-ਕਾਂਗਰਸ ਪੰਜਾਬ ਮਿਸ਼ਨ 2022 ਕਿਸਦੀ ਦੀ ਅਗਵਾਈ ਹੇਠ ਲੜੇਗੀ?
ਨਿਰਮਲ ਸਿੰਘ ਮਾਨਸ਼ਾਹੀਆ
ਚੰਡੀਗੜ੍ਹ, 30 ਅਗਸਤ
ਕਾਂਗਰਸ ਪੰਜਾਬ ਮਿਸ਼ਨ 2022 ਕਿਸਦੀ ਦੀ ਅਗਵਾਈ ਹੇਠ ਲੜੇਗੀ? ਇਸ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਅੰਦਰ ਕਾਟੋਂ-ਕਲੇਸ਼ ਵੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੜ੍ਹਾ ਜਿੱਥੇ ਦਾਅਵਾ ਕਰਦਾ ਹੈ ਕਿ 2022 ਵਿਚ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਹੋਣਗੇ ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਧੜ੍ਹਾ ਦਾਅਵਾ ਕਰ ਰਿਹਾ ਹੈ ਜਦੋਂ ਕਾਂਗਰਸ ਦੇ ਪ੍ਰਧਾਨ ਸਿੱਧੂ ਹਨ ਤਾਂ ਉਨ੍ਹਾਂ ਦੀ ਅਗਵਾਈ ਹੇਠ ਹੀ ਇਹ ਚੋਣਾਂ ਲੜੀਆਂ ਜਾਣਗੀਆਂ। ਸਿੱਧੂ ਹੀ 2022 ਵਿਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ, ਇਸ ਵਿਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।
ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸ ਮੁੱਦੇ ਉਤੇ ਲਗਾਤਾਰ ਯੂ-ਟਰਨ ਲੈਂਦੇ ਦਿਖਾਈ ਦੇ ਰਹੇ ਹਨ। ਪਿਛਲੇ ਦਿਨੀਂ ਰਾਵਤ ਨੇ ਮੀਡੀਆ ਸਾਹਮਣੇ ਬਿਆਨ ਦਿੱਤਾ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਲੜੀਆਂ ਜਾਣਗੀਆਂ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸਿੱਧੂ ਧੜ੍ਹੇ ਨੇ ਵੀ ਰਾਵਤ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ ਅਤੇ ਮਾਮਲਾ ਹਾਈਕਮਾਂਡ ਕੋਲ ਪੁੱਜਣ ਤੋਂ ਬਾਅਦ ਹਰੀਸ਼ ਰਾਵਤ ਆਪਣੇ ਬਿਆਨ ਤੋਂ ਪਲਟਦੇ ਨਜ਼ਰ ਆਏ। ਸਿੱਧੂ ਦੇ ਨਜ਼ਦੀਕੀ ਵਿਧਾਇਕ ਪ੍ਰਗਟ ਸਿੰਘ ਨੇ ਰਾਵਤ ਨੂੰ ਖ਼ਰੀਆਂ-ਖਰੀਆਂ ਸੁਣਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਰਾਵਤ ਕੌਣ ਹੁੰਦੇ ਹਨ ਇਹ ਫੈਸਲਾ ਕਰਨ ਵਾਲੇ ਕਿਸ ਦੀ ਅਗਵਾਈ ਵਿਚ ਚੋਣਾਂ ਲੜੀਆਂ ਜਾਣਗੀਆਂ।
