ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਮਾਲੀ ਦੇ ਖ਼ਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਕਿਉਂਕਿ ਉਨ੍ਹਾਂ ਨੇ ਕਸ਼ਮੀਰ ’ਤੇ ਭਾਰਤ ਵੱਲੋਂ ਜਬਰੀ ਕਬਜ਼ਾ ਕੀਤੇ ਜਾਣ ਦੀ ਗੱਲ ਕੀਤੀ ਹੈ ਤੇ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਦੇਸ਼ ਖ਼ਿਲਾਫ਼ ਭੜਕਾਇਆ ਹੈ।

ਇੱਥੇ ਆਮ ਆਦਮੀ ਪਾਰਟੀ ਦੇ ਇੱਕ ਦਰਜਨ ਦੇ ਕਰੀਬ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਆਈ ਐਸ ਆਈ ਦੇ ਦੱਸੇ ਅਨੁਸਾਰ ਆਪਣੇ ਸਲਾਹਕਾਰ ਚੁਹੱਦੇ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸਲਾਹਕਾਰ ਨੇ ਆਈ ਐਸ ਆਈ ਦੀ ਸੋਚ ਅਨੁਸਾਰ ਬਿਆਨਬਾਜ਼ੀ ਕੀਤੀ ਤੇ ਕਸ਼ਮੀਰ ਨੂੰ ਸੁਤੰਤਰ ਦੇਸ਼ ਦੱਸਿਆ। ਉਨ੍ਹਾਂ ਕਿਹਾ ਕਿ ਸਲਾਹਕਾਰਾਂ ਦੀਆਂ ਟਿੱਪਣੀਆਂ ਪਾਕਿਸਤਾਨ ਨਾਲ ਰੋਜ਼ਾਨਾ ਸਰਹੱਦਾਂ ’ਤੇ ਸ਼ਹੀਦ ਹੋ ਰਹੇ ਸਾਡੇ ਜਵਾਨਾਂ ਦਾ ਅਪਮਾਨ ਹਨ।

ਮਜੀਠੀਆ ਨੇ ਕਿਹਾ ਕਿ ਮਾਲੀ ਦਾ ਅਸਤੀਫ਼ਾ ਹੀ ਕਾਫ਼ੀ ਨਹੀਂ ਹੈ ਤੇ ਕਿਹਾ ਕਿ ਅਜਿਹਾ ਸਪਸ਼ਟ ਸੁਨੇਹਾ ਦੇਣ ਦੀ ਜ਼ਰੂਰਤ ਹੈ ਤਾਂ ਜੋ ਕਿਸੇ ਨੂੰ ਵੀ ਦੇਸ਼ ਦੀ ਅਖੰਡਤਾ ਨਾਲ ਖੇਡਣ ਤੇ ਪ੍ਰਭੂਸ਼ਤਾ ਖ਼ਤਰੇ ਵਿਚ ਪਾਉਣ ਦੀ ਆਗਿਆ ਨਾ ਮਿਲੇ। ਉਨ੍ਹਾਂ ਕਿਹਾ ਕਿ ਮਾਲੀ ਦੇ ਖ਼ਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਅਤੇ ਜੇਕਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਇਸ ਦੇ ਹੁਕਮ ਨਹੀਂ ਦਿੰਦੇ ਤਾਂ ਫਿਰ ਇਹ ਸਪਸ਼ਟ ਹੋ ਜਾਵੇਗਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਸੋਚ ਤਾਲਿਬਾਨ ਨਾਲ ਰਲ਼ੀ ਹੈ।

ਇੱਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਸਿੱਧੂ ਚੋਣਾਂ ਮੌਕੇ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕਦਾ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇਹ ਲੋਕ ਕਿਥੇ ਸਨ? ਉਨ੍ਹਾਂ ਕਿਹਾ ਕਿ ਇਹਨਾਂ ਪਹਿਲਾਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਮੀਟਿੰਗ ਕਿਉਂ ਨਹੀਂ ਕੀਤੀ। ਉਨ੍ਹਾਂ ਨੇ ਸਿੱਧੂ ਨੂੰ ਬਤੌਰ ਮੰਤਰੀ ਤੇ ਐਮ ਪੀ ਇੱਕ ਵੀ ਪ੍ਰਾਪਤੀ ਲੋਕਾਂ ਨੂੰ ਦੱਸਣ ਵਾਸਤੇ ਵੀ ਆਖਿਆ।

