ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਕਿਸਾਨਾਂ, ਜਨਤਾ ਅਤੇ ਵਿਰੋਧੀ ਧਿਰ ਦੇ ਸਵਾਲਾਂ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ‘ਚ ਮਾਰੂ ਮਾਫ਼ੀਆ ਰਾਜ ਦੀਆਂ ਜੜ੍ਹਾਂ ਸਥਾਪਿਤ ਕਰਕੇ ਅੱਜ ‘ਪੰਜਾਬ ਦੀ ਗੱਲ’ ਕਰ ਰਹੇ ਸੁਖਬੀਰ ਸਿੰਘ ਬਾਦਲ ਸਵਾਲਾਂ ਦੇ ਜਵਾਬ ਦੇਣ ਤੋਂ ਇਸ ਲਈ ਬੁਖ਼ਲਾ ਰਹੇ ਹਨ, ਕਿਉਂਕਿ ‘ਚੋਰ ਦੇ ਪੈਰ’ ਨਹੀਂ ਹੁੰਦੇ।

‘ਆਪ’ ਆਗੂਆਂ ਮੁਤਾਬਕ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਦੇ 10 ਸਾਲਾਂ ਮਾਫ਼ੀਆ ਰਾਜ ਦੀਆਂ ਕਰਤੂਤਾਂ ਨੂੰ ਦਹਾਕੇ ਤਾਂ ਕੀ ਸਦੀਆਂ ਤੱਕ ਨਹੀਂ ਭੁੱਲ ਸਕਦੇ ਕਿਉਂਕਿ ਇਹਨਾਂ ਦੇ ਰਾਜ ‘ਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਰੂੜੀਆਂ – ਨਾਲਿਆਂ ‘ਚ ਰੋਲਿਆ ਗਿਆ ਸੀ। ਇਸ ਘੋਰ ਬੇਅਦਬੀ ਦੇ ਇਨਸਾਫ਼ ਲਈ ਸ਼ਾਂਤੀ ਪੂਰਵਕ ਰੋਸ ਧਰਨੇ ‘ਤੇ ਬੈਠੀ ਨਾਨਕ ਨਾਮ ਲੇਵਾ ਸੰਗਤ ‘ਤੇ ਜ਼ੱਲਿਆਂਵਾਲਾ ਬਾਗ ਵਾਂਗ ਗੋਲੀਆਂ ਚਲਾਈਆਂ ਗਈਆਂ ਸਨ।

‘ਆਪ’ ਆਗੂਆਂ ਨੇ ਕਿਹਾ ਕਿ ਜਦੋਂ ਅੱਜ ਲੋਕ ਸੁਖਬੀਰ ਬਾਦਲ ਨੂੰ ਤੱਤਕਾਲੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਸਵਾਲ ਕਰਦੇ ਹਨ ਕਿ ਬਲਿਬਲ ਕਲਾਂ ਅਤੇ ਕੋਟਕਪੂਰਾ ‘ਚ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਾ ‘ਜਨਰਲ ਡਾਇਰ’ ਕੌਣ ਸੀ?

ਸੁਖਬੀਰ ਬਾਦਲ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ। ਇਸੇ ਤਰ੍ਹਾਂ ਸੁਖਬੀਰ ਬਾਦਲ ਕੋਲੋਂ ਬਤੌਰ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਆਰਡੀਨੈਂਸ ‘ਤੇ ਖੂਨੀ ਦਸਤਖ਼ਤ ਕਰਨ ਬਾਰੇ ਸਵਾਲ ਪੁੱਛ ਰਹੇ ਹਨ। ਇਸ ਸਵਾਲ ਦਾ ਕੋਈ ਜਵਾਬ ਬਾਦਲ ਪਰਿਵਾਰ ਕੋਲ ਨਹੀਂ ਹੈ। ਇਸੇ ਤਰ੍ਹਾਂ ਬਾਦਲਾਂ ਕੋਲੋਂ ਐਸ.ਵਾਈ.ਐਲ ਸਮੇਤ ਆਮ ਆਦਮੀ ਪਾਰਟੀ ਵੱਲੋਂ ਪੁੱਛੇ ਗਏ 14 ਸਵਾਲਾਂ ‘ਚੋਂ ਕਿਸੇ ਇੱਕ ਦਾ ਵੀ ਜਵਾਬ ਨਹੀਂ ਮਿਲਿਆ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਨੂੰ ਚੁਣੌਤੀ ਭਰੇ ਹਲਾਤਾਂ ‘ਚ ਸੁੱਟ ਕੇ ਬਰਬਾਦ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਬਾਦਲ ਐਂਡ ਕੰਪਨੀ ਵਿਰੋਧੀ ਧਿਰ ‘ਆਪ’ , ਕਿਸਾਨਾਂ ਅਤੇ ਸਾਰੇ ਵਰਗਾਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਤੋਂ ਬਚ ਨਹੀਂ ਸਕਦੀ। ਜੇਕਰ ਬਾਦਲਾਂ ਨੇ ਮਾਫ਼ੀਆ, ਬੇਅਦਬੀ, ਬੇਰੁਜ਼ਗਾਰੀ, ਮਹਿੰਗੀ ਬਿਜਲੀ ਆਦਿ ਸਵਾਲਾਂ ਦਾ ਜਵਾਬ ਨਾ ਦਿੱਤਾ ਤਾਂ ਪੰਜਾਬ ਦੇ ਲੋਕ ਇਹਨਾਂ ਦੀ ਕੋਈ ‘ਗੱਲ’ ਨਹੀਂ ਸੁਣਨਗੇ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਦੀਆਂ ‘ਗੱਪਾਂ’ ਤੋਂ ਭਲੀਭਾਂਤ ਜਾਣੂੰ ਹਨ, ਇਸੇ ਕਰਕੇ ਸੁਖਬੀਰ ਬਾਦਲ ਦੇ ‘ਗੱਪ ਪ੍ਰੋਗਰਾਮ’ ਦਾ ਮਜ਼ਾਕ ਉਡਾਉਣ ਦੇ ਨਾਲ -ਨਾਲ ਭਾਰੀ ਵਿਰੋਧ ਕਰ ਰਹੇ ਹਨ।

Spread the love