ਸੋਮਵਾਰ ਨੂੰ ਹਰੀਸ਼ ਰਾਵਤ ਨੇ ਆਪਣੇ ਬਿਆਨ ਤੋਂ ਪਲਟੀ ਮਾਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੁੱਖ ਤੌਰ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਮ ’ਤੇ ਲੜੀਆਂ ਜਾਣਗੀਆਂ ਪਰ ਇਸ ਤੋਂ ਇਲਾਵਾ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਦੇ ਨਾਮ ’ਤੇ ਵੀ ਚੋਣਾਂ ਵਿਚ ਉਤਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਥੋਂ ਤਕ ਪਰਗਟ ਸਿੰਘ ਦੇ ਨਾਮ ’ਤੇ ਚੋਣ ਲੜੀ ਜਾਵੇਗੀ। ਹਰੀਸ਼ ਰਾਵਤ ਨੇ ਕਿਹਾ ਕਿ ਪਰਗਟ ਸਿੰਘ ਹਾਕੀ ਦੇ ਕਪਤਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋਰ ਵੀ ਕਈ ਉੱਘੇ ਚਿਹਰੇ ਹਨ ਜਿਨ੍ਹਾਂ ਦੇ ਨਾਂ ਨੂੰ ਚੋਣਾਂ ਵਿਚ ਵਰਤਿਆ ਜਾਵੇਗਾ।
ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ਪ੍ਰਗਟ ਸਿੰਘ ਨੇ ਰਾਵਤ ਨੂੰ ਘੇਰਦਿਆਂ ਕਿਹਾ ਸੀ ਕਿ ਕਰੀਬ ਦੋ ਮਹੀਨੇ ਪਹਿਲਾਂ ਸਾਰੇ ਵਿਧਾਇਕ ਦਿੱਲੀ ਵਿਖੇ ਖੜ੍ਹਗੇ ਕਮੇਟੀ ਨਾਲ ਮਿਲੇ ਸਨ ਤਾਂ ਤੈਅ ਹੋਇਆ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ’ਚ ਲੜੀਆਂ ਜਾਣਗੀਆਂ, ਹੁਣ ਜੇਕਰ ਹਰੀਸ਼ ਰਾਵਤ ਇਹ ਕਹਿ ਰਹੇ ਹਨ ਕਿ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਫ਼ੈਸਲਾ ਕਦੋ ਹੋਇਆ। ਹਰੀਸ਼ ਰਾਵਤ ਨੂੰ ਆਪਣੇ ਬਿਆਨ ’ਤੇ ਸਫ਼ਾਈ ਦੇਣੀ ਚਾਹੀਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਿੱਧੂ ਦੇ ਖੇਮੇ ’ਤੇ ਹਰੀਸ਼ ਰਾਵਤ ਸਖ਼ਤ ਰਵੱਈਆ ਵਰਤ ਰਹੇ ਹਨ। ਸਿੱਧੂ ਦੇ ਖੇਮੇ ਦੇ 4 ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਹਰੀਸ਼ ਰਾਵਤ ਨੇ ਕਹਿ ਦਿੱਤਾ ਸੀ ਕਿ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀਆਂ ਜਾਣਗੀਆਂ। ਸਿੱਧੂ ਦੇ ਸਲਾਹਕਾਰਾਂ ਲਈ ਵੀ ਬੋਲੇ ਸਨ ਕਿ ਸਿੱਧੂ ਨਹੀਂ ਹਟਾਉਣਗੇ ਤਾਂ ਅਸੀਂ ਹਟਾ ਦੇਵਾਂਗੇ। ਇਸ ਨਾਲ ਸਿੱਧੂ ਖੇਮੇ ਨਾਰਾਜ਼ ਹੈ।
ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਇੱਟ ਨਾਲ ਇੱਟ ਖੜ੍ਹਕਾਉਣ ਦੇ ਬਿਆਨ ’ਤੇ ਵੀ ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਦਾ ਇਹ ਬਿਆਨ ਸੋਨੀਆ ਗਾਂਧੀ, ਰਾਹੁਲ ਗਾਂਧੀ ਜਾਂ ਪਾਰਟੀ ਹਾਈਕਮਾਨ ਲਈ ਨਹੀਂ ਸੀ ਸਗੋਂ ਪ੍ਰਧਾਨ ਨੇ ਉਹ ਗੱਲ ਹਰੀਸ਼ ਰਾਵਤ ਲਈ ਕਹੀ ਸੀ, ਕਿਉਂਕਿ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ।