ਚੰਡੀਗੜ੍ਹ, 02 ਸਤੰਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਬਿਜਲੀ ਮਹਿਕਮੇ (ਪਾਵਰਕੌਮ) ਵੱਲੋਂ ਸਹਾਇਕ ਲਾਇਨਮੈਨ ਦੀਆਂ ਆਸਾਮੀਆਂ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਨਜ਼ਰ ਅੰਦਾਜ਼ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਦੀ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਪਾਵਰਕੌਮ ਵੱਲੋਂ ਸਹਾਇਕ ਲਾਇਨਮੈਨਾਂ ਦੀਆਂ ਨੌਕਰੀਆਂ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਤੋਂ ਛੋਟ ਮੰਗਣਾ ਕਾਂਗਰਸ ਸਰਕਾਰ ਦੀ ਔਰਤਾਂ ਪ੍ਰਤੀ ਸੌੜੀ ਸੋਚ ਨੂੰ ਨੰਗਾ ਕਰਦਾ ਹੈ।

ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਬੀਬੀ ਮਾਣੂੰਕੇ ਨੇ ਕਿਹਾ ਕਿ ਸਹਾਇਕ ਲਾਇਨਮੈਨ ਆਸਾਮੀਆਂ ਦੀਆਂ ਭਰਤੀ ’ਚੋਂ ਔਰਤਾਂ ਨੂੰ ਬਾਹਰ ਰੱਖਣਾ ਗਲਤ ਹੈ।

ਉਨ੍ਹਾਂ ਕਿਹਾ ਜੇ 2016 ਅਤੇ 2019 ਵਿੱਚ ਔਰਤਾਂ ਸਹਾਇਕ ਲਾਇਨਮੈਨ ਦੀ ਨੌਕਰੀ ਪ੍ਰਾਪਤ ਕਰ ਸਕਦੀਆਂ ਹਨ ਤਾਂ ਹੁਣ ਕਿਸਾ ਆਧਾਰ ’ਤੇ ਪਾਵਰਕੌਮ ਔਰਤਾਂ ਦੇ ਰਾਖਵਾਂਕਰਨ ਤੋਂ ਛੋਟ ਮੰਗ ਰਿਹਾ ਹੈ? ਉਨ੍ਹਾਂ ਕਿਹਾ ਕਿ ਹਲਾਂਕਿ ਸਹਾਇਕ ਲਾਇਨਮੈਨਾਂ ਦੀ ਮੁੱਖ ਡਿਊਟੀ ਖੰਭਿਆਂ ’ਤੇ ਚੜ੍ਹ ਕੇ ਕੰਮ ਕਰਨਾ ਨਹੀਂ ਹੈ, ਫਿਰ ਵੀ ਜਦੋਂ ਸਾਡੀਆਂ ਲੜਕੀਆਂ ਹਿਮਾਲਿਆ ਪਰਬਤ ’ਤੇ ਚੜ੍ਹ ਸਕਦੀਆਂ ਹਨ ਤਾਂ ਖੰਭਾ ਕੀ ਚੀਜ਼ ਹੈ?

ਜੇ ਲੜਕੀਆਂ ਕੋਲ ਯੋਗਤਾ ਹੈ ਤਾਂ ਉਹ ਕੰਮ ਕਿਉਂ ਨਹੀਂ ਕਰ ਸਕਦੀਆਂ? ਮਾਣੂੰਕੇ ਨੇ ਨਾਲ ਹੀ ਕਿਹਾ ਜੇਕਰ ਜਾਰੀ ਕੀਤੀਆਂ ਆਸਾਮੀਆਂ ਵਿੱਚ ਯੋਗ ਲੜਕੀਆਂ ਵੱਲੋਂ 33 ਫ਼ੀਸਦੀ ਰਾਖਵੇਂਕਰਨ ਦੇ ਅਨੁਪਾਤ ਤੋਂ ਘੱਟ ਅਰਜੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਉਨ੍ਹਾਂ ਕੀ ਜਗ੍ਹਾ ਪੁਰਸ਼ ਉੁਮੀਦਵਾਰ ਭਰਤੀ ਕੀਤੇ ਜਾ ਸਕਦੇ ਹਨ, ਪ੍ਰੰਤੂ ਲੜਕੀਆਂ ਨੂੰ ਭਰਤੀ ਪ੍ਰਕਿਰਿਆ ਤੋਂ ਹੀ ਬਾਹਰ ਰੱਖਣਾ ਔਰਤ ਵਿਰੋਧੀ ਮਾਨਸਿਕਤਾ ਵਾਲਾ ਫ਼ੈਸਲਾ ਹੋਵੇਗਾ।

ਵਿਧਾਇਕਾ ਮਾਣੂੰਕੇ ਨੇ ਕਿਹਾ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਸਰਕਾਰੀ ਨੌਕਰੀ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸੇ ਲਈ ਸੰਵਿਧਾਨ ਵਿੱਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਜਦੋਂ ਸਰਕਾਰਾਂ ਨੇ ਕਾਨੂੰਨਾਂ ਰਾਹੀਂ ਔਰਤਾਂ ਨੂੰ ਸਰਕਾਰੀ ਨੌਕਰੀਆਂ ’ਚ 33 ਫ਼ੀਸਦੀ ਦੇੇ ਅਧਿਕਾਰ ਦਿੱਤੇ ਹਨ ਤਾਂ ਪਾਵਰਕੌਮ ਨੂੰ ਇਹ ਅਧਿਕਾਰ ਖ਼ਤਮ ਨਹੀਂ ਕਰਨੇ ਚਾਹੀਦੇ।

‘ਆਪ’ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਯਕੀਨੀ ਬਣਾਇਆ ਜਾਵੇ।

Spread the love