ਚੰਡੀਗੜ੍ਹ, 30 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਵਿਚ ਆਪਣੇ ਹਮਰੁਤਬਾ ਵੱਲੋਂ ਕਿਸਾਨਾਂ ਦੇ ਅੰਦੋਲਨ ਦੀ ਜ਼ਿੰਮੇਵਾਰੀ ਪੰਜਾਬ ਦੇ ਸਿਰ ਸੁੱਟ ਕੇ ਸ਼ਾਂਤਮਈ ਰੋਸ ਪ੍ਰਗਟਾ ਰਹੇ ਕਿਸਾਨਾਂ ਉਤੇ ਕੀਤੇ ਗਏ ਅਪਰਾਧਿਕ ਹਮਲੇ ਦਾ ਪੱਖ ਪੂਰਨ ਦੀ ਕਰੜੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਮ.ਐਲ. ਖੱਟਰ ਦੀਆਂ ਟਿੱਪਣੀਆਂ ਨੇ ਹਰਿਆਣਾ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦਾ ਪਰਦਾਫਾਸ਼ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਐਮ.ਐਲ. ਖੱਟਰ ਅਤੇ ਉਨ੍ਹਾਂ ਦੇ ਡਿਪਟੀ ਦੁਸ਼ਅੰਤ ਚੌਟਾਲਾ ਨੂੰ ਚੇਤੇ ਕਰਵਾਇਆ ਕਿ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨਾਂ ਉਤੇ ਡਾਂਗਾਂ ਦਾ ਮੀਂਹ ਵਰ੍ਹਾਇਆ ਗਿਆ ਸੀ, ਉਹ ਪੰਜਾਬ ਦੇ ਨਹੀਂ ਹਰਿਆਣਾ ਦੇ ਕਿਸਾਨ ਸਨ। ਕੈਪਟਨ ਅਮਰਿੰਦਰ ਨੇ ਇਹ ਪ੍ਰਤੀਕਿਰਿਆ ਖੱਟਰ ਅਤੇ ਚੌਟਾਲਾ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਪਿੱਛੇ ਪੰਜਾਬ ਦਾ ਹੱਥ ਹੋਣ ਦੇ ਲਾਏ ਦੋਸ਼ਾਂ ਦੇ ਸੰਦਰਭ ਵਿਚ ਦਿੱਤੀ।
ਕਿਸਾਨਾਂ ਦੀ ਨਾਰਾਜ਼ਗੀ ਲਈ ਸਿੱਧੇ ਤੌਰ ਉਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਕਟ ਇਸ ਹੱਦ ਤੱਕ ਗਹਿਰਾ ਨਾ ਹੁੰਦਾ, ਜੇਕਰ ਹਰਿਆਣਾ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਣੇ ਭਾਰਤੀ ਜਨਤਾ ਪਾਰਟੀ ਨੇ ਸ਼ਾਂਤਮਈ ਕਿਸਾਨਾਂ ਉਤੇ ਹੋਏ ਘਿਨਾਉਣੇ ਹਮਲੇ ਲਈ ਸ਼ਰਮਨਾਕ ਢੰਗ ਨਾਲ ਝੂਠ ਬੋਲਣ ਦੀ ਬਜਾਏ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਦਿੱਤਾ ਹੁੰਦਾ ਅਤੇ ਉਨ੍ਹਂ ਦੀ ਪੀੜਾ ਦਾ ਅਹਿਸਾਸ ਕੀਤਾ ਹੁੰਦਾ। ਉਨ੍ਹਾਂ ਨੇ ਖੱਟਰ ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਕਿਸਾਨਾਂ ਵੱਲੋਂ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਵਿਚ ਗੜਬੜੀ ਪੈਦਾ ਕੀਤੇ ਜਾਣ ਤੋਂ ਬਾਅਦ ਹੀ ਹਰਿਆਣਾ ਪੁਲੀਸ ਨੇ ਆਪਣੇ ਬਲ ਦੀ ਵਰਤੋਂ ਕੀਤੀ ਸੀ। ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਵੱਲੋਂ ਕਿਸਾਨਾਂ ਉੱਤੇ ਕਾਰਵਾਈ ਕਰਨ ਲਈ ਪੁਲੀਸ ਮੁਲਾਜ਼ਮਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੇ ਜਾਣ ਦੀ ਵਾਇਰਲ ਹੋਈ ਵੀਡੀਓ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਝੂਠਾਂ ਦੇ ਪਾਜ ਉਧੇੜ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ,”ਐਸ.ਡੀ.ਐਮ. ਇਹ ਗੱਲ ਕਿਸ ਤਰ੍ਹਾਂ ਜਾਣਦਾ ਹੈ ਕਿ ਕਿਸਾਨਾਂ ਦਾ ਇਰਾਦਾ ਪੱਥਰ ਆਦਿ ਸੁੱਟਣ ਦਾ ਹੈ, ਜਿਵੇਂ ਕਿ ਖੱਟਰ ਨੇ ਦਾਅਵਾ ਕੀਤਾ ਹੈ?”
