02 ਸਤੰਬਰ

ਦੇਸ਼ ਵਿੱਚ ਅਗਲੇ ਸਾਲ ਸ਼ੁਰੂ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਣੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਚੋਣ ਕਮਿਸ਼ਨ ਨੇ ਇਨ੍ਹਾਂ ਸੂਬਿਆਂ ਵਿੱਚ ਚੋਣਾਂ ਕਰਾਉਣ ਤੋਂ ਅਸਮਰੱਥਾ ਜਤਾਈ ਹੈ।

ਚੋਣ ਕਮਿਸ਼ਨ ਨੂੰ ਡਰ ਹੈ ਕਿ ਉਹ ਅਗਲੇ ਸਾਲ ਗੋਆ, ਮਣੀਪੁਰ, ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਕਰਵਾ ਸਕੇਗਾ ਕਿਉਂਕਿ ਈਵੀਐਮ ਅਜੇ ਤੱਕ ਅਸਾਮ, ਕੇਰਲਾ, ਤਾਮਿਲਨਾਡੂ, ਦਿੱਲੀ, ਪੁਡੂਚੇਰੀ ਤੇ ਪੱਛਮੀ ਬੰਗਾਲ ਵਿੱਚ ਹਨ। ਕਮਿਸ਼ਨ ਨੇ ਇਸ ਬਾਰੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੈ।

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਛੇ ਸੂਬਿਆਂ ਵਿੱਚ ਫਸੀਆਂ ਈਵੀਐਮ ਦੀ ਮੁੜ ਵਰਤੋਂ ਦੀ ਇਜਾਜ਼ਤ ਲਈ ਪਟੀਸ਼ਨ ਦਾਇਰ ਕੀਤੀ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਅਸਾਮ, ਕੇਰਲਾ, ਦਿੱਲੀ, ਪੁਡੂਚੇਰੀ, ਤਾਮਿਲਨਾਡੂ ਤੇ ਪੱਛਮੀ ਬੰਗਾਲ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਈਵੀਐਮ ਇਨ੍ਹਾਂ ਸੂਬਿਆਂ ‘ਚ ਪਈਆਂ ਹਨ।

ਕਮਿਸ਼ਨ ਨੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਨੂੰ ਹਰ ਸੂਬੇ ਦੇ ਉੱਚ ਅਦਾਲਤਾਂ ਵਿੱਚ ਚੋਣ ਪਟੀਸ਼ਨਾਂ ਦਾਇਰ ਕਰਨ ਦੀ ਸਮਾਂ ਸੀਮਾ ਤੈਅ ਕਰਨੀ ਚਾਹੀਦੀ ਹੈ, ਤਾਂ ਜੋ ਈਵੀਐਮ ਨੂੰ ਅੱਗੇ ਵਰਤੋਂ ਲਈ ਮੁਕਤ ਕੀਤਾ ਜਾ ਸਕੇ। ਕਮਿਸ਼ਨ ਦੇ ਬਿਆਨ ਨੂੰ ਸੁਣਨ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਸ ਪਟੀਸ਼ਨ ‘ਤੇ ਅਗਲੇ ਹਫਤੇ ਸੁਣਵਾਈ ਹੋਵੇਗੀ।

Spread the love