ਪਿਛਲੇ ਸਮੇਂ ਦੌਰਾਨ ਬਿਜਲੀ ਬਿੱਲ ਨਾ ਭਰਨ ਕਰਕੇ ਮਜ਼ਦੂਰਾਂ ਦੇ ਪੁੱਟੇ ਹੋਏ ਮੀਟਰ ਬਿਨਾਂ ਸ਼ਰਤ ਜੋੜੇ ਜਾਣਗੇ ਤੇ ਬਿੱਲ ਭਰਨ ਤੋਂ ਅਸਮਰੱਥ ਮਜ਼ਦੂਰਾਂ ਦੇ ਕੁਨੈਕਸ਼ਨ ਕੱਟਣੇ ਬੰਦ ਹੋਣਗੇ ਅਤੇ ਮਜ਼ਦੂਰਾਂ ਦੇ ਕੱਟੇ ਹੋਏ ਆਟਾ ਦਾਲ ਦੇ ਕਾਰਡ ਬਹਾਲ ਕੀਤੇ ਜਾਣਗੇ ਅਤੇ ਨਵੇਂ ਕਾਰਡ ਬਣਾਉਣ ਲਈ ਬੰਦ ਪਿਆ ਪੋਰਟਲ ਇੱਕ ਹਫ਼ਤੇ ‘ਚ ਖੋਲਿਆ ਜਾਵੇਗਾ।

ਇਹ ਫ਼ੈਸਲਾ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨਾਲ਼ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਸਰਕਾਰ ਨਾਲ ਹੋਈ ਪੈਨਲ ਮੀਟਿੰਗ ਵਿੱਚ ਲਿਆ ਗਿਆ।

ਅੱਜ ਦੀ ਮੀਟਿੰਗ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਸਭਾ ਦੇ ਗੁਲਜ਼ਾਰ ਗੌਰੀਆ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਮੇਸ਼ ਮਾਲੜੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਬਲੀ ਅਟਵਾਲ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਭਗਵੰਤ ਸਿੰਘ ਸਮਾਓ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਰਸੇਮ ਪੀਟਰ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੰਜੀਵ ਮਿੰਟੂ ਸਮੇਤ 14 ਨੁੰਮਾਇੰਦੇ ਹਾਜ਼ਰ ਸਨ, ਜਦੋਂ ਕਿ ਸਰਕਾਰ ਦੀ ਤਰਫ਼ੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੋਂ ਇਲਾਵਾ ਬਿਜਲੀ ਬੋਰਡ ਦੇ ਨੁਮਾਇੰਦੇ ਏ ਵੇਨੂੰ ਪ੍ਰਸ਼ਾਦ, ਕਿਰਤ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਵਿਜੈ ਕੁਮਾਰ ਜੰਜੂਆਂ, ਵਿੱਤ ਵਿਭਾਗ ਦੇ ਸਕੱਤਰ,ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ, ਸਹਿਕਾਰੀ ਸਭਾਵਾਂ ਦੇ ਸਕੱਤਰ ਵਿਕਾਸ ਗਰਗ ਅਤੇ ਫ਼ੂਡ ਸਪਲਾਈ ਵਿਭਾਗ ਦੇ ਸਕੱਤਰ ਵੀ ਮੌਜੂਦ ਸਨ।

ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਤੇ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਮੰਤਰੀ ਨਾਲ਼ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਉਕਤ ਫੈਸਲਿਆਂ ਤੋਂ ਇਲਾਵਾ ਮਜ਼ਦੂਰਾਂ ਦੇ 9 ਨੁਕਾਤੀ ਮੰਗ ਪੱਤਰ ਉੱਤੇ ਸੁਖਾਵੇਂ ਮਾਹੌਲ ‘ਚ ਵਿਸਥਾਰੀ ਚਰਚਾ ਦੌਰਾਨ ਮਜਦੂਰਾਂ ਦੇ ਕੱਟੇ ਹੋਏ ਪਲਾਟਾਂ ਦਾ ਕਬਜ਼ਾ ਡੇਢ ਮਹੀਨੇ ‘ਚ ਦੇਣ ਦਾ ਵਾਅਦਾ ਵੀ ਕੀਤਾ ਗਿਆ ਅਤੇ ਇਸ ਮਸਲੇ ਦੇ ਠੋਸ ਹੱਲ ਲਈ 7 ਸਤੰਬਰ ਨੂੰ ਪੰਚਾਇਤ ਵਿਭਾਗ ਦੇ ਡਾਇਰੈਕਟਰ ਨਾਲ਼ ਜਥੇਬੰਦੀਆਂ ਦੀ ਮੀਟਿੰਗ ਮੁੜ ਉਹਨਾਂ ਦੇ ਮੋਹਾਲੀ ਦਫ਼ਤਰ ‘ਚ ਰੱਖੀ ਗਈ।

ਮਜ਼ਦੂਰ ਆਗੂਆਂ ਨੇ ਆਖਿਆ ਕਿ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਖੁਦਕੁਸ਼ੀ ਪੀੜਤਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ, ਬਿਜਲੀ ਬਿੱਲਾਂ ਦੇ ਬਕਾਏ ਤੇ ਬਿੱਲ ਮੁਆਫ ਕਰਨ, ਕਿਰਤ ਕਾਨੂੰਨਾਂ ‘ਚ ਸੋਧਾਂ ਰੱਦ ਕਰਨ ਸਬੰਧੀ ਵਿਧਾਨ ਸਭਾ ਚ ਮਤਾ ਲਿਆਉਣ, ਬੁਢਾਪਾ ਪੈਨਸ਼ਨ ਲਈ ਉਮਰ ਹੱਦ ਘਟਾਉਣ ਤੇ ਪੈਨਸ਼ਨ ਦੀ ਰਕਮ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਆਦਿ ਮੁੱਦਿਆਂ ਉਪਰ ਕੋਈ ਠੋਸ ਫ਼ੈਸਲਾ ਨਹੀਂ ਹੋ ਸਕਿਆ, ਜਿਸ ਕਰਕੇ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਜ਼ਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਭਾਵੇਂ ਕਿ ਮੰਤਰੀ ਵੱਲੋਂ ਮੀਟਿੰਗ ਦੌਰਾਨ ਇਹ ਮਸਲੇ ਮੁੱਖ ਮੰਤਰੀ ਤੇ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਵਿੱਚ ਰੱਖਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ ਅਤੇ ਆਪਣੇ ਘੋਲ਼ ਨੂੰ ਅੱਗੇ ਵਧਾਉਣ ਲਈ ਰਣਨੀਤੀ ਘੜਨ ਲਈ 28 ਅਗਸਤ ਨੂੰ ਮਜ਼ਦੂਰ ਜਥੇਬੰਦੀਆਂ ਸਾਂਝੀ ਮੀਟਿੰਗ ਜਲੰਧਰ ਵਿਖੇ ਕੀਤੀ ਜਾਵੇਗੀ।

ਅੱਜ ਮੀਟਿੰਗ ਚ ਲਛਮਣ ਸਿੰਘ ਸੇਵੇਵਾਲਾ, ਦਰਸ਼ਨ ਨਾਹਰ, ਦੇਵੀ ਕੁਮਾਰੀ, ਕਸ਼ਮੀਰ ਸਿੰਘ ਘੁੱਗਸ਼ੋਰ, ਲਖਵੀਰ ਸਿੰਘ ਲੌਂਗੋਵਾਲ, ਬਲਜੀਤ ਸਿੰਘ, ਹਰਵਿੰਦਰ ਸਿੰਘ ਸੇਮਾ ਵੀ ਮੌਜੂਦ ਸਨ।

Spread the love