ਕੈਪਟਨ ਨੇ ਹਰਿਆਣਾ ਦੇ ਨੇਤਾਵਾਂ ਨੂੰ ਕਿਹਾ,“ਤਹਾਨੂੰ ਇਹ ਨਹੀਂ ਦਿਸਦਾ ਕਿ ਤੁਹਾਡੇ ਆਪਣੇ ਸੂਬੇ ਦੇ ਕਿਸਾਨ ਉਨ੍ਹਾਂ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਅਤੇ ਖੇਤੀ ਕਾਨੂੰਨ ਰੱਦ ਕਰਨ ਲਈ ਤੁਹਾਡੀ ਪਾਰਟੀ ਵੱਲੋਂ ਟੱਸ ਤੋਂ ਮੱਸ ਨਾ ਹੋਣ ਕਰਕੇ ਉਹ ਤੁਹਾਡੇ ਉਤੇ ਖਫਾ ਹਨ?”ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਆਪ ਦੀ ਅਤੇ ਪਰਿਵਾਰਾਂ ਦੀ ਰਾਖੀ ਲਈ ਪੰਜਾਬ ਜਾਂ ਕਿਸੇ ਹੋਰ ਸੂਬੇ ਦੀ ਚੁੱਕ ਵਿਚ ਆਉਣ ਦੀ ਲੋੜ ਨਹੀਂ ਹੈ।
ਕੈਪਟਨ ਨੇ ਕਿਹਾ ਕਿ ਕੋਵਿਡ ਦੀ ਮਹਾਮਾਰੀ ਦੇ ਦਰਮਿਆਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਗੈਰ-ਜਮਹੂਰੀ ਖੇਤੀ ਕਾਨੂੰਨਾਂ ਦੇ ਸਬੰਧ ਵਿਚ ਸਮੁੱਚੇ ਮੁਲਕ ਦੀ ਸੰਵੇਦਨਾ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਦੀ ਭਾਜਪਾ ਦੀ ਹੱਠਧਰਮੀ ਇਹ ਸਿੱਧ ਕਰਦੀ ਹੈ ਕਿ ਇਸ ਵਿਚ ਭਾਜਪਾ ਅਤੇ ਉਨ੍ਹਾਂ ਦੀ ਲੀਡਰਸ਼ਿਪ ਦੇ ਸੌੜੇ ਹਿੱਤ ਛੁਪੇ ਹੋਏ ਹਨ ਜੋ ਇਕ ਵਾਰ ਫੇਰ ਆਮ ਆਦਮੀ ਉਤੇ ਆਪਣੇ ਪੂੰਜੀਪਤੀ ਮਿੱਤਰਾਂ ਦਾ ਗਲਬਾ ਪਵਾਉਣਾ ਚਾਹੁੰਦੀ ਹੈ।
ਕੈਪਟਨ ਨੇ ਕਿਹਾ ਕਿ ਖੇਤੀ ਸੈਕਟਰ ਵਿੱਚ ਤੁਹਾਡੀ ਪਾਰਟੀ ਵੱਲੋਂ ਪੈਦਾ ਕੀਤੀ ਗੜਬੜੀ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਤੁਸੀਂ ਖੇਤੀ ਕਾਨੂੰਨ ਰੱਦ ਕਰੋ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਇਸ ਤੋਂ ਬਾਅਦ ਹੋਰ ਚੋਣਾਂ ਦੌਰਾਨ ਭਾਜਪਾ ਨੂੰ ਆਪਣੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਖੱਟਰ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਜਬਰੀ ਖ਼ਤਮ ਕਰਨ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਭਾਜਪਾ ਦੇ ਵੱਖ-ਵੱਖ ਆਗੂਆਂ ਵੱਲੋਂ ਕਿਸਾਨਾਂ ਲਈ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕਰਨਾ,ਉਨ੍ਹਾਂ ਦੀ ਪਾਰਟੀ`ਤੇ ਹੀ ਪੁੱਠਾ ਪਵੇਗਾ।
