ਚੰਡੀਗੜ੍ਹ ,27 ਅਗਸਤ
ਬੇਸ਼ੱਕ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਹਨ ਪਰ ਪਾਰਟੀ ਦਾ ਕਾਟੋ ਕਲੇਸ਼ ਉਸੇ ਤਰਾਂ ਚੱਲ ਰਿਹਾ ਹੈ ਹਾਲਾਂਕਿ ਪਹਿਲੇ ਨਾਲੋਂ ਵੱਧ ਰਿਹਾ ਹੈ। ਸਿੱਧੂ ਵੱਲੋਂ ਲਗਾਤਾਰ ਕੀਤੇ ਜਾ ਰਹੇ ਟਵੀਟ ਅਤੇ ਮੀਡਿਆ ਨੂੰ ਦਿੱਤੇ ਜਾ ਰਹੇ ਬਿਆਨਾਂ ਤੋਂ ਲੱਗਦਾ ਹੈ ਕਿ ਸਿੱਧੂ ਕੈਪਟਨ ਦੀਆਂ ਤਾਰਾ ਅਜੇ ਤੱਕ ਜੁੜੀਆਂ ਨਹੀਂ ਹੈ।
ਹੁਣ ਸਿੱਧੂ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਸਿੱਧੂ ਇੱਟ ਦੇ ਨਾਲ ਇੱਟ ਖੜਕਾਉਣ ਦੀ ਗੱਲ ਕਹਿੰਦੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਇੱਕ ਪਾਸੇ ਨਵਜੋਤ ਸਿੱਧੂ ਹਾਈਕਮਾਂਡ ਨੂੰ ਇੱਟ ਨਾਲ ਇੱਟ ਖੜਕਾਉਣ ਦੀਆਂ ਚਿਤਾਵਨੀ ਦੇ ਰਹੇ ਹਨ ਤੇ ਮੁੱਖ ਮੰਤਰੀ ਨੂੰ ਆਪਣੇ ਨਿਸ਼ਾਨੇ ਤੇ ਲੈ ਰਹੇ ਹਨ। ਸਿੱਧੂ ਨੇ ਅੰਮ੍ਰਿਤਸਰ ‘ਚ ਬੋਲਦਿਆਂ ਕਿਹਾ ਕਿ ਜੇਕਰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ। ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ, ਫੈਸਲੇ ਲੈਣੇ ਪੈਣਗੇ।
ਸਿੱਧੂਨੇ ਇੱਕ ਵਾਰ ਫਿਰ ਤੋਂ ਬਿਨਾਂ ਨਾਂ ਲਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਖ਼ਿਲਾਫ਼ ਭੜਾਸ ਕੱਢੀ ਹੈ। ਸਿੱਧੂ ਨੇ ਬਿਜਲੀ ਦਰਾਂ ‘ਤੇ ਵੀ ਸੁਆਲ ਖੜ੍ਹਾ ਕੀਤਾ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਨਿਰਾਸ਼ ਹਨ। ਅੱਜ ਬਿਜਲੀ 9 ਰੁਪਏ ਮਿਲਦੀ ਹੈ ਪਰ ਇਹ ਤਿੰਨ ਰੁਪਏ ਪ੍ਰਤੀ ਯੂਨਿਟ ਮਿਲ ਸਕਦੀ ਹੈ।
ਸਿੱਧੂ ਨੇ ਸੁਆਲ ਕੀਤਾ ਘਪਲੇ ਕੌਣ ਕਰ ਰਿਹਾ ਹੈ? ਵਾਈਟ ਪੇਪਰ ਕੌਣ ਨਹੀਂ ਲਿਆਉਣਾ ਚਾਹੁੰਦਾ। ਜੇ ਜਾਨ ਦੀ ਬਾਜ਼ੀ ਵੀ ਲਾਉਣੀ ਪਈ ਤਾਂ ਲਾਵਾਂਗਾ ਪਰ ਪਾਵਰ ਪਰਚੇਜ ਐਗਰੀਮੈਂਟ ਰੱਦ ਕਰਾਂਵਾਂਗਾ। ਸਿੱਧੂ ਨੇ ਕਿਹਾ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰ ਚੁੱਕਾ ਹਾਂ ਜੇ ਤਿੰਨ ਰੁਪਏ ਬਿਜਲੀ ਦੇਵਾਂਗੇ ਤਾਂ ਸ਼ਹਿਰਾਂ ‘ਚ ਮੁੜ ਆਸ ਬੱਝੇਗੀ। ਉਥੇ ਹੀ ਹੁਣ ਮੁੱਖ ਮੰਤਰੀ ਕੈਪਟਨ ਨੇ ਸਿੱਧੂ ਨੂੰ ਆਪਣੀ ਤਾਕਤ ਦਿਖਾਈ ਹੈ। ਬੀਤੀ ਸ਼ਾਮ ਮੁੱਖ ਮੰਤਰੀ ਕੈਪਟਨ ਨੇ ਕੈਬਿਨੇਟ ਮੰਤਰੀ ਰਾਣਾ ਸੋਢੀ ਦੇ ਘਰ 55 ਕਾਂਗਰਸੀ ਵਿਧਾਇਕਾਂ ਅਤੇ 8 ਸੰਸਦ ਮੈਂਬਰਾਂ ਨੂੰ ਰਾਤ ਦੀ ਰੋਟੀ ‘ਤੇ ਸੱਦਿਆ। ਰਾਤ ਦੀ ਰੋਟੀ ‘ਤੇ ਵਿਧਾਇਕਾ ਨੂੰ ਸੱਦ ਕੇ ਕੈਪਟਨ ਨੇ ਆਪਣੀ ਪਾਵਰ ਦਿਖਾਈ ਹੈ।