ਕਾਂਗਰਸ ਪਾਰਟੀ ਵਿਚ ਤਾਜ਼ਾ ਘਟਨਾਕ੍ਰਮ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਧੂ ਨੇ ਇੱਕ ਵਾਰ ਫਿਰ ਤੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡਰ ਵੱਲੋਂ ਝਾੜ ਝੰਬ ਕਰਨ ਤੇ ਆਪਣੇ ਸਲਾਹਕਾਰਾਂ ਨੂੰ ਕੱਢਣ ਦੀ ਹਦਾਇਤ ਬਰਦਾਸ਼ਤ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਹੁਣ ਕੁੱਝ ਹੀ ਸਮੇਂ ਦੀ ਗੱਲ ਹੈ ਕਿ ਸਿੱਧੂ ਫਿਰ ਤੋਂ ਕਾਂਗਰਸ ਪਧਾਰਨ ਤੇ ਰਾਹੁਲ ਗਾਂਧੀ ਦੇ ਖ਼ਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦੇਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਪਹਿਲਾਂ ਸਾਫ਼ ਸੁਥਰੀ ਰਾਜਨੀਤੀ ਦੇ ਦਾਅਵੇ ਕਰਦੇ ਸਨ ਪਰ ਉਸ ਦੇ ਨਵੇਂ ਸਾਥੀ ਉਹ ਵਿਧਾਇਕ ਹਨ ਜੋ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਰੇਤ ਤੇ ਸ਼ਰਾਬ ਦੇ ਨਜਾਇਜ਼ ਕਾਰੋਬਾਰ ਵਿਚ ਸ਼ਾਮਲ ਰਹੇ ਹਨ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੁੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਇੱਕ ਦਰਜਨ ਤੋਂ ਵੱਧ ਆਗੂ ਪਾਰਟੀ ਛੱਡ ਕੇ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬਟਾਲਾ, ਫ਼ਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੇ ਇੰਚਾਰਜ ਅਤੇ ਬੁਲਾਰੇ ਸੁਖਬਾਜ਼ ਪਰਵਾਨਾ, ਲੀਗਲ ਸੈਲ ਦੇ ਵਾਈਸ ਚੇਅਰਮੈਨ ਸਤਸਿਮਰਨ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀ ਗੁਰਦੀਪ ਸਿੰਘ ਕਾਹਲੋਂ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਚੇਤਨ ਕੁਮਾਰ, ਰਿਪੁਦਮਨ ਸਿੰਘ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ, ਸੋਨੂੰ, ਗੁਰਪ੍ਰਤੀਕ ਸਿੰਘ, ਐਡਵੋਕੇਟ ਗੁਰਇਕਬਾਲ ਸਿੰਘ ਉਪੱਲ, ਐਡਵੋਕੇਟ ਕਿਰਨਜੋਤ ਸਿੰਘ ਬੋਪਾਰਾਏ, ਐਡਵੋਕੇਟ ਓਮ ਪ੍ਰਕਾਸ਼ ਬੰਦੀ, ਸਾਹਿਲ ਅਵਸ਼ੇਸ਼ ਢਿੱਲੋਂ, ਐਡਵੋਕੇਟ ਸਿਮਰਨਜੀਤ ਸਿੰਘ ਸੰਧੂ ਅਤੇ ਐਡਵੋਕੇਟ ਸਤਿੰਦਰਪਾਲ ਸਿੰਘ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਵੀ ਸ਼ਾਮਲ ਸਨ।

ਮਜੀਠੀਆ ਨੇ ਕਿਹਾ ਕਿ ਇਹਨਾਂ ਆਗੂਆਂ ਨੇ ਮਹਿਸੂਸ ਕਰ ਲਿਆ ਹੈ ਕਿ ਪੰਜਾਬ ਦੀ ਇਕਲੌਤੀ ਪਾਰਟੀ ਅਕਾਲੀ ਦਲ ਹੈ ਜੋ ਸੂਬੇ ਦਾ ਭਲਾ ਕਰ ਸਕਦੀ ਹੈ ਅਤੇ ਬਾਕੀ ਸਾਰੇ ਤਾਂ ਸੂਬੇ ਨੂੰ ਲੁੱਟਣ ਵਿਚ ਦਿਲਚਸਪੀ ਰੱਖਦੇ ਹਨ।

ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਪਹਿਲਾਂ ਹੀ ਐਸ ਵਾਈ ਐਲ, ਪੰਜਾਬ ਦੇ ਥਰਮਲ ਪਲਾਂਟਾਂ ਦੇਖ਼ਿਲਾਫ਼ਪਟੀਸ਼ਨ ਪਾਉਣ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਤੇ ਇੱਕ ਇੱਕ ਕਰੋੜ ਦਾ ਜ਼ੁਰਮਾਨਾ ਕਰਨ ਕਾਰਨ ਬੇਨਕਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਫ਼ੇਲ੍ਹ ਹੋਇਆ ਮਾਡਲ ਪੰਜਾਬੀਆਂ ’ਤੇ ਮੜ੍ਹਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੋਈ ਮੁਹੱਲਾ ਕਲੀਨਿਕ ਨਹੀਂ ਖੋਲ੍ਹਿਆ ਗਿਆ ਪਰ ਕੇਜਰੀਵਾਲ ਨੇ ਸੈਂਕੜੇ ਕਰੋੜ ਰੁਪਏ ਖ਼ਰਚ ਕੇ ਇਸ ਦੀ ਝੂਠੀ ਇਸ਼ਤਿਹਾਰਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤਾਂ ਕੌਮੀ ਰਾਜਧਾਨੀ ਵਿਚ ਕੋਰੋਨਾ ਨਾਲ ਨਜਿੱਠਣ ਵਿਚ ਵੀ ਫ਼ੇਲ੍ਹ ਰਿਹਾ ਹੈ ਤੇ ਹੋਰ ਅਸਫਲਤਾਵਾਂ ਵੱਖਰੀਆਂ ਹਨ।

Spread the love