ਚੰਡੀਗੜ, 27 ਅਗਸਤ

ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਕਿਹਾ,‘‘ਅੱਜ ਦੇ ਨੌਜਵਾਨ ਸਾਡਾ ਭਵਿੱਖ ਅਤੇ ਸੂਬੇ ਦੀ ਅਸਲ ਤਾਕਤ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਵਧੇਰੇ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਲਈ ਨੌਜਵਾਨਾਂ ਨੂੰ ਹੋਰ ਸਮਰੱਥ ਬਣਾਉਣ ਲਈ ਵਚਨਬੱਧ ਹੈ।’’

ਉਹ ਪੰਜਾਬ ਸਰਕਾਰ, ਯੂਨੀਸੈਫ ਅਤੇ ਯੁਵਾ (ਜਨਰੇਸ਼ਨ ਅਨਲਿਮਟਿਡ ਇੰਡੀਆ) ਦੀ ਸਾਂਝੀ ਪਹਿਲਕਦਮੀ ‘ਪੰਜਾਬ ਦਾ ਮਾਣ’ ਪੋ੍ਰਗਰਾਮ ਦੀ ਪਹਿਲੀ ਵਰੇਗੰਢ ਮਨਾਉਣ ਲਈ ਕਰਵਾਏ ਗਏ ਵਰਚੁਅਲ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ।

ਉਨਾਂ ਕਿਹਾ ਕਿ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਸੁਪਨਿਆਂ ਅਤੇ ਖਾਹਿਸ਼ਾਂ ਨੂੰ ਸਾਕਾਰ ਕਰਨ ਵਿੱਚ ਉਨਾਂ ਦੀ ਸਹਾਇਤਾ ਕੀਤੀ ਜਾ ਸਕੇ ਜਿਸ ਨਾਲ ਉਹ ਆਪਣੇ ਭਾਈਚਾਰਿਆਂ ਵਿੱਚ ਹਾਂ-ਪੱਖੀ ਬਦਲਾਅ ਦੇ ਆਗੂ ਬਣ ਸਕਣ ਅਤੇ ਹੋਰ ਨੌਜਵਾਨਾਂ ਦੀ ਸਹਾਇਤਾ ਕਰ ਸਕਣ। ਉਨਾਂ ਕਿਹਾ ਕਿ ਨੌਜਵਾਨ ਆਪਣੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਅਤੇ ਨੀਤੀਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪਿਛਲੇ ਸਾਲ ਅਗਸਤ ਮਹੀਨੇ ਵਿੱਚ ‘ਪੰਜਾਬ ਦਾ ਮਾਣ’ ਪੋ੍ਰਗਰਾਮ ਸ਼ੁਰੂ ਕੀਤਾ ਗਿਆ ਸੀ ਜਿਸਦਾ ਉਦੇਸ਼ ਰਾਜ ਦੇ ਨੌਜਵਾਨਾਂ ਨੂੰ ਨਾਗਰਿਕ ਕਾਰਜਾਂ, ਕਰੀਅਰ ਸੇਧ, ਹੁਨਰ, ਰੋਜ਼ਗਾਰ ਅਤੇ ਉੱਦਮੀ ਸਹਾਇਤਾ ਦੇ ਮੌਕਿਆਂ ਨਾਲ ਜੋੜਨਾ ਹੈ।

ਮੁੱਖ ਸਕੱਤਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਹੁਣ ਤੱਕ ਰਾਜ ਦੇ 70,000 ਤੋਂ ਵੱਧ ਨੌਜਵਾਨ ਜੁੜ ਚੁੱਕੇ ਹਨ।

ਇਸ ਆਨਲਾਈਨ ਸਮਾਗਮ ਦੌਰਾਨ ‘ਪੰਜਾਬ ਦਾ ਮਾਣ’ ਪ੍ਰੋਗਰਾਮ ਤਹਿਤ ਨਾਗਰਿਕ ਕਾਰਜਾਂ ਵਿੱਚ ਬਿਹਤਰੀਨ ਸਰਗਰਮਨ ਭੂਮਿਕਾ ਨਿਭਾਉਣ ਵਾਲੇ 27 ਨੌਜਵਾਨਾਂ ਦਾ ਸਨਮਾਨ ਕੀਤਾ ਗਿਆ ਤਾਂ ਜੋ ਉਨਾਂ ਨੂੰ ਸਮਾਜ ਭਲਾਈ ਦੇ ਹੋਰ ਚੰਗੇ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਬਾਕੀ ਲੋਕਾਂ ਵਿੱਚ ਮਿਸਾਲੀ ਨੌਜਵਾਨਾਂ ਵਜੋਂ ਪੇਸ਼ ਕੀਤਾ ਜਾ ਸਕੇ।

ਅੰਮਿ੍ਰਤਸਰ ਦੇ ਇੱਕ ਨੌਜਵਾਨ ਆਗੂ ਕਰਨਦੀਪ (21) ਜੋ ਆਪਣੇ ਪਿੰਡ ਦੇ ਇੱਕ ਯੂਥ ਕਲੱਬ ਦੀ ਅਗਵਾਈ ਕਰਦਾ ਹੈ, ਨੇ ਸਫਾਈ ਅਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਦੀ ਅਗਵਾਈ ਕਰਨ ਲਈ ਅਤੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਸੰਕਟ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਉਣ ਬਾਰੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਸਬੰਧੀ ਗੱਲ ਕੀਤੀ।

ਪਰਵੀਨ (21) ਨੇ ਇਸ ਗੱਲ ’ਤੇ ਚਰਚਾ ਕੀਤੀ ਕਿ ਨਾਗਰਿਕ ਮੁੱਦਿਆਂ ਨੂੰ ਸੁਲਝਾਉਣਾ ਕਿੰਨਾ ਮਹੱਤਵਪੂਰਣ ਹੈ ਅਤੇ ਕਿਵੇਂ ਉਸਨੇ ਆਪਣੇ ਸਮਾਜ ਵਿੱਚ ਕੂੜੇ ਦੇ ਪ੍ਰਬੰਧਨ ਅਤੇ ਸਵੱਛਤਾ ਵਿੱਚ ਯੋਗਦਾਨ ਪਾਉਣ ਤੋਂ ਇਲਾਵਾ ਆਪਣੇ ਪਿੰਡ ਵਿੱਚ ਲਗਭਗ 20 ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਸਾਂਭ ਸੰਭਾਲ ਲਈ ਕੰਮ ਕੀਤਾ।

ਮਨਪ੍ਰੀਤ ਕੌਰ (22), ਯੋਧਾ ਯੁਵਾ ਨਿੰਜਾ, ਨੇ ਕਿਹਾ ਕਿ ਉਸਨੇ ਆਪਣੇ ਪਿੰਡ ਦੇ ਨਾਗਰਿਕ ਮੁੱਦਿਆਂ ਅਤੇ ਕੋਵਿਡ ਕਾਰਨ ਦਰਪੇਸ਼ ਚੁਣੌਤੀਆਂ ਨੂੰ ਸੁਲਝਾ ਕੇ ‘ਪੰਜਾਬ ਦਾ ਮਾਣ’ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਦੀ ਸ਼ੁਰੂਆਤ ਕੀਤੀ।

ਇਸ ਪੋ੍ਰਗਰਾਮ ਦੇ ਨੋਡਲ ਵਿਭਾਗ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਅਤੇ ਯੁਵਾ ਨੇ ਸਿਵਲ ਸੁਸਾਇਟੀ ਸੰਸਥਾਵਾਂ ਜਿਵੇਂ ਕਿ ਰੀਪ ਬੈਨੀਫਿਟ, ਆਸਮਾਨ ਫਾਊਂਡੇਸ਼ਨ, ਰਾਊਂਡਗਲਾਸ ਫਾਊਂਡੇਸ਼ਨ ਅਤੇ ਟੀਮ ਫਤਿਹ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਨੌਜਵਾਨਾਂ ਨੂੰ ਨਾਗਰਿਕ ਸਮੱਸਿਆਵਾਂ ਦਾ ਪਤਾ ਲਗਾਉਣ, ਜਾਂਚ ਕਰਨ, ਹੱਲ ਕੱਢਣ ਅਤੇ ਲਾਗੂ ਕਰਨ ਕਰਨ ਸਬੰਧੀ ਜਾਣਕਾਰੀ, ਸਾਧਨਾਂ ਅਤੇ ਹੁਨਰ ਨਾਲ ਲੈਸ ਕੀਤਾ ਜਾ ਸਕੇ।

