ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਸਵੇਰੇ ਇੱਕ ਵਿਅਕਤੀ ਦੁਆਰਾ ਜੰਮੂ -ਕਸ਼ਮੀਰ ਤੋਂ ਅੰਮ੍ਰਿਤਸਰ ਵਿੱਚ ਸਮਗਲ ਕੀਤੀ ਜਾ ਰਹੀ ਲਗਭਗ 17 ਕਿਲੋ ਹੈਰੋਇਨ ਬਰਾਮਦ ਕੀਤੀ। ਉਕਤ ਵਿਅਕਤੀ ਨੂੰ ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਤੋਂ ਪੀਬੀ 01 ਏ6708 ਰਜਿਸਟ੍ਰੇਸ਼ਨ ਨੰਬਰ ਵਾਲੀ ਇਨੋਵਾ ਕੈਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਇਹ ਸਫ਼ਲਤਾ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੁਆਰਾ ਅਮ੍ਰਿਤਸਰ ਦੀ ਪੰਜਗਰਾਈਆਂ ਬਾਰਡਰ ਆਊਟਪੋਸਟ (ਬੀਓਪੀ) ਦੇ ਖੇਤਰ ਵਿੱਚ 41 ਕਿਲੋਗ੍ਰਾਮ ਹੈਰੋਇਨ ਦੇ 39 ਪੈਕੇਟ ਬਰਾਮਦ ਕਰਕੇ ਨਸ਼ਾ ਤਸਕਰੀ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰਨ ਦੇ ਕੁਝ ਦਿਨਾਂ ਬਾਅਦ ਮਿਲੀ ਹੈ।
ਜ਼ਿਕਰਯੋਗ ਹੈ ਕਿ 1 ਜਨਵਰੀ 2021 ਤੋਂ ਹੁਣ ਤੱਕ, ਪੰਜਾਬ ਪੁਲਿਸ ਨੇ ਲਗਭਗ 400 ਕਿਲੋ ਹੈਰੋਇਨ, 4 ਕਿਲੋ ਸਮੈਕ, 6 ਕਿਲੋ ਕੋਕੇਨ ਤੋਂ ਇਲਾਵਾ 98000 ਤੋਂ ਵੱਧ ਟੀਕੇ ਅਤੇ 1.44 ਕਰੋੜ ਨਸ਼ੀਲੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ ਹਨ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਜਿਸਦੀ ਪਛਾਣ ਰਣਜੀਤ ਸਿੰਘ ਉਰਫ ਸੋਨੂੰ ਵਾਸੀ ਸ਼ਹੀਦ ਊਧਮ ਸਿੰਘ ਕਲੋਨੀ ਅੰਮ੍ਰਿਤਸਰ ਵਜੋਂ ਹੋਈ ਹੈ, ਖੇਪ ਦੀ ਤਸਕਰੀ ਲਈ ਗੱਡੀ ਹੇਠ ਬਣਾਈ ਗਈ ਵਿਸ਼ੇਸ਼ ਥਾਂ ਦੀ ਵਰਤੋਂ ਕਰ ਰਿਹਾ ਸੀ।
ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਇਹ ਸੂਹ ਮਿਲਣ ਤੋਂ ਬਾਅਦ ਕਿ ਸੋਨੂੰ ਪਠਾਨਕੋਟ ਦੇ ਰਸਤੇ ਅੰਮ੍ਰਿਤਸਰ ਜਾ ਰਿਹਾ ਹੈ, ਐਸਐਸਪੀ ਅੰਮ੍ਰਿਤਸਰ (ਦਿਹਾਤੀ) ਗੁਲਨੀਤ ਸਿੰਘ ਖੁਰਾਣਾ ਨੇ ਦੋਸ਼ੀ ਨੂੰ ਫੜਨ ਲਈ ਤੁਰੰਤ ਏਐਸਪੀ ਮਜੀਠਾ ਅਭਿਮੰਨਿਊ ਰਾਣਾ ਅਤੇ ਡੀਐਸਪੀ ਡਿਟੈਕਟਿਵ ਅੰਮ੍ਰਿਤਸਰ ਦਿਹਾਤੀ ਗੁਰਿੰਦਰ ਪਾਲ ਨਾਗਰਾ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਮਾਧੋਪੁਰ ਵਿੱਚ ਇਨੋਵਾ ਗੱਡੀ ਜਿਸਨੂੰ ਸੋਨੂ ਚਲਾ ਰਿਹਾ ਸੀ, ਨੂੰ ਸਫ਼ਲਤਾਪੂਰਵਕ ਰੋਕ ਲਿਆ ਅਤੇ 16.87 ਕਿਲੋਗ੍ਰਾਮ ਹੈਰੋਇਨ ਦੇ 16 ਪੈਕਟ ਬਰਾਮਦ ਕੀਤੇ । ਇਨ੍ਹਾਂ ਪੈਕਟਾਂ ਨੂੰ ਵਾਹਨ ਦੇ ਹੇਠਾਂ ਵਿਸ਼ੇਸ਼ ਤੌਰ `ਤੇ ਬਣਾਈ ਗਈ ਥਾਂ ਵਿੱਚ ਲੁਕਾ ਕੇ ਰੱਖਿਆ ਗਿਆ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੋਨੂੰ ਨੇ ਖੁਲਾਸਾ ਕੀਤਾ ਕਿ ਉਸਨੇ ਇਹ ਖੇਪ ਤਰਨਤਾਰਨ ਪੱਟੀ ਦੇ ਰਣਜੀਤ ਸਿੰਘ ਉਰਫ ਰਾਣਾ (ਇਸ ਵੇਲੇ ਫਰੀਦਕੋਟ ਜੇਲ੍ਹ ਵਿੱਚ ਬੰਦ) ਅਤੇ ਮਲਕੀਤ ਸਿੰਘ ਉਰਫ ਲੱਡੂ (ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿੱਚ ਬੰਦ) ਦੀਆਂ ਹਦਾਇਤਾਂ `ਤੇ ਜੰਮੂ -ਕਸ਼ਮੀਰ ਦੇ ਨੌਸ਼ਹਿਰਾ ਖੇਤਰ ਤੋਂ ਪ੍ਰਾਪਤ ਕੀਤੀ ਸੀ। ਸੋਨੂੰ ਨੇ ਇਹ ਵੀ ਦੱਸਿਆ ਕਿ ਰਾਣਾ ਇਸ ਰੈਕੇਟ ਦਾ ਸਰਗਨਾ ਹੈ।
ਜ਼ਿਕਰਯੋਗ ਹੈ ਕਿ ਐਨਡੀਪੀਐਸ ਐਕਟ ਦੀ ਧਾਰਾ 21, 23/61/85 ਅਧੀਨ ਐਫਆਈਆਰ ਨੰਬਰ 164 ਮਿਤੀ 25 ਅਗਸਤ, 2021 ਥਾਣਾ ਕੱਥੂਨੰਗਲ ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ 5 ਜੁਲਾਈ, 2021 ਨੂੰ ਦੱਖਣੀ ਦਿੱਲੀ ਦੇ ਇੱਕ ਯੂਨਿਟ ਤੋਂ ਚਾਰ ਅਫਗਾਨ ਨਾਗਰਿਕਾਂ ਦੀ ਗ੍ਰਿਫਤਾਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 90 ਕਰੋੜ ਰੁਪਏ ਦੀ ਕੀਮਤ ਵਾਲੀ 17 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਕੇ ਵੱਡੀ ਡਰੱਗ ਸਪਲਾਈ ਚੇਨ ਦਾ ਵੀ ਪਰਦਾਫਾਸ਼ ਕੀਤਾ ਸੀ।