ਚੰਡੀਗੜ੍ਹ ,02 ਸਤੰਬਰ

ਪਿਛਲੇ ਕਈ ਦਿਨਾਂ ਤੋਂ ਪੰਜਾਬ ਕੈਬਨਿਟ ‘ਚ ਫੇਰਬਦਲ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਸਨ।

ਕਈ ਤਰਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਪਰ ਹੁਣ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬ ਕੈਬਨਿਟ ‘ਚ ਕਿਸੇ ਤਰ੍ਹਾਂ ਦਾ ਫੇਰਬਦਲ ਨਹੀਂ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਸਾਫ਼ ਕਿਹਾ ਹੈ ਕਿ ਪੰਜਾਬ ਕੈਬਨਿਟ ‘ਚ ਕਿਸੇ ਤਰ੍ਹਾਂ ਦਾ ਫੇਰਬਦਲ ਨਹੀਂ ਹੋ ਰਿਹਾ।

ਰਵੀਨ ਠੁਕਰਾਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵਿਚਾਲੇ ਹੋਈ ਬੈਠਕ ‘ਚ ਕੈਬਨਿਟ ਫੇਰਬਦਲ ਦਾ ਮੁੱਦਾ ਨਾ ਤਾਂ ਚੁੱਕਿਆ ਗਿਆ ਅਤੇ ਨਾ ਹੀ ਵਿਚਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ‘ਚ ਕਿਸੇ ਮੰਤਰੀ ਨੂੰ ਹਟਾਉਣ ਜਾਂ ਬਰਕਰਾਰ ਰੱਖਣ ਦਾ ਸਵਾਲ ਆਖ਼ਰ ਹੈ ਹੀ ਕਿੱਥੇ ?

ਰਵੀਨ ਠੁਕਰਾਲ ਨੇ ਆਪਣੇ ਟਵੀਟ ‘ਚ ਕਿਹਾ ਕਿ ਕੈਬਨਿਟ ‘ਚ ਕੋਈ ਵੀ ਤਬਦੀਲੀ ਉਚਿਤ ਸਮੇਂ ‘ਤੇ ਸਹੀ ਸਲਾਹ-ਮਸ਼ਵਰੇ ਤੋਂ ਬਾਅਦ ਹੀ ਹੋਵੇਗੀ। ਦੱਸ ਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਕਿਸੇ ਵੇਲੇ ਵੀ ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ ਹੋ ਸਕਦਾ ਹੈ ਪਰ ਕੈਪਟਨ ਦੇ ਮੀਡੀਆ ਸਲਾਹਕਾਰ ਦੇ ਟਵੀਟ ਪਿੱਛੋਂ ਹੁਣ ਇਹ ਤਾਂ ਸਾਫ਼ ਹੈ ਕਿ ਇਹ ਫੇਰਬਦਲ ਫਿਲਹਾਲ ਸੰਭਵ ਨਹੀਂ ਹੈ।

Spread the love