ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤਹਿਸੀਲ ਅਧੀਨ ਆਉਂਦੇ ਪਿੰਡ ਸੈਲਾ ਖੁਰਦ ਵਿੱਚ ਚੱਲ ਰਹੀ ਪੇਪਰ ਮਿੱਲ ਤੋਂ ਲੋਕਾਂ ਨੁੰ ਪੇਸ਼ ਆ ਰਹੀ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਲਿਖੀ ਗਈ ਚਿੱਠੀ ਤੇ ਕਾਰਵਾਈ ਕਰਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਮੁੱਖ ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੂੰ ਮਾਮਲੇ ਚ ਫੌਰੀ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ।

ਉੱਥੇ ਹੀ, ਐਮ.ਪੀ ਤਿਵਾੜੀ ਨੂੰ ਹਾਲ ਹੀ ਮਿਲੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਇੱਕ ਵਫ਼ਦ ਵਲੋਂ ਬਲਾਚੌਰ ਤਹਿਸੀਲ ਦੇ ਪਿੰਡ ਰੈਲ ਮਾਜਰਾ ਚ ਚੱਲ ਰਹੀ ਪੇਪਰ ਮਿੱਲ ਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਪੇਸ਼ ਆਉਣ ਸਬੰਧੀ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਜਾਂਚ ਦੀ ਮੰਗ ਕਰਦਿਆਂ, ਸੰਸਦ ਮੈੰਬਰ ਵਲੋਂ ਮੁੱਖ ਮੰਤਰੀ ਨੂੰ ਇੱਕ ਹੋਰ ਚਿੱਠੀ ਲਿਖੀ ਗਈ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਗੜ੍ਹਸ਼ੰਕਰ ਤਹਿਸੀਲ ਦੇ ਕਈ ਪਿੰਡਾਂ ਦੇ ਵਫ਼ਦ ਨੇ ਐੱਮ.ਪੀ ਤਿਵਾੜੀ ਨੂੰ ਮਿਲ ਕੇ ਪਿੰਡ ਸੈਲਾ ਖੁਰਦ ਵਿੱਚ ਚੱਲ ਰਹੀ ਪੇਪਰ ਮਿੱਲ ਤੋਂ ਪ੍ਰਦੂਸ਼ਣ ਫੈਲਣ ਕਾਰਨ ਉਥੇ ਰਹਿੰਦੇ ਲੋਕਾਂ ਅਤੇ ਪਸ਼ੂਆਂ ਨੂੰ ਗੰਭੀਰ ਨੁਕਸਾਨ ਪਹੁੰਚਾਣ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਜਿਸ ਤੋਂ ਬਾਅਦ ਐਮ.ਪੀ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਮਾਮਲੇ ਚ ਕਾਰਵਾਈ ਦੀ ਮੰਗ ਕੀਤੀ ਸੀ।

ਜਦਕਿ ਹਾਲ ਹੀ ਵਿੱਚ ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਦੋਂ ਬਲਾਚੌਰ ਤਹਿਸੀਲ ਦੇ ਲੋਕਾਂ ਨੇ ਪਿੰਡ ਰੈਲ ਮਾਜਰਾ ਚ ਚੱਲ ਰਹੀ ਪੇਪਰ ਮਿੱਲ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਕਾਰਨ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਹੋਣ ਦਾ ਦੋਸ਼ ਲਾਇਆ। ਜਿਸ ਤੇ ਐਮ.ਪੀ ਤਿਵਾਡ਼ੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕੀਤਾ ਜਾਵੇਗਾ।

Spread the love