ਕੈਪਟਨ ਦੇ ਡੀਨਰ ‘ਤੇ 55 ਵਿਧਾਇਕ ਆਏ। ਕਾਂਗਰਸ ‘ਚ ਕੁੱਲ 80 ਵਿਧਾਇਕ ਨੇ ਅਜਿਹੇ ‘ਚ ਇਹ ਨਵਜੋਤ ਸਿੰਘ ਸਿੱਧੂ ਲਈ ਵੱਡਾ ਝਟਕਾ ਹੈ ਕਿਉਂਕਿ 80 ਚੋਂ 55 ਵਿਧਾਇਕ ਕੈਪਟਨ ਦੇ ਨਾਲ ਹਨ ।
ਕੈਪਟਨ ਨੇ ਸਿੱਧੂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਉਣ ਲਈ ਹੀ ਇਹ ਸਿਆਸੀ ਡਿਨਰ ਰੱਖਿਆ ਗਿਆ ਸੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਨਾਲ ਮਨਪ੍ਰੀਤ ਸਿੰਘ ਬਾਦਲ, ਬ੍ਰਹ ਮਹਿੰਦਰਾ, ਬਲਬੀਰ ਸਿੰਘ ਸਿੱਧੂ, ਵਿਕਜੇ ਇੰਦਰ ਸਿੰਗਲਾ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਨਜ਼ਰ ਆਏ। ਸਪੀਕਰ ਰਾਣਾ ਕੇਪੀ ਸਿੰਘ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਵੀਕੈਪਟਨ ਦੀ ਲੰਚ ਡਿਪਲੋਮੈਸੀ ‘ਚ ਸ਼ਾਮਿਲ ਹੋਏ।
ਕੈਪਟਨ ਦੀ ਡੀਨਰ ਡਿਪਲੋਮੈਸੀ ਨੇ ਸਿੱਧੂ ਧੜੇ ਨੂੰ ਵੱਡਾ ਝਟਕਾ ਦਿੱਤਾ ਤੇ ਕੈਪਟਨ ਨੇ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਧੂ ਧੜੇ ਤੇ ਹਾਈਕਮਾਨ ਨੂੰ ਦੱਸ ਦਿੱਤਾ ਹੈ ਕਿ ਅਜੇ ਉਨ੍ਹਾਂ ਦਾ ਝੰਡਾ ਬਰਕਰਾਰ ਹੈ।
ਉਧਰ, ਕੈਪਟਨ ਨੂੰ ਹਟਾਉਣ ਦੀ ਜਨਤਕ ਤੌਰ ‘ਤੇ ਮੰਗ ਕਰਨ ਵਾਲੇ ਚਾਰ ਮੰਤਰੀਆਂ ਵਿੱਚੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁੱਖ ਸਰਕਾਰੀਆ ਦੇ ਰਵੱਈਏ ਵਿੱਚ ਕੋਈ ਬਦਲਾਅ ਨਹੀਂ ਆਇਆ, ਭਾਵੇਂ ਇੱਕ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰੁਝਾਨ ਵੀਰਵਾਰ ਨੂੰ ਕੁਝ ਨਰਮ ਦਿਖਾਈ ਦਿੱਤਾ।
ਚੰਨੀ ਨੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਸੱਦੀ ਗਈ ਪੰਜਾਬ ਮੰਤਰੀ ਮੰਡਲ ਦੀ ਵਰਚੁਅਲ ਮੀਟਿੰਗ ਵਿੱਚ ਨਾ ਸਿਰਫ ਹਿੱਸਾ ਲਿਆ, ਸਗੋਂ ਕੈਪਟਨ ਸਰਕਾਰ ਵੱਲੋਂ ਐਸਸੀ-ਐਸਟੀ ਰਿਣੀਆਂ ਦੀ ਕਰਜ਼ਾ ਮੁਆਫ਼ੀ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਲਈ ਲਏ ਗਏ ਫੈਸਲਿਆਂ ਦੀ ਵੀ ਸ਼ਲਾਘਾ ਕੀਤੀ।