ਚੰਡੀਗੜ, 27 ਅਗਸਤ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ (ਮਾਰਚ 2020) ਭਾਰਤ ਆਏ ਉਨਾਂ ਨਿਊਜ਼ੀਲੈਂਡ ਵੀਜ਼ਾ ਧਾਰਕਾਂ ਦਾ ਮਾਮਲਾ ਨਿਊਜ਼ੀਲੈਂਡ ਸਰਕਾਰ ਕੋਲ ਉਠਾਇਆ ਜਾਵੇ ਜੋ 17 ਮਹੀਨਿਆਂ ਤੋਂ ਭਾਰਤ ‘ਚ ਫਸੇ ਹੋਏ ਹਨ, ਕਿਉਂਕਿ ਨਿਊਜ਼ੀਲੈਂਡ ਸਰਕਾਰ ਨੇ 19 ਮਾਰਚ 2020 ਤੋਂ ਬਾਅਦ ਆਪਣੇ ਦੇਸ਼ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਜਿਸ ਨਾਲ 500 ਤੋਂ ਵੱਧ ਭਾਰਤੀ ਖਾਸ ਕਰਕੇ ਨੌਜਵਾਨਾਂ ਦਾ ਆਰਥਿਕ ਅਤੇ ਸਮਾਜਿਕ ਤੌਰ ‘ਤੇ ਭਾਰੀ ਨੁਕਸਾਨ ਹੋ ਰਿਹਾ ਹੈ। ਜਿਨਾਂ ‘ਚ ਕਰੀਬ 300 ਨੌਜਵਾਨ ਪੰਜਾਬ ਨਾਲ ਸੰਬੰਧਤ ਹਨ। ਇਸ ਲਈ ਪੰਜਾਬ ਸਰਕਾਰ 3 ਮੰਤਰੀਆਂ ‘ਤੇ ਅਧਾਰ ਇਕ ਕਮੇਟੀ ਗਠਿਤ ਕਰੇ ਜੋ ਕੇਂਦਰ ਸਰਕਾਰ ਕੋਲ ਇਸ ਮਾਮਲੇ ਦੀ ਪੈਰਵੀ ਕਰੇ।

ਸ਼ੁੱਕਰਵਾਰ ਇਥੇ ਪ੍ਰਭਾਵਿਤ ਨੌਜਵਾਨਾਂ ਨਾਲ ਪ੍ਰੈਸ ਕਾਨਫਰੰਸ ਕਰਕੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਸਰਕਾਰ ਨਿਊਜ਼ੀਲੈਂਡ ਦੇ ਇਹਨਾਂ ਓਪਨ ਵਰਕ ਪਰਮਿਟ, ਸਟੂਡੈਂਟ ਵੀਜ਼ਾ, ਪਾਰਟਨਰ ਵੀਜ਼ਾ, ਅਸੈਂਸ਼ਿਅਲ ਸਕਿੱਲ ਵੀਜ਼ਾ ਸਮੇਤ ਹੋਰ ਸ਼੍ਰੇਣੀਆਂ ਕੈਟਾਗਿਰੀਆਂ ਵਾਲੇ ਵੀਜ਼ਾ ਧਾਰਕਾਂ ਦਾ ਮੁੱਦਾ ਨਿਊਜ਼ੀਲੈਂਡ ਸਰਕਾਰ ਕੋਲ ਉਠਾਵੇ ਕਿਉਂਕਿ ਇਹ ਨਿਊਜ਼ੀਲੈਂਡ ਤੋਂ ਆਪਣੇ ਦੇਸ਼ ‘ਚ ਕੁੱਝ ਸਮੇਂ ਲਈ ਵੱਖ ਵੱਖ ਕਾਰਨਾਂ ਕਰਕੇ ਆਏ ਸਨ, ਪਰ ਕੋਵਿਡ 19 ਦੀਆਂ ਪਾਬੰਦੀਆਂ ਕਾਰਨ ਵਾਪਸ ਨਿਊਜ਼ੀਲੈਂਡ ਨਹੀਂ ਜਾ ਸਕੇ, ਜਿਸ ਕਾਰਨ ਇਹਨਾਂ ਦੇ ਨਿਊਜ਼ੀਲੈਂਡ ਸਥਿਤ ਘਰਾਂ ‘ਚ ਦਸਤਾਵੇਜ਼, ਸਰਟੀਫਿਕੇਟ, ਕੱਪੜੇ, ਕਾਰਾਂ ਅਤੇ ਹੋਰ ਘਰੇਲੂ ਸਾਜ਼ੋ ਸਮਾਨ ਖ਼ਰਾਬ ਹੋ ਰਿਹਾ ਹੈ। ਕਾਰਾਂ, ਘਰਾਂ ਅਤੇ ਹੋਰ ਵਸਤਾਂ ਦੀਆਂ ਕਿਸਤਾਂ ਟੁੱਟ ਗਈਆਂ ਹਨ। ਆਰਥਿਕ, ਪਰਿਵਾਰਕ ਅਤੇ ਸਮਾਜਿਕ ਜੀਵਨ ਪ੍ਰਭਾਵਿਤ ਹੋ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਇਸ ਮਸਲੇ ਦੇ ਹੱਲ ਲਈ ਦਿਲਚਸਪੀ ਦਿਖਾਉਣ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਅਤੇ ਭਾਰਤ ਸਰਕਾਰ ਸੰਜੀਦਾ ਹੁੰਦੀਆਂ ਤਾਂ ਨੌਜਵਾਨੀ ਇੰਜ ਰੁਲਣ ਲਈ ਮਜਬੂਰ ਨਾ ਹੁੰਦੀ। ਚੀਮਾ ਨੇ ਕਿਹਾ ਕਿ ਉਨਾਂ ਵੱਲੋਂ ਮਾਮਲਾ ਭਾਰਤੀ ਵਿਦੇਸ਼ ਮੰਤਰਾਲੇ ਦੇ ਧਿਆਨ ਹਿੱਤ ਲਿਆ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਦੇ ਵੀਜ਼ਾ ਧਾਰਕ ਜਗਵਿੰਦਰ ਸਿੰਘ ਨੇ ਦੱਸਿਆ ਕਿ ਨਿਊਜ਼ੀਲੈਂਡ ਸਰਕਾਰ ਨੇ ਭਾਰਤ ਤੋਂ ਜਾਣ ਵਾਲਿਆਂ ‘ਤੇ ਪਾਬੰਦੀ ਲਾਈ ਹੋਈ ਹੈ, ਜਦੋਂ ਕਿ ਹੋਰਨਾਂ ਮੁਲਕਾਂ ਦੇ ਕ੍ਰਿਕਟਰ, ਐਕਟਰ, ਗਾਇਕ, ਨੈਨੀ, ਹੋਰ ਖਿਡਾਰੀ, ਮਛੇਰੇ, ਕਲਾਕਾਰ ਆਦਿ ਨੂੰ ਆਉਣ ਜਾਣ ਦੀ ਇਜਾਜਤ ਦੇ ਦਿੱਤੀ ਹੈ। ਉਨਾਂ ਕਿਹਾ ਕਿ ਭਾਰਤ ਤੋਂ ਜਾਣ ਵਾਲੇ ਵਿਅਕਤੀ ਨਿਊਜ਼ੀਲੈਂਡ ਸਰਕਾਰੀ ਦੀਆਂ ਕੋਰੋਨਾ ਸਬੰਧੀ ਸਾਰੀਆਂ ਹਦਾਇਤਾਂ ਮੰਨਣ ਲਈ ਤਿਆਰ ਹਨ। ਇਸ ਮੌਕੇ ਵੀਜ਼ਾ ਧਾਰਕ ਜਗਦੀਪ ਸਿੰਘ, ਚੇਤਨ, ਗਗਨ ਸਿੰਘ, ਦਵਿੰਦਰ ਸਿੰਘ, ਰਮਨਦੀਪ ਕੌਰ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Spread the love