ਕਰਨਾਲ , 28 ਅਗਸਤ
ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਬੇਹਰਿਹਮੀ ਨਾਲ ਲਾਠੀਚਾਰਜ ਕੀਤਾ ਗਿਆ।
ਦਰਅਸਲ ਕਰਨਾਲ ਵਿੱਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਝੜਪ ਦੌਰਾਨ ਪੁਲਿਸ ਨੇ ਕਿਸਾਨਾਂ ਦੇ ਲਾਠੀਚਾਰਜ ਕੀਤਾ ਇਥੋਂ ਤੱਕ ਕੀ ਬਹੁਤ ਕਿਸਾਨ ਜ਼ਖਮੀ ਵੀ ਹੋਏ ਤੇ ਇੱਕ ਕਿਸਾਨ ਦਾ ਸਿਰ ਵੀ ਪਾੜਿਆ ਗਿਆ।
ਤਸਵੀਰਾਂ ਵਿੱਚ ਕਿਸਾਨ ਖੂਨ ਨਾਲ ਲੱਥਪੱਥ ਹੋਏ ਵੀ ਨਜ਼ਰ ਆਏ। ਦੂਜੇ ਪਾਸੇ ਕਿਸਾਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਾਇਆ ਗਿਆ।
ਕਿਸਾਨਾਂ ‘ਤੇ ਪੁਲਿਸ ਵਲੋਂ ਕੀਤੇ ਗਏ ਇਸ ਲਾਠੀਚਾਰਜ ਦੇ ਬਾਅਦ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਕਿਸਾਨ ਭਰਾਵਾਂ ਨੂੰ ਟਵੀਟ ਕਰ ਕੇ ਅਪੀਲ ਕਰਦੇ ਹੋਏ ਕਿਹਾ ਕਿ ਕਰਨਾਲ ‘ਚ ਪ੍ਰਸ਼ਾਸਨ ਵਲੋਂ ਭਿਅੰਕਰ ਲਾਠੀ ਚਾਰਜ ਕੀਤਾ ਗਿਆ ਸਾਰੇ ਕਿਸਾਨ ਸਾਥੀਆਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤਕ ਸਾਰੇ ਸੜਕਾਂ ‘ਤੇ ਉਤਰ ਆਏ ਆਪਣੇ ਨਜ਼ਦੀਕ ਲਗਦਾ ਟੋਲ ਪਲਾਜ਼ਾ ਅਤੇ ਸਾਰੇ ਰੋਡ ਜਾਮ ਕਰ ਦੇਣ।
ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੁੜ ਬਸਤਾੜਾ ਟੌਲ ਪਲਾਜ਼ਾ ਜਾਮ ਕਰ ਦਿੱਤਾ। ਜੀਟੀ ਰੋਡ ‘ਤੇ ਪਹੁੰਚੇ ਹਜ਼ਾਰਾਂ ਕਿਸਾਨਾਂ ਨੂੰ ਕਾਬੂ ਕਰਨ ਲਈ ਭਾਰੀ ਪੁਲੀਸ ਬਲ ਮੌਜੂਦ ਹੈ ਪਰ ਕਿਸਾਨ ਖਾਸੇ ਨਾਰਾਜ਼ ਹਨ। ਲਾਠੀਚਾਰਜ ਤੋਂ ਬਾਅਦ ਹੋਈ ਪੱਥਰਬਾਜ਼ੀ ਕਾਰਨ ਜੀਟੀ ਰੋਡ ਵਿੱਚ ਫਸੇ ਕਈ ਵਾਹਨਾਂ ਨੂੰ ਨੁਕਸਾਨ ਪੁੱਜਿਆ।
ਮੁੱਖ ਮੰਤਰੀ ਮਨੋਹਰ ਲਾਲ ਦੇ ਨਾਲ ਰਾਜ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਅਤੇ ਪਾਰਟੀ ਦੇ ਹੋਰ ਨੇਤਾ ਅੱਜ ਕਰਨਾਲ ਪਹੁੰਚੇ ਹਨ ਤਾਂ ਜੋ ਪੰਚਾਇਤੀ ਚੋਣਾਂ ਦੀ ਰਣਨੀਤੀ ਤਿਆਰ ਕੀਤੀ ਜਾ ਸਕੇ। ਕਿਸਾਨਾਂ ਨੇ ਬੀਤੀ ਰਾਤ ਹੀ ਇਸ ਮੀਟਿੰਗ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਕਿਸਾਨਾਂ ਨੂੰ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਇਕੱਠੇ ਹੋਣਾ ਸੀ ਪਰ ਪੁਲੀਸ ਨੇ ਘਟਨਾ ਵਾਲੀ ਥਾਂ ‘ਤੇ ਰੇਲਵੇ ਰੋਡ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ।
ਇਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਆਲੇ ਦੁਆਲੇ ਦੇ ਪਿੰਡਾਂ ਤੋਂ ਸ਼ਹਿਰ ਆਏ ਪਿੰਡ ਵਾਸੀਆਂ ਨੂੰ ਸ਼ਹਿਰ ਵਿੱਚ ਦਾਖਲਾ ਨਾ ਮਿਲਿਆ ਤਾਂ ਉਨ੍ਹਾਂ ਨੇ ਸਥਾਨਕ ਲੋਕਾਂ ਦੇ ਨਾਲ ਸ਼ਹਿਰ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਵੀ ਕੀਤੇ। ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੂਰੇ ਹਰਿਆਣਾ ਵਿੱਚ ਜਾਮ ਦਾ ਸੱਦਾ ਦਿੱਤਾ ਹੈ।
ਕਿਸਾਨਾਂ ਨੇ ਟੌਲ ਪਲਾਜ਼ਿਆਂ ਤੋਂ ਇਲਾਵਾ ਕਈ ਥਾਵਾਂ ’ਤੇ ਰੋਡ ਜਾਮ ਕਰਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਕਿਸਾਨਾਂ ਵੱਲੋਂ ਅਚਨਚੇਤ ਕੀਤੇ ਗਏ ਰੋਡ ਜਾਮ ਕਰਨ ਕਈ ਥਾਵਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਨੇ ਮਰੀਜ਼ਾਂ ਤੇ ਹੋਰ ਜ਼ਰੂਰੀ ਕੰਮ ਧੰਦਿਆਂ ਵਾਲੇ ਲੋਕਾਂ ਨੂੰ ਜਾਮ ਤੋਂ ਮੁਕਤ ਰੱਖਿਆ।
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਦਰਿਆਓ ਸਿੰਘ ਨੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਖੱਟਰ ਸਰਕਾਰ ਕਿਸਾਨਾਂ ਉੱਤੇ ਜੁਲਮ ਢਾਹ ਰਹੀ ਹੈ। ਉਥੇ ਹੀ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਹਰਿਆਣਾ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਕਿਸਾਨਾਂ ਨੂੰ ਉਕਸਾਉਣ ਲਈ ਕੀਤੀਆਂ ਜਾ ਰਹੀਆਂ ਹਨ।