ਲੁਧਿਆਣਾ, 27 ਅਗਸਤ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਈਡ ਆਫ਼ ਪੰਜਾਬ ਪ੍ਰੋਗਰਾਮ ਤਹਿਤ ਖੰਨਾ ਸਬ-ਡਵੀਜ਼ਨ ਦੇ ਪਿੰਡ ਇਕੋਲਾਹਾ ਦੀ 19 ਸਾਲਾ ਰਾਵੀ ਗੁਲਜ਼ਾਰ ਨੂੰ ਆਪਣੇ ਪਿੰਡ ਵਿੱਚ ਮੁਹਿੰਮ ਚਲਾ ਕੇ ਸਥਾਨਕ ਪੰਚਾਇਤ ਦੀ ਸਹਾਇਤਾ ਨਾਲ ਸਮਾਜਿਕ ਅਤੇ ਬੁਨਿਆਦੀ ਢਾਂਚੇ ਵਿੱਚ ਤਬਦੀਲੀਆਂ ਲਿਆਉਣ ਲਈ ਸਨਮਾਨਿਤ ਕੀਤਾ।

ਇੱਕ ਵਰਚੁਅਲ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਕੁਮਾਰ ਪੰਚਾਲ ਨੇ ਰਾਵੀ ਗੁਲਜ਼ਾਰ ਨੂੰ 100 ਪ੍ਰਤੀਸ਼ਤ ਕੋਵਿਡ ਟੀਕਾਕਰਣ, ਕੋਵਿਡ ਟੈਸਟਿੰਗ, ਪਿੰਡ ਵਿੱਚ ਸਾਰੇ ਯੋਗ ਵਿਅਕਤੀਆਂ ਨੂੰ ਬੁਢਾਪਾ ਪੈਨਸ਼ਨ ਲਈ ਨਾਮ ਦਰਜ ਕਰਾਉਣੇ, ਸੋਲਰ ਸਟਰੀਟ ਲਾਈਟਾਂ ਲਗਾਉਣ, ਪਿੰਡ ਦੇ ਸਰਪੰਚ ਅਤੇ ਸਥਾਨਕ ਪੰਚਾਇਤ ਨਾਲ ਮਿਲ ਕੇ ਪਿੰਡ ਦੇ ਛੱਪੜਾਂ ਦੀ ਸਫਾਈ ਅਤੇ ਹੋਰ ਸਮਾਜਕ ਕਾਰਜ਼ਾਂ ਲਈ ਲਈ ਪ੍ਰਸ਼ੰਸਾ ਪੱਤਰ ਸੌਂਪਿਆ।

ਉਨ੍ਹਾਂ ਰਾਵੀ ਦੇ ਪਿੰਡ ਵਿੱਚ ਸੁਧਾਰਕ ਤਬਦੀਲੀਆਂ ਵਿੱਚ ਪਿੰਡ ਦੀ ਪੰਚਾਇਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜ਼ਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਬੇਹੱਦ ਸੰਵੇਦਨਸ਼ੀਲ ਹੈ।

ਪੰਚਾਲ ਨੇ ਕਿਹਾ ਕਿ ਪ੍ਰਾਈਡ ਆਫ਼ ਪੰਜਾਬ ਪ੍ਰੋਗਰਾਮ ਯੁਵਕ ਸੇਵਾਵਾਂ ਅਤੇ ਖੇਡ ਵਿਭਾਗ ਅਤੇ ਯੂਵਾਹ – ਯੂਨੀਸੇਫ ਦੀ ਸਾਂਝੀ ਪਹਿਲਕਦਮੀ, ਯੂ.ਐਨ. ਦੀਆਂ ਹੋਰ ਏਜੰਸੀਆਂ, ਸਿਵਲ ਸੁਸਾਇਟੀ ਸੰਗਠਨਾਂ ਅਤੇ ਪ੍ਰਾਈਵੇਟ ਸੈਕਟਰ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਅਸੀਮ ਸਮਰੱਥਾ ਹੈ ਜੋ ਕਿ ਪੰਜਾਬ ਦੇ ਵਿਕਾਸ ਵਿੱਚ ਮਦਦਗਾਰ ਸਿੱਧ ਹੋ ਸਕਦੀ ਹੈ।

ਰਾਵੀ ਨੇ ਖੁਸ਼ ਲਹਿਜ਼ੇ ਵਿੱਚ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਸ ਨੂੰ ਉਸਦੇ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਹੋਰ ਪ੍ਰੇਰਿਤ ਕਰੇਗਾ।

ਰਾਵੀ ਪ੍ਰੋਗਰਾਮ ਦੇ ਤਹਿਤ ਚੁਣੇ ਗਏ 27 ਨੌਜਵਾਨਾਂ ਵਿੱਚ ਸ਼ਾਮਲ ਹੈ. ਉਹ ਈ.ਟੀ.ਟੀ. ਵਿੱਚ ਡਿਪਲੋਮਾ ਕਰ ਰਹੀ ਹੈ ਅਤੇ ਖੇਲੋ ਇੰਡੀਆ ਗੇਮਜ਼ ਅਧੀਨ ਕਰਾਟੇ ਗੇਮ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਵੀ ਕਰ ਚੁੱਕੀ ਹੈ।

Spread the love