ਇਹ ਯਾਦ ਕਰਦਿਆਂ ਕਿ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਵੱਲ ਕੂਚ ਕਰਨ ਤੋਂ ਪਹਿਲਾਂ ਦੋ ਮਹੀਨੇ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਸਨ,ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਇਸ ਸਮੇਂ ਦੌਰਾਨ ਹਿੰਸਾ ਦੀ ਇੱਕ ਵੀ ਘਟਨਾ ਨਹੀਂ ਵੇਖੀ ਗਈ। ਉਨ੍ਹਾਂ ਅੱਗੇ ਕਿਹਾ“ਹਾਲ ਹੀ ਵਿੱਚ,ਜਦੋਂ ਗੰਨਾ ਕਾਸ਼ਤਕਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਤਾਂ ਅਸੀਂ ਉਨ੍ਹਾਂ ਨੂੰ ਦਬਾਉਣ ਲਈ ਤਾਕਤ ਦੀ ਅੰਨ੍ਹੇਵਾਹ ਵਰਤੋਂ ਕਰਨ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਮਸਲਾ ਹੱਲ ਕੀਤਾ।”
ਗੰਨਾ ਕਾਸ਼ਤਕਾਰਾਂ ਦੇ ਵਿਰੋਧ ਦਾ ਹੱਲ ਕੀਤੇ ਜਾਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਖੁਆਉਣ`ਤੇ ਖੱਟਰ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, “ਤੁਸੀਂ ਖੇਤੀਬਾੜੀ ਕਾਨੂੰਨ ਰੱਦ ਕਰ ਦਿਉ ਅਤੇ ਫੇਰ ਨਾ ਸਿਰਫ ਕਿਸਾਨ ਸਗੋਂ ਮੈਂ ਵੀ ਤੁਹਾਨੂੰ ਲੱਡੂ ਖੁਆਵਾਂਗਾ।”
ਕੈਪਟਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਨ ਅਤੇ ਇੱਥੋਂ ਤੱਕ ਕਿ ਭਾਜਪਾ ਦੀ ਬੇਰੁਖ਼ੀ ਕਾਰਨ ਦਿੱਲੀ ਦੀਆਂ ਸਰਹੱਦਾਂ`ਤੇ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਅਤੇ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, “ਇੱਕ ਸਰਕਾਰ ਜਾਂ ਇਕ ਰਾਜਨੀਤਿਕ ਪਾਰਟੀ ਜੋ ਆਪਣੀ ਨਿਗਰਾਨੀ ਹੇਠ ਅਜਿਹੀਆਂ ਘਟਨਾਵਾਂ ਦੇ ਵਾਪਰਨ ਅਤੇ ਕੀਮਤੀ ਜਾਨਾਂ ਦੇ ਨੁਕਸਾਨ ਦੀ ਆਗਿਆ ਦਿੰਦੀ ਹੋਵੇ,ਜ਼ਿਆਦਾ ਦੇਰ ਟਿਕ ਨਹੀਂ ਸਕਦੀ। ਉਨ੍ਹਾਂ ਨੇ ਭਾਜਪਾ ਨੂੰ ਸਖ਼ਤ ਚਿਤਵਾਨੀ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ,ਆਪਣੇ ਹਊਮੈ ਨੂੰ ਛੱਡ ਕੇ ਦੇਸ਼ ਦੇ ਅੰਨਦਾਤਾ ਦੀਆਂ ਤਕਲੀਫ਼ਾਂ ਵੱਲ ਧਿਆਨ ਦਿਓ।