ਪਿਛਲੇ ਸਾਲ ਰਾਜ ਸਰਕਾਰ, ਯੂਨੀਸੈਫ ਅਤੇ ਯੁਵਾ ਵੱਲੋਂ ‘ਪੰਜਾਬ ਦਾ ਮਾਣ’ ਰਿਪੋਰਟ ਵੀ ਜਾਰੀ ਕੀਤੀ ਗਈ ਸੀ, ਜਿਸ ਨੇ 28,000 ਤੋਂ ਵੱਧ ਨੌਜਵਾਨਾਂ ਦੀ ਸਿੱਖਣ, ਹੁਨਰ ਅਤੇ ਰੋਜ਼ਗਾਰ ਤੱਕ ਪਹੁੰਚ ਦਾ ਮੁਲਾਂਕਣ ਕਰਨ ਲਈ ਯੂ-ਰਿਪੋਰਟ ਪੋਲ ਤੋਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਇਕੱਠਾ ਕੀਤਾ ਸੀ।

ਜਿਵੇਂ ਕਿ ਰਿਪੋਰਟ ਵਿੱਚ ਸਿਫਾਰਸ਼ ਕੀਤੀ ਗਈ ਹੈ, ‘ਪੰਜਾਬ ਦਾ ਮਾਣ’ ਪ੍ਰੋਗਰਾਮ ਦੇ ਦੂਜੇ ਪੜਾਅ ਦਾ ਉਦੇਸ਼ ਨੌਜਵਾਨਾਂ ਦੀ ਰਚਨਾਤਮਕ ਸੋਚ ਅਤੇ ਸਮੱਸਿਆ ਨੂੰ ਸੁਲਝਾਉਣ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੇ ਨਾਲ ਨਾਲ ਕਰੀਅਰ ਸੇਧ ਤੇ ਹੁਨਰ ਦੇ ਮੌਕੇ ਅਤੇ ਨੌਕਰੀ ਦੇ ਸੰਪਰਕਾਂ ਤੱਕ ਪਹੁੰਚ ਜ਼ਰੀਏ ਪੰਜਾਬੀ ਨੌਜਵਾਨਾਂ (15-24 ਸਾਲ) ਵਿੱਚ ਉੱਦਮੀ ਭਾਵਨਾ ਪੈਦਾ ਕਰਨਾ ਹੈ।

ਯੂਨੀਸੈਫ ਦੇ ਨੌਜਵਾਨਾਂ ਅਤੇ ਨਵੀਨਤਾ ਬਾਰੇ ਵਿਸ਼ੇਸ਼ ਨੁਮਾਇੰਦੇ ਅਤੇ ਪੰਜਾਬ ਰਾਜ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਰਵੀ ਵੈਂਕਟੇਸਨ ਨੇ ਕਿਹਾ, “ਜਦੋਂ ਅਸੀਂ ਪੰਜਾਬ ਆਏ ਤਾਂ ਸਾਨੂੰ ਪਤਾ ਸੀ ਕਿ ਇੱਥੋਂ ਦੇ ਨੌਜਵਾਨਾਂ ਦੇ ਬਹੁਤ ਵੱਡੇ ਸੁਪਨੇ ਅਤੇ ਇੱਛਾਵਾਂ ਹਨ। ਪਰ ਸਾਨੂੰ ਉਮੀਦ ਨਹੀਂ ਸੀ ਕਿ 70,000 ਤੋਂ ਜ਼ਿਆਦਾ ਨੌਜਵਾਨ ਅਜਿਹੀ ਊਰਜਾ ਨਾਲ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਇਸ ਸਮੂਹ ਨੇ ਬੇਮਿਸਾਲ ਅਤੇ ਨਿਰੰਤਰ ਅਗਵਾਈ ਦਾ ਪ੍ਰਦਰਸ਼ਨ ਕੀਤਾ ਹੈ ਜਿਸ ਸਦਕਾ ਸੂਬੇ ਨੇ ਕੋਵਿਡ ਵਰਗੀ ਮਹਾਂਮਾਰੀ ਦੀਆਂ ਲਹਿਰਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕੀਤਾ ਅਤੇ ਇਸ ਤਰਾਂ ਨੌਜਵਾਨ ਰਾਜ ਦੀ ਸੰਪਤੀ ਵਜੋਂ ਉੱਭਰੇ। ਇਹ ਸੱਚਮੁੱਚ ਪੰਜਾਬ ਦਾ ਮਾਣ ਹਨ। ”

