਪ ਕੌਰ, ਸੰਦੀਪ ਨਾਭਾ, ਰਣਵੀਰ ਨਦਾਮਪੁਰ, ਸੁਖਵੀਰ ਦੁਗਾਲ, ਸਰਵਰਿੰਦਰ ਮੱਤਾ, ਗੁਰਪ੍ਰੀਤ ਖੰਨਾ, ਜਤਿੰਦਰ ਢਿੱਲੋੰ, ਹਰਪ੍ਰੀਤ ਸਿੰਘ, ਰਸ਼ਪਾਲ ਸਿੰਘ, ਜਗਦੀਸ਼ ਸਿੰਘ, ਰੇਖਾ ਰਾਣੀ, ਸਿਮਰਜੀਤ ਕੌਰ, ਹਰਪ੍ਰੀਤ ਸਿੰਘ, ਰਸ਼ਪਾਲ ਸਿੰਘ, ਜਗਦੀਸ਼ ਸਿੰਘ, ਰੇਖਾ ਰਾਣੀ, ਸਿਮਰਜੀਤ ਕੌਰ, ਨਰਿੰਦਰ ਫਾਜ਼ਿਲਕਾ ਆਦਿ ਸਮੇਤ ਸੈਂਕੜੇ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।