ਯੁਵਾ ਨੇਤਾਵਾਂ ਖ਼ਾਸਕਰ ਜਿਨਾਂ ਨੇ ਵਧੇਰੇ ਸ਼ਮੂਲੀਅਤ ਦਾ ਪ੍ਰਗਟਾਵਾ ਕੀਤਾ ਜਿਵੇਂ ਕਿ ‘ਚੈਂਪੀਅਨ’ ਅਤੇ ‘ਯੋਧਾ’, ਨੇ ਕੋਵਿਡ ਰਾਹਤ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

ਉਨਾਂ ਨੇ ਪ੍ਰਮਾਣਿਤ ਜਾਣਕਾਰੀ ਦੇ ਪ੍ਰਸਾਰ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਟੀਕਾਕਰਨ ਲਈ ਉਤਸ਼ਾਹਤ ਕਰਨ, ਕੋਵਿਡ ਵਿਰੁੱਧ ਸਹਿਯੋਗ ਲਈ ਸਥਾਨਕ ਸਰਕਾਰੀ ਅਧਿਕਾਰੀਆਂ ਨਾਲ ਕੰਮ ਕਰਨ, ਜਾਗਰੂਕਤਾ ਲਈ ਪੋਸਟਰ ਅਤੇ ਵੀਡੀਓ ਤਿਆਰ ਕਰਨ, ਮਾਸਕ ਬਣਾਉਣ ਦੇ ਕਾਰਜ ਵਿੱਚ ਸਹਾਇਤਾ ਤੋਂ ਇਲਾਵਾ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਖਾਣੇ ਦੇ ਪੈਕਟਾਂ ਅਤੇ ਹੋਰ ਸਹਾਇਤਾ ਜਿਹੇ ਸਾਧਾਰਨ ਕਾਰਜਾਂ ਤੋਂ ਲੈ ਕੇ ਕਈ ਮਹੱਤਵਪੂਰਨ ਕਦਮ ਚੁੱਕੇ।

ਸਰਗਰਮ ‘ਯੁਵਾ ਨਿੰਜਾ’ ਵੱਲੋਂ ਆਪਣੇ ਭਾਈਚਾਰੇ ਵਿੱਚ ਸੁਧਾਰ, ਜਿਸ ਵਿੱਚ ਸੈਨੀਟੇਸ਼ਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ, ਬੀਜਾਂ, ਰੁੱਖਾਂ ਅਤੇ ਸਥਾਨਕ ਪੰਛੀ ਪ੍ਰਜਾਤੀਆਂ ਨੂੰ ਬਚਾਉਣ ਤੋਂ ਇਲਾਵਾ ਸਾਫ਼-ਸਫ਼ਾਈ, ਕੂੜਾ ਪ੍ਰਬੰਧਨ, ਪੌਦੇ ਲਗਾਉਣੇ ਸਮੇਤ ਹੋਰ ਅਨੇਕਾਂ ਲੋਕ ਭਲਾਈ ਦੇ ਕਾਰਜ ਸ਼ਾਮਲ ਹਨ, ਲਈ ਯਤਨ ਕੀਤੇ ਜਾਂਦੇ ਹਨ।

ਇਸ ਆਨਲਾਈਨ ਸਮਾਗਮ ਵਿੱਚ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਤੇ ਯੁਵਕ ਸੇਵਾਵਾਂ ਡੀ.ਪੀ.ਐਸ. ਖਰਬੰਦਾ ਅਤੇ ਸੀ.ਓ.ਓ. ਯੁਵਾ ਸ੍ਰੀ ਅਭਿਸ਼ੇਕ ਗੁਪਤਾ ਅਤੇ ਸੂਬਾਈ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।

Spread the love